Latest News
ਪਾਕਿਸਤਾਨ ਦਾ ਅਮਾਨਵੀ ਵਿਹਾਰ

Published on 28 Dec, 2017 11:45 AM.

ਭਾਰਤ ਨਾਲੋਂ 15 ਅਗਸਤ 1947 ਨੂੰ ਵੱਖ ਹੋ ਕੇ ਧਰਮ ਦੇ ਆਧਾਰ ਉੱਤੇ ਆਜ਼ਾਦ ਰਾਜ ਵਜੋਂ ਹੋਂਦ ਵਿੱਚ ਆਏ ਪਾਕਿਸਤਾਨ ਦੇ ਸ਼ਾਸਕਾਂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪੁਰਾਣੀ ਲੋਕ ਕਹਾਵਤ 'ਕੁੜਮ ਕੁਪੱਤਾ ਹੋਵੇ, ਗੁਆਂਢ ਕੁਪੱਤਾ ਨਾ ਹੋਵੇ' ਦੇ ਉਲਟ ਵਿਹਾਰ ਕਰਦੇ ਹੋਏ ਸਾਡੇ ਪ੍ਰਤੀ ਵੈਰ-ਭਾਵੀ ਵਤੀਰਾ ਅਪਣਾ ਰੱਖਿਆ ਹੈ। ਹੁਣ ਤੱਕ ਪਾਕਿਸਤਾਨ ਭਾਰਤ ਦੇ ਖ਼ਿਲਾਫ਼ ਤਿੰਨ ਸਿੱਧੀਆਂ ਅਤੇ ਇੱਕ ਵਾਰ ਅਸਿੱਧੀ ਜੰਗ ਲੜ ਚੁੱਕਾ ਹੈ ਤੇ ਹਾਲੇ ਵੀ ਇਹ ਅਮਲ ਜਾਰੀ ਹੈ। ਹੁਣ ਤਾਂ ਉਸ ਨੇ ਸਾਰੇ ਹੱਦਾਂ-ਬੰਨੇ ਹੀ ਟੱਪ ਲਏ ਹਨ। ਕਹਿਣ ਦਾ ਭਾਵ ਇਹ ਕਿ ਉਸ ਨੇ ਚੰਗੇ ਗੁਆਂਢੀਆਂ ਵਾਲਾ ਵਿਹਾਰ ਕਰਨ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਰੱਖਿਆ ਹੈ। ਇਸ ਦੇ ਪ੍ਰਗਟਾਵੇ ਉਸ ਵੱਲੋਂ ਅਕਸਰ ਕੀਤੇ ਜਾਂਦੇ ਆ ਰਹੇ ਹਨ, ਪਰ ਹੁਣ ਉਸ ਨੇ ਆਪਣੀ ਹਿਰਾਸਤ ਵਿੱਚ ਲਏ ਭਾਰਤੀ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਉਸ ਦੀ ਮਾਂ ਅਵੰਤਿਕਾ ਜਾਧਵ ਅਤੇ ਪਤਨੀ ਚੇਤਨਾ ਜਾਧਵ ਨਾਲ ਮੁਲਾਕਾਤ ਸਮੇਂ ਜੋ ਵਿਹਾਰ ਕੀਤਾ ਹੈ, ਉਸ ਨੇ ਉਥੋਂ ਦੇ ਹਾਕਮਾਂ ਦੇ ਅਸਲ ਚਿਹਰੇ ਨੂੰ ਪੂਰੀ ਤਰ੍ਹਾਂ ਨੰਗਾ ਕਰ ਕੇ ਰੱਖ ਦਿੱਤਾ ਹੈ।
ਇਹ ਮੁਲਾਕਾਤ ਇਸਲਾਮਾਬਾਦ ਵਿਖੇ ਸਥਿਤ ਵਿਦੇਸ਼ ਮੰਤਰਾਲੇ ਦੀ ਇਮਾਰਤ ਵਿੱਚ ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ ਦੇ ਇੱਕੀ ਮਹੀਨਿਆਂ ਪਿੱਛੋਂ ਹੋਈ। ਇਸ ਦੌਰਾਨ ਪਾਕਿਸਤਾਨ ਦੇ ਸ਼ਾਸਕਾਂ ਵੱਲੋਂ ਅਪਣਾਏ ਗਏ ਢੰਗ-ਤਰੀਕੇ ਬਾਰੇ ਕੌਮਾਂਤਰੀ ਭਾਈਚਾਰੇ ਵਿੱਚ ਕਾਫ਼ੀ ਬਦਨਾਮੀ ਹੋਈ ਹੈ। ਅੰਤਰ-ਰਾਸ਼ਟਰੀ ਮੀਡੀਆ ਇਸ ਪ੍ਰਕਾਰ ਦੇ ਅਣਮਨੁੱਖੀ ਰਵੱਈਏ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਕਰ ਰਿਹਾ ਹੈ।
ਬਿਨਾਂ ਸ਼ੱਕ ਪਾਕਿਸਤਾਨ ਨੇ ਲੰਮੀ ਜੱਦੋ-ਜਹਿਦ ਉਪਰੰਤ ਕੁਲਭੂਸ਼ਣ ਜਾਧਵ ਦੀ ਉਹਨਾ ਦੀ ਮਾਂ ਅਵੰਤਿਕਾ ਅਤੇ ਪਤਨੀ ਚੇਤਨਾ ਨਾਲ ਮੁਲਾਕਾਤ ਤਾਂ ਕਰਵਾ ਦਿੱਤੀ, ਪਰ ਇਸ ਸਮੇਂ ਉਹਨਾਂ ਦੋਵਾਂ ਨਾਲ ਜੋ ਸਲੂਕ ਕੀਤਾ, ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਸੀ। ਇਸ ਸਮੁੱਚੀ ਪ੍ਰਕਿਰਿਆ ਨੂੰ ਨਾ ਕੂਟਨੀਤੀ ਦੇ ਆਧਾਰ ਉੱਤੇ ਸਹੀ ਠਹਿਰਾਇਆ ਜਾ ਸਕਦਾ ਹੈ ਤੇ ਨਾ ਮਾਨਵਤਾ ਦੇ ਆਧਾਰ ਉੱਤੇ ਜਾਇਜ਼ ਕਿਹਾ ਜਾ ਸਕਦਾ ਹੈ। ਪਾਕਿਸਤਾਨ ਦੇ ਅਧਿਕਾਰੀਆਂ ਨੇ ਸੁਰੱਖਿਆ ਦੇ ਨਾਂਅ 'ਤੇ ਕੁਲਭੂਸ਼ਣ ਜਾਧਵ ਦੀ ਮਾਂ ਅਵੰਤਿਕਾ ਅਤੇ ਉਹਨਾ ਦੀ ਪਤਨੀ ਚੇਤਨਾ ਦੀਆਂ ਚੂੜੀਆਂ, ਬਿੰਦੀ ਤੇ ਮੰਗਲਸੂਤਰ ਤੱਕ ਲੁਹਾ ਲਏ। ਇੰਜ ਉਹਨਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪੁਚਾਈ ਗਈ। ਹੱਦ ਇਹ ਕਿ ਉਹਨਾ ਦੀ ਪਤਨੀ ਨੂੰ ਕੱਪੜੇ ਬਦਲਣ ਲਈ ਮਜਬੂਰ ਕੀਤਾ ਗਿਆ ਤੇ ਉਸ ਦੀ ਜੁੱਤੀ ਤੱਕ ਉੱਤਰਵਾ ਲਈ ਗਈ ਅਤੇ ਬਾਅਦ ਵਿੱਚ ਵਾਪਸ ਵੀ ਨਹੀਂ ਕੀਤੀ ਗਈ। ਹੁਣ ਪਾਕਿਸਤਾਨ ਦੇ ਬਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਇਸ ਬਾਰੇ ਇਹ ਕਿਹਾ ਗਿਆ ਹੈ ਕਿ ਜੁੱਤੀ ਇਸ ਕਰ ਕੇ ਰੱਖੀ ਗਈ, ਕਿਉਂਕਿ ਸਾਨੂੰ ਇਸ ਵਿੱਚ ਕੋਈ ਸ਼ੱਕੀ ਚੀਜ਼ ਹੋਣ ਦਾ ਅੰਦੇਸ਼ਾ ਸੀ। ਇਹ ਸਭ ਸੁਰੱਖਿਆ ਦੇ ਨਾਂਅ 'ਤੇ ਜ਼ਰੂਰੀ ਨਹੀਂ ਸੀ। ਇਸ ਮੁਲਾਕਾਤ ਦੇ ਮਾਧਿਅਮ ਰਾਹੀਂ ਮਨੁੱਖਤਾਵਾਦੀ ਚਿਹਰਾ ਪੇਸ਼ ਕਰਨ ਵਿੱਚ ਜੁੱਟੇ ਪਾਕਿਸਤਾਨ ਨੇ ਪੈਰ-ਪੈਰ 'ਤੇ ਕੁਲਭੂਸ਼ਣ ਦੀ ਮਾਂ ਅਤੇ ਪਤਨੀ ਨੂੰ ਹੱਦੋਂ ਵੱਧ ਅਪਮਾਨਤ ਕੀਤਾ।
ਮੁਲਾਕਾਤ ਲਈ ਜਿਵੇਂ ਹੀ ਮਾਂ ਅਤੇ ਪਤਨੀ ਨੂੰ ਕੁਲਭੂਸ਼ਣ ਦੇ ਸਾਹਮਣੇ ਲਿਆਂਦਾ ਗਿਆ, ਉਹ ਦੋਵੇਂ ਸ਼ੀਸ਼ੇ ਦੀ ਦੀਵਾਰ ਨੂੰ ਦੇਖ ਕੇ ਮਾਯੂਸ ਹੋ ਗਈਆਂ। ਇਸ ਦੌਰਾਨ ਕੁਲਭੂਸ਼ਣ ਦੀ ਪਤਨੀ ਭਾਵੁਕ ਹੁੰਦੀ ਰਹੀ ਤੇ ਉਸ ਨੂੰ ਗੱਲ ਕਰਨ ਦਾ ਬਹੁਤ ਹੀ ਥੋੜ੍ਹਾ ਸਮਾਂ ਮਿਲਿਆ। ਲੱਗਭੱਗ ਚਾਲੀ ਮਿੰਟਾਂ ਵਿੱਚ ਜ਼ਿਆਦਾ ਸਮਾਂ ਮਾਂ ਨੇ ਗੱਲਬਾਤ ਕੀਤੀ। ਖ਼ਾਸ ਗੱਲ ਇਹ ਕਿ ਮਾਤ-ਭਾਸ਼ਾ ਮਰਾਠੀ ਵਿੱਚ ਗੱਲ ਸ਼ੁਰੂ ਹੁੰਦੇ ਹੀ ਇੰਟਰਕਾਮ ਬੰਦ ਕਰ ਦਿੱਤਾ ਗਿਆ। ਤਦ ਕੁਲਭੂਸ਼ਣ ਇੱਕ ਵਾਰ ਤਾਂ ਬੇਚੈਨੀ ਨਾਲ ਕੁਰਸੀ ਤੋਂ ਵੀ ਉੱਠ ਕੇ ਖੜੇ ਹੋ ਗਏ। ਉਹਨਾ ਨੂੰ ਇਹ ਗੱਲਬਾਤ ਅੰਗਰੇਜ਼ੀ ਵਿੱਚ ਕਰਨ ਨੂੰ ਮਜਬੂਰ ਕੀਤਾ ਗਿਆ।
ਏਥੇ ਹੀ ਬੱਸ ਨਹੀਂ, ਇਸਲਾਮਾਬਾਦ ਸਥਿਤ ਉੱਪ ਹਾਈ ਕਮਿਸ਼ਨਰ ਜਦੋਂ ਪਰਵਾਰ ਦੇ ਨਾਲ ਉੱਥੇ ਪਹੁੰਚੇ ਤਾਂ ਉਹਨਾ ਨੂੰ ਸਾਰੀ ਗੱਲ ਸਾਫ਼ ਤੌਰ 'ਤੇ ਨਹੀਂ ਦੱਸੀ ਗਈ। ਉਹਨਾ ਨਾਲ ਕੋਈ ਵਿਚਾਰ-ਵਟਾਂਦਰਾ ਕੀਤੇ ਬਗ਼ੈਰ ਹੀ ਮਾਂ ਅਤੇ ਪਤਨੀ ਨੂੰ ਲਿਜਾਇਆ ਗਿਆ। ਬਾਅਦ ਵਿੱਚ ਜਦੋਂ ਉਹਨਾ ਨੇ ਦਬਾਅ ਪਾਇਆ ਤਾਂ ਉਹਨਾ ਨੂੰ ਉੱਥੇ ਲੈ ਜਾਇਆ ਗਿਆ। ਜਦੋਂ ਜਾਧਵ ਦੀ ਸ਼ੀਸ਼ੇ ਦੇ ਦੂਜੇ ਪਾਸੇ ਮਾਂ ਅਤੇ ਪਤਨੀ ਨਾਲ ਮੁਲਾਕਾਤ ਕਰਾਈ ਜਾ ਰਹੀ ਸੀ ਤਾਂ ਭਾਰਤ ਦੇ ਡਿਪਲੋਮੇਟਿਕ ਅਧਿਕਾਰੀ ਨੂੰ ਇੱਕ ਵਖਰੇ ਸ਼ੀਸ਼ੇ ਵਾਲੇ ਕਮਰੇ ਵਿੱਚੋਂ ਉਹਨਾ ਨੂੰ ਕੇਵਲ ਦੇਖਣ ਹੀ ਦਿੱਤਾ ਗਿਆ।
ਇਸ ਮੁਲਾਕਾਤ ਬਾਰੇ ਭਾਰਤ ਤੇ ਪਾਕਿਸਤਾਨ ਵਿੱਚ ਇਹ ਸਹਿਮਤੀ ਬਣੀ ਸੀ ਕਿ ਮੀਡੀਆ ਨੂੰ ਜਾਧਵ ਦੀ ਮਾਂ ਅਤੇ ਪਤਨੀ ਦੇ ਨੇੜੇ ਨਹੀਂ ਆਉਣ ਦਿੱਤਾ ਜਾਵੇਗਾ, ਪਰ ਪਾਕਿਸਤਾਨ ਨੇ ਪ੍ਰਚਾਰ-ਪ੍ਰਸਾਰ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੋਵਾਂ ਦੇ ਕਰੀਬ ਆਉਣ, ਉਹਨਾਂ ਨੂੰ ਪਰੇਸ਼ਾਨ ਕਰਨ, ਜਾਧਵ ਬਾਰੇ ਗ਼ਲਤ ਟਿੱਪਣੀ ਕਰਨ ਅਤੇ ਉਹਨਾ ਉੱਤੇ ਇਤਰਾਜ਼ ਯੋਗ ਦੋਸ਼ ਲਾਉਣ ਦੀ ਖੁੱਲ੍ਹ ਦੇ ਦਿੱਤੀ। ਬਦਕਿਸਮਤੀ ਨਾਲ ਪਾਕਿਸਤਾਨ ਦੇ ਪੱਤਰਕਾਰਾਂ ਨੇ ਸ਼ਿਸ਼ਟਾਚਾਰ ਤੋਂ ਸੱਖਣਾ ਆਚਰਣ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਕੁੱਲ ਮਿਲਾ ਕੇ ਇਹ ਸਮੁੱਚਾ ਘਟਨਾਕ੍ਰਮ ਅੱਤ ਦਾ ਨਿਖੇਧੀ ਯੋਗ ਰਿਹਾ।
ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨੇ ਵਾਪਸ ਦਿੱਲੀ ਪਰਤਣ 'ਤੇ ਬਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਮਿਲ ਕੇ ਦੱਸਿਆ ਕਿ ਉਹਨਾਂ ਦੀ ਮੁਲਾਕਾਤ ਦੌਰਾਨ ਕੁਲਭੂਸ਼ਣ ਪੂਰੀ ਤਰ੍ਹਾਂ ਘਬਰਾਇਆ ਹੋਇਆ ਸੀ। ਉਹਨਾਂ ਨੂੰ ਇੰਜ ਲੱਗ ਰਿਹਾ ਸੀ, ਜਿਵੇਂ ਉਸ ਨੂੰ ਕੋਈ ਨਸ਼ਾ ਦਿੱਤਾ ਗਿਆ ਹੋਵੇ। ਇਹੋ ਨਹੀਂ, ਉਨ੍ਹਾ ਦੇ ਚਿਹਰੇ ਤੇ ਕੰਨ ਦੇ ਹੇਠਾਂ ਸੱਟ ਦਾ ਨਿਸ਼ਾਨ ਸਾਫ਼ ਨਜ਼ਰ ਆ ਰਿਹਾ ਸੀ। ਇੰਜ ਕਰ ਕੇ ਪਾਕਿਸਤਾਨ ਦੇ ਹਾਕਮਾਂ ਨੇ ਜਨੇਵਾ ਤੇ ਵਿਆਨਾ ਕਨਵੈਨਸ਼ਨਾਂ ਦੀ ਘੋਰ ਉਲੰਘਣਾ ਕੀਤੀ ਹੈ।
ਜ਼ਿਕਰ ਯੋਗ ਹੈ ਕਿ ਠੰਢੀ ਜੰਗ ਜਦੋਂ ਆਪਣੀ ਸਿਖ਼ਰ 'ਤੇ ਸੀ, ਤਦ ਵੀ ਅਮਰੀਕਾ ਤੇ ਸੋਵੀਅਤ ਯੂਨੀਅਨ ਜਸੂਸੀ ਦੇ ਦੋਸ਼ ਦੇ ਤਹਿਤ ਗ੍ਰਿਫ਼ਤਾਰ ਕੀਤੇ ਗਏ ਇੱਕ ਦੂਜੇ ਦੇਸ ਦੇ ਨਾਗਰਿਕਾਂ ਦਾ ਤਬਾਦਲਾ ਕਰਦੇ ਰਹੇ ਸਨ ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਰਹੇ ਸਨ। ਇਸ ਸੰਬੰਧ ਵਿੱਚ ਉਹ ਕੂਟਨੀਤਕ ਸੰਬੰਧਾਂ ਨੂੰ ਲਗਾਤਾਰ ਬਣਾਈ ਰੱਖਦੇ ਸਨ ਤੇ ਇਸ ਬਾਰੇ ਚੱਜ-ਆਚਾਰ ਦਾ ਵੀ ਪੂਰਾ ਖ਼ਿਆਲ ਰੱਖਦੇ ਤੇ ਉਸ ਦੀ ਪਾਲਣਾ ਕਰਨ ਵਿੱਚ ਵੀ ਚੌਕੰਨੇ ਰਹਿੰਦੇ ਸਨ। ਚੰਗਾ ਹੁੰਦਾ, ਜੇ ਭਾਰਤ ਤੇ ਪਾਕਿਸਤਾਨ ਦੇ ਸ਼ਾਸਕ ਵੀ ਇਸ ਰਿਵਾਇਤ ਨੂੰ ਕਾਇਮ ਰੱਖਦੇ।

1070 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper