ਪਾਕਿ ਨੇ ਹਾਫਿਜ਼ ਸਈਦ ਦੀ ਬਾਂਹ ਮਰੋੜੀ


ਇਸਲਾਮਾਬਾਦ
(ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਸਰਕਾਰ ਨੇ ਲਸ਼ਕਰ ਏ ਤੋਇਬਾ ਦੇ ਅੱਤਵਾਦੀ ਹਾਫ਼ਿਜ਼ ਸਈਦ ਦੀਆਂ ਦੋ ਅੱਤਵਾਦੀ ਜਥੇਬੰਦੀਆਂ ਨੂੰ ਆਪਣੇ ਅਧਿਕਾਰ 'ਚ ਲੈਣ ਦਾ ਫ਼ੈਸਲਾ ਲਿਆ ਹੈ। ਇਹਨਾਂ ਅੱਤਵਾਦੀ ਜਥੇਬੰਦੀਆਂ 'ਚ ਜਮਾਤ-ਉਦ-ਦਾਵਾ ਵੀ ਸ਼ਾਮਲ ਹੈ। ਪਾਕਿਸਤਾਨ ਦੀ ਸਰਕਾਰ ਨੇ ਇਸ ਸੰਬੰਧ 'ਚ ਸੂਬਾ ਸਰਕਾਰਾਂ ਨੂੰ ਖ਼ਾਸ ਨਿਰਦੇਸ਼ ਜਾਰੀ ਕੀਤੇ ਹਨ। ਅਮਰੀਕਾ ਵੱਲੋਂ ਕੌਮਾਂਤਰੀ ਅੱਤਵਾਦੀ ਐਲਾਨੇ ਗਏ ਹਾਫਿਜ਼ ਸਈਦ ਬਾਰੇ ਪਾਕਿਸਤਾਨ ਦਾ ਇਹ ਫ਼ੈਸਲਾ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ। ਹਾਫ਼ਿਜ਼ ਸਈਦ ਨਜ਼ਰਬੰਦੀ ਤੋਂ ਰਿਹਾਅ ਹੋਣ ਤੋਂ ਬਾਅਦ ਆਮ ਚੋਣਾਂ ਲੜਣ ਦੀ ਤਿਆਰੀ ਕਰ ਰਿਹਾ ਹੈ। ਇਸ ਸੰਬੰਧ 'ਚ 19 ਦਸੰਬਰ ਨੂੰ ਇੱਕ ਵਿਸਥਾਰਤ ਰਿਪੋਰਟ ਸੰਬੰਧਤ ਵਿਭਾਗਾਂ ਨੂੰ ਭੇਜੀ ਗਈ ਸੀ।
ਸਈਦ ਵਿਰੁੱਧ ਤਿਆਰ ਕੀਤਾ ਗਿਆ ਤਾਜ਼ਾ ਦਸਤਾਵੇਜ਼ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੂੰ ਸੰਬੋਧਤ ਕੀਤਾ ਗਿਆ ਹੈ। ਇਹ ਕੌਮਾਂਤਰੀ ਸੰਗਠਨ ਮਨੀਲਾਂਡਰਿੰਗ ਅਤੇ ਅੱਤਵਾਦੀਆਂ ਨੂੰ ਹੋ ਰਹੀ ਫੰਡਿਗ ਨੂੰ ਰੋਕਦਾ ਹੈ। ਹਾਫ਼ਿਜ਼ ਸਈਦ ਦੇ ਸਿਆਸਤ 'ਚ ਪੈਰ ਰੱਖਣ ਤੋਂ ਭਾਰਤ ਤੋਂ ਇਲਾਵਾ ਅਮਰੀਕਾ ਵੀ ਚਿੰਤਤ ਹੈ। ਇਸ ਬਾਰੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਹੈ ਕਿ ਉਨ੍ਹਾ ਗੈਰ-ਕਾਨੂੰਨੀ ਜਥੇਬੰਦੀਆਂ ਨੂੰ ਮਿਲ ਰਹੇ ਫ਼ੰਡਾਂ ਨੂੰ ਰੋਕਣ ਦੇ ਹੁਕਮ ਦਿੱਤੇ ਹਨ।
ਉੱਚ ਪੱਧਰੀ ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਮੁੰਬਈ ਹਮਲੇ ਦੇ ਸਰਗਨਾ ਅਤੇ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਜਮਾਤ ਉਦ ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਵੱਲੋਂ ਚਲਾਈ ਜਾ ਰਹੀ ਚੈਰਿਟੀ ਅਤੇ ਹੋਰ ਸੰਸਥਾਵਾਂ ਵਿਰੁੱਧ ਕਾਰਵਾਈ ਦੀ ਤਿਆਰੀ 'ਚ ਹੈ।
ਇਹਨਾਂ ਸੂਤਰਾਂ ਅਨੁਸਾਰ ਇਸ ਸੰਬੰਧ 'ਚ ਪਿਛਲੇ ਦਿਨੀਂ ਇੱਕ ਉਚ ਪੱਧਰੀ ਮੀਟਿੰਗ ਹੋਈ, ਜਿਸ 'ਚ ਤਿੰਨ ਅਧਿਕਾਰੀਆਂ ਨੇ ਹਿੱਸਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਾਫ਼ਿਜ਼ ਸਈਦ ਦੀ ਜਮਾਤ ਉਦ ਦਾਵਾ ਅਤੇ ਫਲਾਹ ਏ ਇਨਸਾਨੀਅਤ ਫਾਊਂਡੇਸ਼ਨ ਨਾਲ ਸੰਬੰਧਤ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ।
ਦੋਵਾਂ ਸੰਸਥਾਵਾਂ ਦੇ ਤਰਜਮਾਨਾਂ ਨੇ ਇਹਨਾਂ ਖ਼ਬਰਾਂ 'ਤੇ ਕੋਈ ਟਿਪਣੀ ਨਹੀਂ ਕੀਤੀ ਅਤੇ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਇਸ ਬਾਰੇ ਐਲਾਨ ਨਹੀਂ ਕੀਤਾ ਜਾਂਦਾ, ਕੁਝ ਕਹਿਣਾ ਸਹੀ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਪਿਛਲੇ ਦਿਨੀਂ ਅੱਤਵਾਦੀ ਹਾਫ਼ਿਜ਼ ਸਈਦ ਦੀ ਨਜ਼ਰਬੰਦੀ ਖ਼ਤਮ ਕਰਕੇ ਉਸ ਨੂੰ ਰਿਹਾਅ ਕਰ ਦਿੱਤਾ ਸੀ, ਜਦਕਿ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਨੇ ਉਸ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ।
ਅਮਰੀਕਾ ਨੇ ਹਾਫ਼ਿਜ਼ ਸਈਦ ਦੇ ਸਿਰ 'ਤੇ 10 ਮਿਲੀਅਨ ਡਾਲਰ ਦਾ ਇਨਾਮ ਵੀ ਰੱਖਿਆ ਹੋਇਆ ਹੈ। ਇਸ ਸੰਬੰਧ 'ਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਹਾਫ਼ਿਜ਼ ਸਈਦ ਦੀ ਰਿਹਾਈ ਤੋਂ ਇੱਕ ਵਾਰ ਫੇਰ ਸਾਬਤ ਹੋ ਗਿਆ ਹੈ ਕਿ ਪਾਕਿਸਤਾਨ ਅੱਤਵਾਦ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਪ੍ਰਤੀ ਗੰਭੀਰ ਨਹੀਂ, ਜਦਕਿ ਸੰਯੁਕਤ ਰਾਸ਼ਟਰ ਨੇ ਵੀ ਉਸ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ।