ਹੇਗੜੇ ਦੇ ਬਿਆਨ ਨੂੰ ਲੈ ਕੇ ਸੰਸਦ 'ਚ ਹੰਗਾਮਾ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਵਿਰੋਧੀ ਧਿਰ ਦੇ ਹੰਗਾਮੇ ਕਾਰਨ ਅੱਜ ਵੀ ਸੰਸਦ ਦੀ ਕਾਰਵਾਈ ਵਿੱਚ ਵਿਘਨ ਪਿਆ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵਿਚਾਲੇ ਆ ਗਏ ਅਤੇ ਉਹਨਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਸੁਮਿੱਤਰਾ ਮਹਾਜਨ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸ਼ਾਂਤ ਹੋਣ ਅਤੇ ਆਪਣੀਆਂ ਸੀਟਾਂ 'ਤੇ ਬੈਠਣ ਦੀ ਕਈ ਵਾਰ ਅਪੀਲ ਕੀਤੀ, ਪਰ ਜਦੋਂ ਰੌਲਾ-ਰੱਪਾ ਜਾਰੀ ਰਿਹਾ ਤਾਂ ਉਹਨਾਂ ਨੂੰ ਸਦਨ ਦੀ ਕਾਰਵਾਈ ਪਹਿਲਾ 12 ਵਜੇ ਤੱਕ ਤੇ ਫਿਰ 2 ਵਜੇ ਤੱਕ ਮੁਲਤਵੀ ਕਰਨੀ ਪਈ। ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਦੇ ਧਰਮ-ਨਿਰਪੱਖਤਾ ਅਤੇ ਸੰਵਿਧਾਨ ਬਾਰੇ ਬਿਆਨ ਦੇ ਕੇ ਵਿਵਾਦਾਂ 'ਚ ਘਿਰ ਗਏ। ਇਸ ਵਿਵਾਦ ਕਾਰਨ ਸੰਸਦ ਦਾ ਬੁੱਧਵਾਰ ਦਾ ਦਿਨ ਹੰਗਾਮਿਆਂ ਦੀ ਭੇਟ ਚੜ੍ਹ ਗਿਆ। ਹੰਗਾਮਿਆਂ ਕਾਰਨ ਲੋਕ ਸਭਾ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਅਤੇ ਬਾਅਦ 'ਚ 2 ਵਜੇ ਤੱਕ ਮੁਲਤਵੀ ਕਰਨੀ ਪਈ।
ਮੰਗਲਵਾਰ ਨੂੰ ਮੰਤਰੀ ਅਨੰਤ ਕੁਮਾਰ ਹੇਗੜੇ ਨੇ ਕਿਹਾ ਸੀ ਕਿ ਜਿਹੜੇ ਲੋਕ ਧਰਮ-ਨਿਰਪੱਖ ਹੋਣ ਦਾ ਦਾਅਵਾ ਕਰ ਰਹੇ ਹਨ, ਉਹਨਾਂ ਬਾਰੇ ਸ਼ੱਕ ਪੈਦਾ ਹੁੰਦਾ ਹੈ ਕਿ ਉਹ ਕੌਣ ਹਨ। ਹੇਗੜੇ ਨੇ ਇਹ ਵੀ ਕਿਹਾ ਸੀ ਕਿ ਉਹ ਸੰਵਿਧਾਨ ਦਾ ਸਨਮਾਨ ਕਰਦੇ ਹਨ, ਪਰ ਆਉਣ ਵਾਲੇ ਦਿਨਾਂ 'ਚ ਇਸ ਨੂੰ ਬਦਲਣਾ ਪਵੇਗਾ। ਪੰਜ ਵਾਰ ਦੇ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਸ੍ਰੀ ਹੇਗੜੇ ਦੇ ਇਸ ਬਿਆਨ ਨੂੰ ਲੈ ਕੇ ਬੁੱਧਵਾਰ ਨੂੰ ਸੰਸਦ 'ਚ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਇੱਕਮੁੱਠਤਾ ਦਾ ਸਬੂਤ ਦਿੰਦਿਆਂ ਸਦਨ 'ਚ ਰੌਲਾ-ਰੱਪਾ ਪਾਇਆ ਅਤੇ ਉਹਨਾ ਦੇ ਅਸਤੀਫੇ ਦੀ ਮੰਗ ਕੀਤੀ।
ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੇ ਕਿਸੇ ਆਗੂ ਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਹੈ ਤਾਂ ਉਸ ਨੂੰ ਸੰਸਦ ਮੈਂਬਰ ਬਣੇ ਰਹਿਣ ਦਾ ਕੋਈ ਹੱਕ ਨਹੀਂ।
ਉਧਰ ਸਰਕਾਰ ਨੇ ਅਨੰਤ ਕੁਮਾਰ ਹੇਗੜੇ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ। ਸਰਕਾਰ ਨੇ ਕਿਹਾ ਕਿ ਹੇਗੜੇ ਦੇ ਬਿਆਨ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ। ਸੰਸਦ ਦਾ ਸਰਦ ਰੁੱਤ ਸਮਾਗਮ ਹੰਗਾਮਿਆਂ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਗੁਜਰਾਤ ਚੋਣਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁੱਧ ਕੀਤੀ ਗਈ ਸਖਤ ਟਿੱਪਣੀ ਲਈ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਤੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਇਸ ਗੱਲ 'ਤੇ ਅੜ ਗਈ ਹੈ ਕਿ ਸ੍ਰੀ ਮੋਦੀ ਇਸ ਟਿੱਪਣੀ ਲਈ ਪਹਿਲਾਂ ਮਾਫੀ ਮੰਗਣ ਤਾਂ ਹੀ ਸੰਸਦ ਦੀ ਕਾਰਵਾਈ ਚੱਲਣ ਦਿੱਤੀ ਜਾਵੇਗੀ।
ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸੰਸਦ ਦੀ ਕਾਰਵਾਈ ਮੁੜ ਸ਼ੁਰੂ ਹੋਈ। ਸਰਦ ਰੁੱਤ ਸਮਾਗਮ ਦਾ ਲੱਗਭੱਗ ਅੱਧ ਤੋਂ ਵੱਧ ਸਮਾਂ ਨਿਕਲ ਚੁੱਕਿਆ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਰਦ ਰੁੱਤ ਸਮਾਗਮ ਦੌਰਾਨ ਅਜੇ ਤੱਕ ਕੋਈ ਬਹੁਤਾ ਕੰਮ ਨਹੀਂ ਹੋ ਸਕਿਆ। ਵਿਰੋਧੀ ਧਿਰ ਵੱਲੋਂ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਨੂੰ ਧਰਮ-ਨਿਰਪੱਖਤਾ ਬਾਰੇ ਕੀਤੀਆਂ ਗਈਆਂ ਗਲਤ ਟਿੱਪਣੀਆਂ ਲਈ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਮੁੱਦੇ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਭਾਰੀ ਹੰਗਾਮਾ ਹੋਇਆ। ਲੋਕ ਸਭਾ ਦੀ ਕਾਰਜ ਸੂਚੀ ਮੁਤਾਬਕ ਅੱਜ ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ ਪੇਸ਼ ਕੀਤਾ ਜਾਣਾ ਹੈ। ਇਸ ਮਹੀਨੇ ਦੇ ਅੱਧ ਵਿੱਚ ਕੇਂਦਰੀ ਵਜ਼ਾਰਤ ਨੇ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਰਾਜ ਸਭਾ ਨੇ ਆਈ ਆਈ ਐੱਮ ਬਿੱਲ ਅਤੇ ਕੰਪਨੀ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਦੋਵੇਂ ਬਿੱਲ ਲੋਕ ਸਭਾ ਪਹਿਲਾਂ ਹੀ ਪਾਸ ਕਰ ਚੁੱਕੀ ਹੈ। ਇਸ ਮਹੀਨੇ ਦੀ 15 ਤਰੀਕ ਨੂੰ ਸ਼ੁਰੂ ਹੋਇਆ ਸਰਦ ਰੁੱਤ ਸਮਾਗਮ 5 ਜਨਵਰੀ ਤੱਕ ਚੱਲੇਗਾ।
ਓਧਰ ਰਾਜ ਸਭਾ ਵਿੱਚ ਵੀ ਰੌਲੇ-ਰੱਪੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਸੇ ਦੌਰਾਨ ਕੇਂਦਰੀ ਮੰਤਰੀ ਵਿਜੇ ਗੋਇਲ ਨੇ ਕਿਹਾ ਕਿ ਸਰਕਾਰ ਅਨੰਤ ਹੇਗੜੇ ਦੇ ਬਿਆਨ ਨਾਲ ਸਹਿਮਤ ਨਹੀਂ।