ਵਿਸਾਖੀ ਦੀ ਛੁੱਟੀ ਖਤਮ ਕਰਨ ਤੋਂ ਸ਼੍ਰੋਮਣੀ ਕਮੇਟੀ ਨਾਰਾਜ਼


ਅੰਮ੍ਰਿਤਸਰ (ਜਸਬੀਰ ਸਿੰਘ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਸਰਕਾਰ ਵੱਲੋਂ ਸਾਲਾਨਾ ਛੁੱਟੀਆਂ ਦੀ ਸੂਚੀ ਵਿੱਚੋਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੀ ਪ੍ਰਵਾਨਤ ਛੁੱਟੀ ਖ਼ਤਮ ਕਰਕੇ ਇਸ ਨੂੰ ਰਾਖਵੀਂਆਂ ਛੁੱਟੀਆਂ ਵਿੱਚ ਸ਼ਾਮਲ ਕਰਨ ਦੀ ਨਿੰਦਾ ਕੀਤੀ ਹੈ।
ਉਨ੍ਹਾ ਇਸ ਨੂੰ ਮੁੜ ਤੋਂ ਗਜ਼ਟਿਡ ਛੁੱਟੀਆਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਸੀ ਤੇ ਖ਼ਾਲਸਾ ਪੰਥ ਇਸ ਦਿਹਾੜੇ ਨੂੰ ਆਪਣੇ ਜਨਮ ਦਿਨ ਵਜੋਂ ਮਨਾਉਂਦਾ ਹੈ। ਸਿੱਖਾਂ ਦੀ ਬਹੁ-ਗਿਣਤੀ ਵਾਲੇ ਸੂਬੇ ਪੰਜਾਬ ਵਿੱਚ ਹੀ ਇਸ ਦਿਨ ਦੀ ਪ੍ਰਵਾਨਤ ਛੁੱਟੀ ਬੰਦ ਕਰ ਦੇਣੀ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਉਨ੍ਹਾ ਕੈਨੇਡਾ ਸਰਕਾਰ ਦਾ ਹਵਾਲਾ ਦਿੱਤਾ, ਜਿੱਥੇ ਸੰਸਦ ਵਿੱਚ ਖ਼ਾਲਸਾ ਸਾਜਨਾ ਦਿਵਸ ਨੂੰ ਮਨਾਉਣ ਦੀ ਪਹਿਲ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਜਾਰੀ ਕੀਤੀਆਂ ਛੁੱਟੀਆਂ ਦੀ ਸੂਚੀ ਵਿੱਚ ਤੁਰੰਤ ਸੋਧ ਕਰੇ ਤੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਦਿਹਾੜੇ ਦੀ ਪ੍ਰਵਾਨਤ ਛੁੱਟੀ ਬਹਾਲ ਕਰੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮ ਦੀ ਰੱਖਿਆ ਲਈ ਹੋਈ ਹੈ। ਉਨ੍ਹਾਂ ਆਪਣਾ ਸੀਸ ਵਾਰ ਕੇ ਸਮੇਂ ਦੀ ਹਕੂਮਤ ਵੱਲੋਂ ਜਬਰੀ ਤੌਰ 'ਤੇ ਕਰਵਾਈ ਜਾ ਰਹੀ ਧਰਮ ਤਬਦੀਲੀ ਨੂੰ ਰੋਕਿਆ। ਉਨ੍ਹਾ ਦੇ ਸ਼ਹੀਦੀ ਦਿਹਾੜੇ ਦੀ ਰਾਖਵੀਂ ਛੁੱਟੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਰਾਖਵੀਂ ਛੁੱਟੀ ਦੀ ਥਾਂ ਗਜ਼ਟਿਡ ਛੁੱਟੀ ਕਰਨ ਦੀ ਮੰਗ ਵੀ ਕੀਤੀ ਹੈ।