Latest News
ਗੰਗਾ ਮਈਆ ਦੀ ਪੁਕਾਰ!

Published on 02 Jan, 2018 11:25 AM.


ਦੇਖਿਆ ਜਾਵੇ ਤਾਂ ਅੱਜ ਸਾਡੇ ਪਾਣੀਆਂ ਦੇ ਸਾਰੇ ਸੋਮੇ; ਜਿਵੇਂ ਛੱਪੜ, ਟੋਭੇ, ਨਹਿਰਾਂ, ਨਦੀਆਂ ਆਦਿ ਪੂਰੀ ਤਰ੍ਹਾਂ ਪ੍ਰਦੂਸ਼ਤ ਹੋ ਚੁੱਕੇ ਹਨ। ਪੀਣ ਵਾਲੇ ਪਾਣੀ ਲਈ ਨਹਿਰਾਂ-ਨਦੀਆਂ 'ਤੇ ਨਿਰਭਰ ਲੋਕਾਂ ਨੂੰ ਮਜਬੂਰੀ ਵੱਸ ਦੂਸ਼ਤ ਪਾਣੀ ਪੀਣ ਕਾਰਨ ਜਾਨ-ਲੇਵਾ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦੇਸ ਦੇ ਕਈ ਖੇਤਰਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਮਾਹਰਾਂ ਵੱਲੋਂ ਭਵਿੱਖਬਾਣੀ ਇਹ ਵੀ ਕੀਤੀ ਜਾ ਰਹੀ ਹੈ ਕਿ ਅਗਲੀ ਵਿਸ਼ਵ ਜੰਗ ਪਾਣੀ ਲਈ ਲੜੀ ਜਾਵੇਗੀ। ਸਾਡੀਆਂ ਸਰਕਾਰਾਂ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਪ੍ਰਤੀ ਕਿੰਨੀਆਂ ਕੁ ਸੰਜੀਦਾ ਹਨ, ਇਸ ਦੀ ਇੱਕ ਉਦਾਹਰਣ ਦੇਣੀ ਹੀ ਕਾਫ਼ੀ ਹੋਵੇਗੀ।
ਸੰਸਾਰ ਦੀਆਂ ਜਿੰਨੀਆਂ ਵੀ ਮਹੱਤਵ ਪੂਰਨ ਨਦੀਆਂ ਹਨ, ਉਨ੍ਹਾਂ ਵਿੱਚ ਭਾਰਤ ਦੀ ਗੰਗਾ ਨਦੀ ਦਾ ਵੀ ਸ਼ੁਮਾਰ ਕੀਤਾ ਜਾਂਦਾ ਹੈ। ਇਹ ਨਦੀ ਗੰਗੋਤਰੀ ਤੋਂ ਗੰਗਾ ਸਾਗਰ ਤੱਕ 2525 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਦੂਜੀਆਂ ਨਦੀਆਂ ਭਾਵੇਂ ਇਸ ਨਾਲੋਂ ਜ਼ਿਆਦਾ ਫ਼ਾਸਲਾ ਤੈਅ ਕਰਦੀਆਂ ਹਨ, ਪਰ ਗੰਗਾ ਦੇ ਇਰਦ-ਗਿਰਦ ਅਨੇਕ ਕਵਿਤਾਵਾਂ-ਕਹਾਣੀਆਂ ਲਿਖੀਆਂ ਜਾ ਚੁੱਕੀਆਂ ਹਨ। ਸਵਰਗੀ ਰਾਜ ਕਪੂਰ ਨੇ ਨਦੀ ਤੇ ਨਾਰੀ ਦੇ ਖ਼ਿਲਾਫ਼ ਹੁੰਦੇ ਅੱਤਿਆਚਾਰਾਂ ਨੂੰ ਪੇਸ਼ ਕਰਦੀ ਫ਼ਿਲਮ 'ਰਾਮ ਤੇਰੀ ਗੰਗਾ ਮੈਲੀ' ਬਣਾਈ ਸੀ, ਜਿਸ ਦੇ ਪ੍ਰਦਰਸ਼ਨ ਦੇ ਰਸਤੇ ਵਿੱਚ ਰੁਕਾਵਟਾਂ ਖੜੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਖ਼ੈਰ, ਇਹਨਾਂ ਗੱਲਾਂ ਨੂੰ ਇੱਕ ਪਾਸੇ ਰੱਖਦੇ ਹੋਏ ਹਥਲੇ ਮੁੱਦੇ ਵੱਲ ਆਉਂਦੇ ਹਾਂ।
ਮੌਜੂਦਾ ਸ਼ਾਸਕਾਂ ਵੱਲੋਂ ਗੰਗਾ ਨਦੀ ਦੀ ਸਫ਼ਾਈ, ਜੋ ਭਾਜਪਾ ਦੇ ਐਲਾਨ ਪੱਤਰ ਦਾ ਹਿੱਸਾ ਹੈ, ਬਾਰੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸੱਚ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉੱਚੀਆਂ ਚਾਹਤਾਂ ਵਾਲੀ 'ਨਮਾਮਿ ਗੰਗੇ' ਯੋਜਨਾ ਦਾ ਹੁਣ ਸਾਹ ਫੁੱਲਣ ਲੱਗ ਪਿਆ ਹੈ। ਇਸ ਸੰਬੰਧੀ ਚੌਂਕਾ ਦੇਣ ਵਾਲੀ ਜਾਣਕਾਰੀ ਕੈਗ (ਕੰਪਟਰੋਲਰ ਐਂਡ ਆਡਿਟਰ ਜਨਰਲ ਆਫ਼ ਇੰਡੀਆ) ਵੱਲੋਂ ਪੇਸ਼ ਰਿਪੋਰਟ ਰਾਹੀਂ ਸਾਹਮਣੇ ਆਈ ਹੈ। ਇਸ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ 2014-17 ਦੇ ਦੌਰਾਨ ਤਿੰਨ ਸਾਲਾਂ ਵਿੱਚ ਇਸ ਯੋਜਨਾ ਲਈ ਬੱਜਟ ਵਿੱਚ ਰੱਖੀ ਰਕਮ ਦਾ ਕੇਵਲ ਅੱਠ ਤੋਂ ਤਰੇਹਠ ਪ੍ਰਤੀਸ਼ਤ ਖ਼ਰਚ ਕੀਤਾ ਗਿਆ। ਬਾਕੀ ਦੀ ਰਕਮ ਨੈਸ਼ਨਲ ਮਿਸ਼ਨ ਫ਼ਾਰ ਕਲੀਨ ਗੰਗਾ (ਐੱਨ ਐੱਮ ਸੀ ਜੀ), ਰਾਜਾਂ ਦੇ ਐੱਸ ਪੀ ਐੱਮ ਜੀ ਅਤੇ ਦੂਜੀਆਂ ਏਜੰਸੀਆਂ ਕੋਲ ਪਈ ਹੈ। ਖ਼ਾਸ ਗੱਲ ਇਹ ਕਿ ਸਰਕਾਰ ਨੇ 2014-15 ਦੇ ਬੱਜਟ ਵਿੱਚ ਬੜੇ ਜ਼ੋਰ-ਸ਼ੋਰ ਨਾਲ 'ਨਮਾਮਿ ਗੰਗੇ' ਲਈ ਦੋ ਹਜ਼ਾਰ ਇੱਕ ਸੌ ਸੈਂਤੀ ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖਣ ਦਾ ਐਲਾਨ ਕੀਤਾ ਸੀ, ਪਰ ਉਸ ਵਿੱਚੋਂ ਗੰਗਾ ਦੀ ਸਫ਼ਾਈ 'ਤੇ ਕੇਵਲ ਇੱਕ ਸੌ ਸੱਤਰ ਕਰੋੜ ਰੁਪਏ ਖ਼ਰਚ ਕੀਤੇ ਜਾ ਸਕੇ। ਸੰਨ 2015-16 ਲਈ ਦੋ ਹਜ਼ਾਰ ਸੱਤ ਸੌ ਪੰਜਾਹ ਕਰੋੜ ਰੁਪਏ ਦਿੱਤੇ ਗਏ, ਪਰ ਖ਼ਰਚ ਸਿਰਫ਼ ਛੇ ਸੌ ਦੋ ਕਰੋੜ ਰੁਪਏ ਹੋਏ। ਕੁਝ ਅਜਿਹਾ ਹੀ ਹਾਲ 2016-17 ਵਿੱਚ ਹੋਇਆ ਤੇ ਪੰਝੀ ਸੌ ਕਰੋੜ ਰੁਪਏ ਵਿੱਚੋਂ ਇੱਕ ਹਜ਼ਾਰ ਬਾਹਠ ਕਰੋੜ ਰੁਪਏ ਹੀ ਖ਼ਰਚੇ ਜਾ ਸਕੇ। ਕੈਗ ਨੇ ਇਸ ਰਕਮ ਦੀ ਪੂਰੀ ਵਰਤੋਂ ਨਾ ਹੋਣ ਲਈ ਐੱਨ ਐੱਮ ਸੀ ਜੀ ਦੀ ਮਾੜੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗੰਗਾ ਦੀ ਸਫ਼ਾਈ ਬਾਰੇ ਐੱਨ ਐੱਮ ਸੀ ਜੀ ਦੇ ਅਧਿਕਾਰੀ ਕਿੰਨੇ ਕੁ ਸੰਜੀਦਾ ਹਨ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਜਨਵਰੀ 2015 ਵਿੱਚ ਜੋ ਕਲੀਨ ਗੰਗਾ ਫ਼ੰਡ ਕਾਇਮ ਕੀਤਾ ਗਿਆ ਸੀ, ਉਸ ਵਿੱਚ ਜਮ੍ਹਾਂ ਇੱਕ ਸੌ ਅਠਾਨਵੇਂ ਕਰੋੜ ਰੁਪਿਆਂ ਦੀ ਵਰਤੋਂ ਦਾ ਢੰਗ-ਤਰੀਕਾ ਵੀ ਉਹ ਨਹੀਂ ਤਲਾਸ਼ ਸਕੇ। ਉੱਪਰ ਵਰਨਣ ਕੀਤੀਆਂ ਰਕਮਾਂ ਵਿੱਚੋਂ ਕਿੰਨੀਆਂ ਸਹੀ ਢੰਗ ਨਾਲ ਖ਼ਰਚ ਕੀਤੀਆਂ ਗਈਆਂ, ਇਸ ਬਾਰੇ ਕੈਗ ਦੀ ਰਿਪੋਰਟ ਵਿੱਚ ਕੋਈ ਜ਼ਿਕਰ ਨਹੀਂ।
ਇਸ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਐੱਨ ਐੱਮ ਸੀ ਜੀ ਨੇ ਪ੍ਰਚਾਰ ਅਤੇ ਠੇਕਾ ਆਧਾਰਤ ਕਰਮਚਾਰੀਆਂ ਦੀ ਭਰਤੀ ਦੇ ਮਾਮਲੇ ਵਿੱਚ ਸਾਰੇ ਨੇਮਾਂ ਨੂੰ ਛਿੱਕੇ 'ਤੇ ਟੰਗਦਿਆਂ ਇੱਕ ਨਿੱਜੀ ਇਸ਼ਤਿਹਾਰ ਏਜੰਸੀ ਰਾਹੀਂ ਇਸ਼ਤਿਹਾਰ ਜਾਰੀ ਕੀਤੇ, ਜਿਸ ਦੀ ਵਜ੍ਹਾ ਕਰ ਕੇ ਇਕਤਾਲੀ ਲੱਖ ਰੁਪਏ ਦਾ ਨੁਕਸਾਨ ਹੋਇਆ। ਇੰਜ ਹੀ ਸਰਕਾਰੀ ਅਹੁਦਿਆਂ ਦੇ ਨਿਸ਼ਚਿਤ ਵੇਤਨ ਦੀ ਤੁਲਨਾ ਵਿੱਚ ਕਈ ਗੁਣਾਂ ਵੱਧ ਉਜਰਤ 'ਤੇ ਕਰਮਚਾਰੀਆਂ ਦੀ ਭਰਤੀ ਕੀਤੀ ਗਈ।
ਕੈਗ ਦੀ ਰਿਪੋਰਟ ਅਨੁਸਾਰ ਆਈ ਆਈ ਟੀ ਕੰਸੋਰਟੀਅਮ ਦੇ ਨਾਲ ਇਕਰਾਰ ਹੋਣ ਦੇ ਸਾਢੇ ਛੇ ਸਾਲ ਪਿੱਛੋਂ ਵੀ ਸਰਕਾਰ ਗੰਗਾ ਲਈ ਰਿਵਰ ਬੇਸਿਨ ਮੈਨੇਜਮੈਂਟ ਪਲਾਨ ਨੂੰ ਅੰਤਮ ਰੂਪ ਨਹੀਂ ਦੇ ਸਕੀ। ਆਈ ਆਈ ਟੀ ਨੇ ਯੋਜਨਾ ਦਾ ਇੱਕ ਖਰੜਾ ਬਣਾਇਆ ਵੀ, ਪਰ ਐੱਨ ਐੱਮ ਸੀ ਜੀ ਨੇ ਇਸ ਨੂੰ ਵੱਖ-ਵੱਖ ਮੰਤਰਾਲਿਆਂ ਨੂੰ ਨਹੀਂ ਭੇਜਿਆ। ਹਾਲੇ ਤੱਕ ਗੰਗਾ ਮੋਨੀਟਰਿੰਗ ਕੇਂਦਰ ਦੀ ਕਾਇਮ ਵੀ ਨਹੀਂ ਹੋ ਸਕੀ। ਐੱਨ ਐੱਮ ਸੀ ਜੀ ਨੇ ਹੁਣ ਤੱਕ ਇੱਕ ਵਾਰ ਵੀ ਆਪਣੀ ਸਾਲਾਨਾ ਰਿਪੋਰਟ ਤਿਆਰ ਨਹੀਂ ਕੀਤੀ, ਜਦੋਂ ਕਿ ਨੇਮਾਂ ਅਨੁਸਾਰ ਉਸ ਨੂੰ ਹਰ ਸਾਲ ਦੀਆਂ ਸਰਗਰਮੀਆਂ ਦੀ ਰਿਪੋਰਟ ਦੇਣੀ ਚਾਹੀਦੀ ਸੀ। ਇਸ ਤੋਂ ਮਨ ਵਿੱਚ ਇਸ ਸੁਆਲ ਦਾ ਉਪਜਣਾ ਸੁਭਾਵਕ ਹੈ ਕਿ ਇਸ ਸੰਬੰਧ ਵਿੱਚ ਜਦੋਂ ਨਾ ਕੋਈ ਮੁਕੰਮਲ ਯੋਜਨਾਬੰਦੀ ਕੀਤੀ ਗਈ ਹੈ, ਨਾ ਬੱਜਟ ਵਿੱਚ ਰੱਖੀ ਸਾਰੀ ਰਕਮ ਖ਼ਰਚ ਕੀਤੀ ਗਈ ਹੈ, ਤਦ ਗੰਗਾ ਦੀ ਸਫ਼ਾਈ ਕਿਵੇਂ ਹੋਵੇਗੀ?
ਵਰਨਣ ਯੋਗ ਹੈ ਕਿ ਗੰਗਾ ਨਦੀ ਦੇ ਘੇਰੇ ਵਿੱਚ ਆਉਂਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੀ ਵੱਸੋਂ, ਜੋ ਕੁੱਲ ਵੱਸੋਂ ਦਾ ਇੱਕ-ਤਿਹਾਈ ਦੇ ਕਰੀਬ ਬਣਦੀ ਹੈ, ਇਸ ਦੇ ਪਾਣੀਆਂ ਉੱਤੇ ਨਿਰਭਰ ਕਰਦੀ ਹੈ। ਕਾਨਪੁਰ, ਇਲਾਹਾਬਾਦ ਤੇ ਵਾਰਾਣਸੀ ਵਿੱਚ ਇਸ ਨਦੀ ਦੇ ਪਾਣੀ ਦੀ ਹਾਲਤ ਇਹ ਹੈ ਕਿ ਪੀਣ ਦੀ ਤਾਂ ਗੱਲ ਛੱਡੋ, ਨਹਾਉਣ ਦੇ ਵੀ ਲਾਇਕ ਨਹੀਂ ਰਿਹਾ। ਗੰਗਾ ਦੇ ਪਾਣੀ ਨੂੰ ਸਭ ਤੋਂ ਵੱਧ ਗੰਦਾ ਕਰਨ ਵਾਲੇ ਸ਼ਹਿਰ ਹਨ ਹਰਿਦੁਆਰ, ਕਾਨਪੁਰ, ਇਲਾਹਾਬਾਦ, ਵਾਰਾਣਸੀ, ਪਟਨਾ, ਭਾਗਲਪੁਰ, ਹਾਵੜਾ ਅਤੇ ਕੋਲਕਾਤਾ। ਇਹ ਸ਼ਹਿਰ ਇਸ ਨਦੀ ਵਿੱਚ ਸੱਤਰ ਫ਼ੀਸਦੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਕੈਗ ਦੀ ਤਾਜ਼ਾ ਰਿਪੋਰਟ ਅਨੁਸਾਰ ਬਾਬਾ ਰਾਮਦੇਵ ਦੀ ਪਤੰਜਲੀ ਵੀ ਉਨ੍ਹਾਂ ਕੰਪਨੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ, ਜਿਹੜੀਆਂ ਗੰਗਾ ਦੇ ਪਾਣੀ ਨੂੰ ਦੂਸ਼ਤ ਕਰਦੀਆਂ ਹਨ।
ਸਾਡੇ ਸ਼ਾਸਕਾਂ ਦਾ ਹਾਲ ਦੇਖੋ : ਕੇਂਦਰੀ ਜਲ ਸਰੋਤ, ਨਦੀ ਵਿਕਾਸ ਤੇ ਗੰਗਾ ਸੰਰਕਸ਼ਨ ਮੰਤਰਾਲੇ ਦੀ ਰਹਿ ਚੁੱਕੀ ਮੰਤਰੀ ਉਮਾ ਭਾਰਤੀ ਕਹਿੰਦੀ ਹੁੰਦੀ ਸੀ ਕਿ ਗੰਗਾ ਦੀ ਸਫ਼ਾਈ ਉਸ ਦੀ ਜ਼ਿੰਦਗੀ ਦਾ ਮਿਸ਼ਨ ਹੈ। ਇਸ ਸੰਬੰਧ ਵਿੱਚ ਉਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਸ ਨੂੰ ਇਸ ਮੰਤਰਾਲੇ ਤੋਂ ਹੱਥ ਧੋਣੇ ਪਏ ਸਨ ਤੇ ਅੱਜ ਕੱਲ੍ਹ ਨਿਤਿਨ ਗਡਕਰੀ ਕੋਲ ਇਹ ਮੰਤਰਾਲਾ ਹੈ। ਹੁਣ ਉਨ੍ਹਾ ਦੀ ਕਾਰਕਰਦਗੀ ਵੀ ਕੈਗ ਵੱਲੋਂ ਗੰਗਾ ਦੀ ਸਫ਼ਾਈ ਬਾਰੇ ਕੀਤੇ ਤੱਥਾਂ ਸਹਿਤ ਖੁਲਾਸਿਆਂ ਨੇ ਸਾਹਮਣੇ ਲੈ ਆਂਦੀ ਹੈ। ਗੰਗਾ ਦੀ ਸਫ਼ਾਈ ਬਾਰੇ ਇਹ ਹਾਲਤ ਓਦੋਂ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਇਸ ਯੋਜਨਾ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲਈ ਹੋਈ ਹੈ। ਗੰਗਾ ਹੀ ਕਿਉਂ, ਦੇਸ ਦੀਆਂ ਦੂਜੀਆਂ ਨਦੀਆਂ ਵੀ ਇਸ ਸਮੇਂ ਗੰਦੇ ਨਾਲਿਆਂ ਦਾ ਰੂਪ ਧਾਰਨ ਕਰ ਗਈਆਂ ਹਨ। ਜਮਨਾ ਨਦੀ ਦਾ ਪਾਣੀ ਏਨਾ ਬਦਬੂਦਾਰ ਹੋ ਚੁੱਕਾ ਹੈ ਕਿ ਦਿੱਲੀ ਤੇ ਆਗਰੇ ਦੇ ਇਸ ਦੇ ਦੁਆਲੇ ਵੱਸੇ ਲੋਕ ਇਸ ਦੇ ਪਾਣੀ ਵਿੱਚ ਪੈਰ ਪਾਉਣ ਤੋਂ ਵੀ ਗੁਰੇਜ਼ ਕਰਦੇ ਹਨ।
ਸਾਡੇ ਸੱਭਿਆ ਸਮਾਜ ਨੂੰ ਵਿਕਾਸ ਦੇ ਅਜੋਕੇ ਯੁੱਗ ਵਿੱਚ ਪੁਚਾਉਣ ਵਿੱਚ ਗੰਗਾ ਨਦੀ ਦੀ ਕਿੰਨੀ ਅਹਿਮੀਅਤ ਹੈ, ਇਸ ਬਾਰੇ ਉਰਦੂ ਦੇ ਉੱਘੇ ਸ਼ਾਇਰ ਅਲਾਮਾ ਮੁਹੰਮਦ ਇਕਬਾਲ ਨੇ ਅੱਜ ਤੋਂ ਤਕਰੀਬਨ ਇੱਕ ਸਦੀ ਪਹਿਲਾਂ 1904 ਵਿੱਚ ਆਪਣੀ ਇੱਕ ਗ਼ਜ਼ਲ ਵਿੱਚ ਇਹ ਲਿਖਿਆ ਸੀ :
ਐ ਆਬ-ਏ-ਰੌ ਗੰਗਾ,
ਵੋਹ ਦਿਨ ਹੈਂ ਯਾਦ ਤੁਝ ਕੋ,
ਉਤਰਾ ਤੇਰੇ ਕਿਨਾਰੇ ਜਬ ਕਾਰਵਾਂ ਹਮਾਰਾ।
ਅਲਾਮਾ ਇਕਬਾਲ ਨੇ ਆਪਣੇ ਇਨ੍ਹਾਂ ਬੋਲਾਂ ਰਾਹੀਂ ਗੰਗਾ ਨੂੰ ਇਹ ਯਾਦ ਕਰਾਇਆ ਸੀ ਕਿ ਤੈਨੂੰ ਉਹ ਦਿਨ ਯਾਦ ਹਨ, ਜਦੋਂ ਅਸੀਂ ਤੇਰੇ ਕਿਨਾਰਿਆਂ 'ਤੇ ਆ ਕੇ ਵੱਸੇ ਸਾਂ, ਪਰ ਹੁਣ ਗੰਗਾ ਮਈਆ ਸਾਨੂੰ ਤੇ ਖ਼ਾਸ ਕਰ ਕੇ ਸ਼ਾਸਕਾਂ ਨੂੰ ਪੁਕਾਰ ਰਹੀ ਹੈ ਕਿ ਮੇਰੀ ਪਵਿੱਤਰਤਾ ਨੂੰ ਬਣਾਈ ਰੱਖਣਾ ਤੁਹਾਡਾ ਫ਼ਰਜ਼ ਹੈ, ਜਿਸ ਨੂੰ ਤੁਸੀਂ ਵਿਸਾਰ ਰੱਖਿਆ ਹੈ।

1072 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper