Latest News

ਦੋਸ਼ੀ ਬਖਸ਼ੇ ਨਹੀਂ ਜਾਣਗੇ!

Published on 01 Jan, 2018 10:29 AM.


ਭਾਰਤ ਦੀ ਆਰਥਕ ਰਾਜਧਾਨੀ ਕਹੇ ਜਾਂਦੇ ਮਹਾਂਨਗਰ ਮੁੰਬਈ ਦੇ ਕਮਲ ਮਿੱਲ ਕੰਪਲੈਕਸ ਵਿੱਚ ਅੱਗ ਲੱਗਣ ਦੀ ਤਾਜ਼ਾ ਵਾਪਰੀ ਘਟਨਾ ਕੋਈ ਪਹਿਲੀ ਘਟਨਾ ਨਹੀਂ। ਸ਼ਾਇਦ ਇਹ ਘਟਨਾ ਆਖ਼ਰੀ ਵੀ ਨਹੀਂ। ਅਸੀਂ ਇਹ ਗੱਲ ਪਿਛਲੇ ਤਜਰਬੇ ਦੇ ਆਧਾਰ ਉੱਤੇ ਕਹਿ ਸਕਦੇ ਹਾਂ। ਇਸ ਘਟਨਾ ਤੋਂ ਪਹਿਲਾਂ ਜਿੰਨੀਆਂ ਵੀ ਅਜਿਹੀਆਂ ਦੁੱਖਦਾਈ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਬਾਰੇ ਵੇਲੇ ਦੇ ਸ਼ਾਸਕਾਂ ਵੱਲੋਂ ਇੱਕੋ ਕਵਾਇਦ ਨਿਭਾਈ ਜਾਂਦੀ ਰਹੀ ਹੈ : ਘਟਨਾ ਦੀ ਜਾਂਚ ਕਰਵਾਈ ਜਾਵੇਗੀ, ਜਿਹੜੇ ਵੀ ਲੋਕ ਇਸ ਲਈ ਜ਼ਿੰਮੇਵਾਰ ਪਾਏ ਜਾਣਗੇ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ; ਅੱਗੋਂ ਲਈ ਅਜਿਹੀ ਘਟਨਾ ਨਾ ਵਾਪਰੇ, ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ; ਘਟਨਾ ਵਿੱਚ ਜ਼ਖ਼ਮੀ ਹੋਣ ਵਾਲਿਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ, ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਐਨਾ-ਐਨਾ ਮੁਆਵਜ਼ਾ ਦਿੱਤਾ ਜਾਵੇਗਾ, ਤੇ ਬੱਸ! ਅਜਿਹੀਆਂ ਘਟਨਾਵਾਂ ਦੇ ਸੰਬੰਧ ਵਿੱਚ ਦੇਸ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਾਰੇ ਗਏ ਲੋਕਾਂ ਦੇ ਸੋਗ ਗ੍ਰਸਤ ਪਰਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਵਿਰੋਧੀ ਰਾਜਸੀ ਪਾਰਟੀਆਂ ਦੇ ਮੁਖੀਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕ ਨਹੀਂ ਲੱਗ ਸਕੀ ਤੇ ਇਸ ਦੁੱਖਦਾਈ ਵਰਤਾਰੇ ਨੇ ਆਪਣੀ ਨਿਰੰਤਰਤਾ ਬਣਾਈ ਹੋਈ ਹੈ।
ਚਰਚਾ ਅਧੀਨ ਤਰਾਸਦੀ ਵਿੱਚ ਹੋਇਆ ਇਹ ਕਿ ਵੀਰਵਾਰ ਅੱਧੀ ਰਾਤ ਤੋਂ ਬਾਅਦ ਸਾਢੇ ਬਾਰਾਂ ਵਜੇ ਦੇ ਕਰੀਬ ਮੁੰਬਈ ਦੇ ਲੋਅਰ ਪਰੇਲ ਇਲਾਕੇ ਵਿੱਚ ਕਮਲਾ ਮਿੱਲ ਕੰਪਲੈਕਸ ਦੀ ਟਰੇਡ ਹਾਊਸ ਇਮਾਰਤ ਵਿੱਚ ਵੰਨ ਅਬਵ ਪੱਬ, ਜਿੱਥੇ ਜਨਮ ਦਿਨ ਪਾਰਟੀ ਚੱਲ ਰਹੀ ਸੀ, ਵਿੱਚ ਅੱਗ ਲੱਗ ਗਈ। ਅੱਗ ਦੀਆਂ ਲਾਟਾਂ ਏਨੀਆਂ ਭਿਆਨਕ ਸਨ ਕਿ ਬਾਂਸ ਤੇ ਪਲਾਸਟਿਕ ਨਾਲ ਬਣੇ ਵੰਨ ਅਬਵ ਪੱਬ ਨੂੰ ਸੁਆਹ ਕਰਦੀਆਂ ਹੋਈਆਂ ਹੇਠਲੀ ਮੰਜ਼ਲ ਉੱਤੇ ਸਥਿਤ ਮੋਜੋ ਬਿਸਟਰੋ ਅਤੇ ਲੰਡਨ ਟੈਕਸੀ ਪੱਬ ਤੱਕ ਪਹੁੰਚ ਗਈਆਂ। ਇਸ ਹਾਦਸੇ ਵਿੱਚ ਚੌਦਾਂ ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿੱਚ ਗਿਆਰਾਂ ਔਰਤਾਂ ਤੇ ਤਿੰਨ ਮਰਦ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਪਚਵੰਜਾ ਲੋਕ ਅੱਗ ਨਾਲ ਝੁਲਸ ਗਏ।
ਮੁੰਬਈ ਵਿੱਚ ਇੱਕੋ ਮਹੀਨੇ ਵਿੱਚ ਅੱਗ ਲੱਗਣ ਦੀ ਇਹ ਦੂਜੀ ਗੰਭੀਰ ਘਟਨਾ ਹੈ। ਪਹਿਲੀ ਘਟਨਾ ਅਠਾਰਾਂ ਦਸੰਬਰ ਨੂੰ ਸਾਕੀ ਨਾਕਾ-ਕੁਰਲਾ ਖੇਤਰ ਵਿੱਚ ਵਾਪਰੀ ਸੀ, ਜਿਸ ਵਿੱਚ ਬਾਰਾਂ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਕਿਉਂਕਿ ਇਹ ਬਸਤੀ ਗ਼ਰੀਬਾਂ ਦੀ ਸੀ, ਇਸ ਲਈ ਕਿਸੇ ਵੀ ਉੱਚ ਅਧਿਕਾਰੀ ਜਾਂ ਸਰਕਾਰ ਦੇ ਕਿਸੇ ਅਹਿਲਕਾਰ ਨੇ ਨਾ ਘਟਨਾ ਸਥਾਨ 'ਤੇ ਜਾਣਾ ਜ਼ਰੂਰੀ ਸਮਝਿਆ ਤੇ ਨਾ ਮ੍ਰਿਤਕਾਂ ਦੇ ਵਾਰਸਾਂ ਨਾਲ ਰਸਮੀ ਹਮਦਰਦੀ ਪ੍ਰਗਟ ਕਰਨ ਦੀ ਜ਼ਹਿਮਤ ਉਠਾਈ। ਇਸ ਦੇ ਉਲਟ ਕਮਲਾ ਮਿੱਲ ਕੰਪਲੈਕਸ ਵਾਲੀ ਘਟਨਾ ਕਿਉਂਕਿ ਪੌਸ਼ ਇਲਾਕੇ ਵਿੱਚ ਵਾਪਰੀ ਹੈ ਤੇ ਅਗਨੀ ਕਾਂਡ ਦੇ ਪੀੜਤ ਖਾਂਦੇ-ਪੀਂਦੇ ਪਰਵਾਰਾਂ ਨਾਲ ਸੰਬੰਧਤ ਹਨ, ਇਸ ਲਈ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਘਟਨਾ ਵਾਲੀ ਥਾਂ ਪਹੁੰਚੇ, ਉਨ੍ਹਾ ਦੇ ਮੰਤਰੀ-ਮੁਸ਼ੱਦੀ ਵੀ, ਕਮਿਸ਼ਨਰ, ਮੇਅਰ ਤੇ ਸ਼ਿਵ ਸੈਨਾ ਦੇ ਮੁਖੀ ਊਧਰ ਠਾਕਰੇ ਦੇ ਸਪੁੱਤਰ ਆਦਿੱਤਿਆ ਠਾਕਰੇ ਤੇ ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ।
ਭਿਆਨਕ ਅਗਨੀ ਕਾਂਡ ਦਾ ਇਹ ਮਾਮਲਾ ਲੋਕ ਸਭਾ ਵਿੱਚ ਵੀ ਉਠਿਆ। ਮਹਾਰਾਸ਼ਟਰ ਅਤੇ ਕੇਂਦਰ ਸਰਕਾਰ ਵਿੱਚ ਭਾਈਵਾਲ ਭਾਜਪਾ ਅਤੇ ਸ਼ਿਵ ਸੈਨਾ ਦੇ ਪਾਰਲੀਮੈਂਟ ਮੈਂਬਰ ਆਪਸ ਵਿੱਚ ਹੀ ਭਿੜ ਪਏ ਅਤੇ ਉਨ੍ਹਾਂ ਨੇ ਇੱਕ-ਦੂਜੇ ਵਿਰੁੱਧ ਗੰਭੀਰ ਇਲਜ਼ਾਮ ਲਗਾਏ। ਭਾਜਪਾ ਮੈਂਬਰ ਕੀਰੀਟ ਸੋਮੱਈਆ ਨੇ ਇਸ ਹਾਦਸੇ ਲਈ ਬੀ ਐੱਮ ਸੀ (ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ) ਨੂੰ ਜ਼ਿੰਮੇਵਾਰ ਠਹਿਰਾਇਆ, ਜਦੋਂ ਕਿ ਸ਼ਿਵ ਸੈਨਾ ਦੇ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਗ਼ੈਰ-ਕਨੂੰਨੀ ਉਸਾਰੀ ਵਿੱਚ ਸੋਮੱਈਆ ਦੇ ਦੋਸਤ ਤੇ ਨੇੜਲੇ ਲੋਕ ਸ਼ਾਮਲ ਹਨ ਅਤੇ ਇਸ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾ ਨੇ ਕਿਹਾ ਕਿ ਜਿੱਥੇ ਹਾਦਸਾ ਵਾਪਰਿਆ ਹੈ, ਉਹ ਕਿਸੇ ਕਮਿਸ਼ਨਰ ਦੀ ਜਾਇਦਾਦ ਹੈ। ਇਸ ਇਲਾਕੇ ਵਿੱਚ ਅਜਿਹੇ ਬਹੁਤ ਸਾਰੇ ਪੱਬ ਹਨ, ਜਿਨ੍ਹਾਂ ਵਿੱਚ ਕਈ ਸੋਮੱਈਆ ਦੇ ਦੋਸਤਾਂ ਦੇ ਹਨ। ਇਸ ਦੇ ਨਾਲ ਹੀ ਉਨ੍ਹਾ ਨੇ ਕਿਹਾ ਕਿ ਸਧਾਰਨ ਜਾਂਚ ਵਿੱਚ ਅਸਰ-ਰਸੂਖ ਰੱਖਣ ਵਾਲੇ ਲੋਕ ਬਚ ਜਾਣਗੇ, ਇਸ ਲਈ ਜ਼ਰੂਰੀ ਹੈ ਕਿ ਇਸ ਹਾਦਸੇ ਦੇ ਨਾਲ-ਨਾਲ ਦੂਜੇ ਪਹਿਲੂਆਂ ਦੀ ਜਾਂਚ ਵੀ ਕਰਵਾਈ ਜਾਏ।
ਭਾਵੇਂ ਕਈ ਲੋਕਾਂ ਵੱਲੋਂ ਕਮਲਾ ਮਿੱਲ ਕੰਪਲੈਕਸ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ, ਪਰ ਇਸ ਬਾਰੇ ਪੁਲਸ ਦਾ ਕਹਿਣਾ ਹੈ ਕਿ ਵੰਨ ਅਬਵ ਪੱਬ ਦੇ ਸੰਚਾਲਕਾਂ ਨੂੰ ਪਹਿਲਾਂ ਵੀ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਕਿ ਪੱਬ ਵਿੱਚ ਹੁੱਕਾ ਬਾਰ ਨਾ ਚਲਾਉਣ, ਪਰ ਉਨ੍ਹਾਂ ਨੇ ਇਸ ਨੂੰ ਅਣਡਿੱਠ ਕਰੀ ਰੱਖਿਆ। ਸ਼ੁਰੂਆਤੀ ਜਾਂਚ ਵਿੱਚ ਸੰਕੇਤ ਮਿਲੇ ਹਨ ਕਿ ਹੁੱਕੇ ਦੇ ਕਾਰਨ ਹੀ ਅੱਗ ਲੱਗੀ। ਇਹੋ ਨਹੀਂ, ਹੰਗਾਮੀ ਸਥਿਤੀ ਵਿੱਚ ਪੱਬ ਵਿੱਚ ਅੱਗ ਬੁਝਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਪੁਲਸ ਨੇ ਵੰਨ ਅਬਵ ਪੱਬ ਦੇ ਮਾਲਕ ਹਿਤੇਸ਼ ਸਿੰਘਵੀ, ਜਿਗਰ ਸਿੰਘਵੀ ਅਤੇ ਅਭੀਜੀਤ ਮਨਕਾ ਸਣੇ ਪੰਜ ਜਣਿਆਂ ਦੇ ਖ਼ਿਲਾਫ਼ ਗ਼ੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਇਹਨਾਂ ਵਿੱਚੋਂ ਦੋਂਹ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਹੈ।
ਇਸ ਅਗਨੀ ਕਾਂਡ ਬਾਰੇ ਰਾਜ ਸਭਾ ਮੈਂਬਰ ਅਤੇ ਅਦਾਕਾਰਾ ਜਯਾ ਬੱਚਨ ਨੇ ਕਿਹਾ ਹੈ ਕਿ ਕਮਲਾ ਮਿੱਲ ਕੰਪਲੈਕਸ ਇੱਕ ਭੁੱਲ-ਭੁਲੱਈਆ ਵਾਂਗ ਹੈ ਅਤੇ ਉਸ ਦੀਆਂ ਗਲੀਆਂ ਬਹੁਤ ਹੀ ਤੰਗ ਹਨ, ਇਸ ਲਈ ਸੁਭਾਵਕ ਤੌਰ ਉੱਤੇ ਉੱਥੇ ਲਾਪਰਵਾਹੀ ਹੋਈ ਹੈ। ਓਧਰ ਭਾਜਪਾ ਸਾਂਸਦ ਹੇਮਾ ਮਾਲਿਨੀ ਨੇ ਵਿਵਾਦ ਪੂਰਨ ਬਿਆਨ ਵਿੱਚ ਕਿਹਾ ਹੈ ਕਿ ਇਸ ਤਰ੍ਹਾਂ ਦੇ ਹਾਦਸੇ ਮੁੰਬਈ ਵਿੱਚ ਵਧਦੀ ਵੱਸੋਂ ਕਾਰਨ ਹੋ ਰਹੇ ਹਨ।
ਕਮਲਾ ਮਿੱਲ ਕੰਪਲੈਕਸ ਵਿੱਚ ਲੱਗੀ ਅੱਗ ਕਾਰਨ ਮੱਚੀ ਭਗਦੜ ਕਾਰਨ ਕਈ ਹੋਰ ਲੋਕਾਂ ਦੀਆਂ ਮੌਤਾਂ ਹੋ ਸਕਦੀਆਂ ਸਨ, ਜੇ ਇਨਸਾਨੀਅਤ ਪ੍ਰਤੀ ਫ਼ਰਜ਼ਾਂ ਨੂੰ ਪ੍ਰਣਾਏ ਮਹੇਸ਼ ਸਾਬਲੇ ਅਤੇ ਸੰਤੋਸ਼ ਗਿਰੀ ਦੇਵ ਦੂਤ ਬਣ ਕੇ ਸਾਹਮਣੇ ਨਾ ਆਉਂਦੇ। ਇਹਨਾਂ ਦੋਵਾਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਅੰਦਰੋਂ ਬੰਦ ਮੁੱਖ ਦਰਵਾਜ਼ੇ ਨੂੰ ਤੋੜ ਕੇ ਸੌ ਦੇ ਕਰੀਬ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ।
ਲਾਪਰਵਾਹੀ ਦੇ ਇਸ ਮਾਮਲੇ ਵਿੱਚ ਬੀ ਐੱਮ ਸੀ ਦੇ ਮੇਅਰ ਅਜਾਏ ਮਹਿਤਾ ਨੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਤੇ ਇਸ ਦੀ ਉੱਚ-ਪੱਧਰੀ ਜਾਂਚ ਦਾ ਆਦੇਸ਼ ਦਿੱਤਾ ਹੈ ਤੇ ਕਿਹਾ ਹੈ ਕਿ 'ਦੋਸ਼ੀ ਬਖਸ਼ੇ ਨਹੀਂ ਜਾਣਗੇ'।
ਸੁਆਲ ਪੈਦਾ ਹੁੰਦਾ ਹੈ ਕਿ ਵਾਰ-ਵਾਰ ਅਜਿਹੇ ਦੁਖਾਂਤ ਵਾਪਰ ਜਾਣ ਦੀ ਨੌਬਤ ਆਉਣ ਹੀ ਕਿਉਂ ਦਿੱਤੀ ਜਾਂਦੀ ਹੈ? ਇਹ ਵੀ ਕਿ ਗ਼ੈਰ-ਕਨੂੰਨੀ ਉਸਾਰੀਆਂ ਨੂੰ ਡੇਗਣ ਲਈ ਵੱਡੀ ਪੱਧਰ 'ਤੇ ਕਾਰਵਾਈ, ਜਿਸ ਦੌਰਾਨ ਤਿੰਨ ਸੌ ਚੌਦਾਂ ਇਮਾਰਤਾਂ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਹੈ ਤੇ ਸੱਤ ਹੋਟਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਹੁਣ ਹੀ ਕਿਉਂ ਕੀਤੀ ਜਾ ਰਹੀ ਹੈ, ਪਹਿਲਾਂ ਕਿਉਂ ਨਾ ਕੀਤੀ ਗਈ, ਜਦੋਂ ਇਸ ਸੰਬੰਧੀ ਮਾਮਲਾ ਉਠਾਇਆ ਗਿਆ ਸੀ ਤੇ ਸੰਬੰਧਤ ਅਧਿਕਾਰੀਆਂ ਨੇ ਇਹ ਕਹਿ ਦਿੱਤਾ ਸੀ ਕਿ ਜਾਂਚ-ਪੜਤਾਲ ਵਿੱਚ ਸਭ ਕੁਝ ਠੀਕ-ਠਾਕ ਪਾਇਆ ਗਿਆ ਹੈ? ਨਾਲੇ, ਕੀ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਸ਼ਾਸਕਾਂ ਦੇ ਫ਼ਰਜ਼ਾਂ ਦੇ ਘੇਰੇ ਵਿੱਚ ਨਹੀਂ ਆਉਂਦਾ? ਆਖ਼ਿਰ ਅਜਿਹੇ ਦੁਖਾਂਤਾਂ ਦੇ ਵਾਪਰਨ ਪਿੱਛੋਂ ਸ਼ਾਸਕਾਂ ਵੱਲੋਂ ਪੀੜਤ ਪਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ, ਕੁਝ ਕਰਮਚਾਰੀਆਂ-ਅਧਿਕਾਰੀਆਂ ਨੂੰ ਮੁਅੱਤਲ ਕਰਨ, ਘਟਨਾ ਬਾਰੇ ਉੱਚ-ਪੱਧਰੀ ਜਾਂਚ ਦਾ ਆਦੇਸ਼ ਦੇਣ ਤੇ ਉਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ ਬਖਸ਼ੇ ਨਾ ਜਾਣ ਦੇ ਘੜੇ-ਘੜਾਏ ਬਿਆਨ ਦਾਗੇ ਜਾਣ ਤੋਂ ਗੱਲ ਕੀ ਅਗਾਂਹ ਵੀ ਵਧੇਗੀ, ਤੇ ਜੇ ਵਧੇਗੀ ਤਾਂ ਕਦੋਂ? ਸੋਚਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਉਭਾਰ ਕੇ ਸੱਤਾ ਹਾਸਲ ਕੀਤੀ ਸੀ, ਜਦੋਂ ਉਹ ਹੀ ਇੱਕ ਦੂਸਰੇ ਉੱਤੇ ਦੋਸ਼-ਜਵਾਬੀ ਦੋਸ਼ ਲਾ ਰਹੇ ਹਨ ਤਾਂ ਭਲੇ ਦੀ ਆਸ ਕਿਸ ਤੋਂ ਕਰਨ ਲੋਕ?

734 Views

e-Paper