ਅਮਰੀਕਨ ਪਾਲਿਸੀ ਅਤੇ ਅੱਤਵਾਦ


ਅੱਤਵਾਦ ਇੱਕ ਅਜਿਹਾ ਵਰਤਾਰਾ ਹੈ, ਜਿਹੜਾ ਅਮਨ-ਪਸੰਦ ਸ਼ਹਿਰੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ਲੰਮੇ ਸਮੇਂ ਤੋਂ ਅੱਤਵਾਦ ਤੋਂ ਪੀੜਤ ਰਿਹਾ ਹੈ। ਸੰਕਟਮਈ ਦੌਰ ਵਿੱਚ ਵੀ ਭਾਰਤ ਨੇ ਅੱਤਵਾਦ ਨਾਲ ਨਜਿੱਠਣ ਲਈ ਆਪਣੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਨਹੀਂ ਤਿਆਗਿਆ। ਆਜ਼ਾਦੀ ਤੋਂ ਬਾਅਦ ਭਾਰਤ ਨੇ ਪਾਰਲੀਮਾਨੀ ਡੈਮੋਕਰੇਸੀ ਦਾ ਰਾਹ ਅਖ਼ਤਿਆਰ ਕੀਤਾ ਅਤੇ ਸੰਸਾਰ ਪੱਧਰ ਉੱਤੇ ਗੁੱਟ-ਨਿਰਲੇਪ ਲਹਿਰ ਦਾ ਸਾਥ ਦਿੱਤਾ, ਪਰੰਤੂ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਲੰਮਾ ਸਮਾਂ ਫ਼ੌਜੀ ਡਿਕਟੇਟਰਸ਼ਿਪ ਅਧੀਨ ਰਿਹਾ ਅਤੇ ਜਦੋਂ-ਜਦੋਂ ਉਥੇ ਲੋਕਤੰਤਰ ਬਹਾਲ ਹੋਇਆ, ਅਸਲੀ ਤਾਕਤ ਫ਼ੌਜ ਦੇ ਹੱਥ ਹੀ ਰਹੀ ਹੈ। ਅਸਲ ਵਿੱਚ ਪਾਕਿਸਤਾਨ ਨੂੰ ਏਸ਼ੀਆ ਵਿੱਚ ਆਪਣਾ ਮੋਹਰਾ ਬਣਾ ਕੇ ਅਮਰੀਕਾ ਵਰਤਦਾ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਸੋਵੀਅਤ ਯੂਨੀਅਨ ਦੇ ਵਿਰੋਧ ਵਿੱਚ ਉਹ ਪਾਕਿਸਤਾਨ ਦੀ ਵਰਤੋਂ ਖੁੱਲ੍ਹੇ ਰੂਪ ਵਿੱਚ ਕਰਦਾ ਰਿਹਾ ਹੈ। ਅਫ਼ਗ਼ਾਨਿਸਤਾਨ ਵਿੱਚ ਸੋਵੀਅਤ ਫ਼ੌਜ ਦਾ ਮੁਕਾਬਲਾ ਕਰਨ ਲਈ ਉਹ ਤਾਲਿਬਾਨ ਨੂੰ ਹਥਿਆਰਾਂ ਤੋਂ ਲੈ ਕੇ ਹਰ ਪ੍ਰਕਾਰ ਦੀ ਸਹਾਇਤਾ ਕਰਦਾ ਰਿਹਾ। ਸੋਵੀਅਤ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਜਿਹੜੀ ਤਾਲਿਬਾਨ ਸਰਕਾਰ ਉੱਥੇ ਬਣੀ, ਉਹ ਏਸ਼ੀਆ ਵਿਚਲੇ ਅੱਤਵਾਦੀਆਂ ਲਈ ਵੱਡੀ ਪਨਾਹਗਾਰ ਬਣ ਗਈ। ਅਫ਼ਗ਼ਾਨਿਸਤਾਨ ਉੱਤੇ ਕਬਜ਼ੇ ਲਈ ਪਾਕਿਸਤਾਨ ਦੀ ਸਰਕਾਰ ਅਤੇ ਧਰਤੀ ਦੀ ਵਰਤੋਂ ਵੀ ਅਮਰੀਕਾ ਆਪਣੇ ਹਿੱਤਾਂ ਲਈ ਕਰਦਾ ਰਿਹਾ। ਕੁਝ ਸਮੇਂ ਬਾਅਦ ਉਹੀ ਲੋਕ ਅਮਰੀਕਾ ਲਈ ਵੀ ਸਿਰਦਰਦੀ ਬਣ ਗਏ।
9/11 ਦੇ ਅਮਰੀਕਾ ਉੱਤੇ ਅੱਤਵਾਦੀ ਹਮਲੇ ਨੇ ਇੱਕ ਵਾਰੀ ਅਮਰੀਕੀ ਹਾਕਮਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਬਾਅਦ ਅਮਰੀਕਾ ਨੇ ਅਫ਼ਗ਼ਾਨਿਸਤਾਨ ਉੱਤੇ ਸਿੱਧਾ ਫ਼ੌਜੀ ਹਮਲਾ ਕਰ ਦਿੱਤਾ। ਇਸ ਲਈ ਉਸ ਨੂੰ ਪਾਕਿਸਤਾਨ ਦੀ ਲੋੜ ਸੀ। ਪਾਕਿਸਤਾਨ ਅਫ਼ਗ਼ਾਨਿਸਤਾਨ ਵਿੱਚ ਅੱਤਵਾਦੀਆਂ ਨਾਲ ਲੜਾਈ ਦੇ ਬਹਾਨੇ ਅਮਰੀਕਾ ਤੋਂ ਹਰ ਪ੍ਰਕਾਰ ਦੀ ਸਹਾਇਤਾ ਲੈਂਦਾ ਰਿਹਾ ਅਤੇ ਉਸ ਸਹਾਇਤਾ ਵਿੱਚੋਂ ਵੱਡਾ ਹਿੱਸਾ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਸਹਾਇਤਾ ਲਈ ਵਰਤਦਾ ਰਿਹਾ। ਉਹ ਅੱਤਵਾਦੀ ਭਾਰਤ ਵਿੱਚ ਆ ਕੇ ਸੁਰੱਖਿਆ ਦਸਤਿਆਂ, ਪ੍ਰਬੰਧਕੀ ਅਮਲੇ, ਰਾਜਨੀਤੀਵਾਨਾਂ ਅਤੇ ਆਮ ਨਾਗਰਿਕਾਂ ਨੂੰ ਸ਼ਿਕਾਰ ਬਣਾਉਂਦੇ ਰਹੇ। ਅਮਰੀਕਾ ਉਹਨਾਂ ਉੱਤੇ ਇਮਾਨਦਾਰੀ ਨਾਲ ਦਬਾਅ ਬਣਾਉਣ ਦੀ ਥਾਂ ਸਿਰਫ਼ ਅੱਤਵਾਦ ਨੂੰ ਨਿੰਦਣ ਦੀ ਜ਼ਬਾਨੀ ਕਾਰਵਾਈ ਕਰਦਾ ਰਿਹਾ। ਸਾਲ 2014 ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਅਮਰੀਕੀ ਹਾਕਮ ਗੱਲੀਂਬਾਤੀਂ ਅੱਤਵਾਦ ਦੇ ਵਿਰੋਧ ਦੀ ਹਾਮੀ ਭਰਦੇ ਰਹੇ, ਪ੍ਰੰਤੂ ਠੋਸ ਕਾਰਵਾਈ ਕਰਦੇ ਸਮੇਂ ਉਹਨਾਂ ਦੇ ਆਪਣੇ ਹਿੱਤ ਸਾਹਮਣੇ ਆ ਜਾਂਦੇ ਸਨ।
ਟਰੰਪ ਸਰਕਾਰ ਨੇ ਹੁਣ ਟਵੀਟ ਰਾਹੀਂ ਐਲਾਨ ਕੀਤਾ ਹੈ ਕਿ ਉਹ 255 ਮਿਲੀਅਨ ਡਾਲਰ ਦੀ ਸਹਾਇਤਾ ਨੂੰ ਰੋਕਣ ਜਾ ਰਹੀ ਹੈ, ਕਿਉਂਕਿ ਪਾਕਿਸਤਾਨ ਇਸ ਪੈਸੇ ਦੀ ਵਰਤੋਂ ਕਰਦੇ ਸਮੇਂ ਝੂਠ ਦਾ ਸਹਾਰਾ ਲੈਂਦਾ ਰਿਹਾ ਹੈ। ਇਹ ਐਲਾਨ ਲਾਗੂ ਹੋਣ ਵਿੱਚ ਅਜੇ ਟਰੰਪ ਸਰਕਾਰ ਨੂੰ ਕਈ ਪੜਾਵਾਂ ਵਿੱਚੋਂ ਲੰਘਣਾ ਪੈਣਾ ਹੈ। ਅਜਿਹੇ ਐਲਾਨ ਪਹਿਲਾਂ ਵੀ ਅਮਰੀਕਾ ਕਈ ਵਾਰ ਕਰ ਚੁੱਕਾ ਹੈ, ਪ੍ਰੰਤੂ ਉਹ ਉਸੇ ਰਸਤੇ ਉੱਤੇ ਤੁਰ ਪੈਂਦਾ ਹੈ। ਸ਼ਾਇਦ ਪਿਛਲੇ ਸਮੇਂ ਵਿੱਚ ਪਾਕਿਸਤਾਨ ਦੀ ਚੀਨ ਨਾਲ ਵਧਦੀ ਨੇੜਤਾ ਦੀ ਚਿੰਤਾ ਵਿੱਚੋਂ ਅਮਰੀਕਾ ਨੇ ਇਹ ਕਦਮ ਚੁੱਕਿਆ ਹੋਵੇ। ਅਮਰੀਕਾ ਦੇ ਇਸ ਐਲਾਨ ਦਾ ਭਾਰਤ ਵਿਚਲੀਆਂ ਪਾਕਿਸਤਾਨ ਦੁਆਰਾ ਸੰਚਾਲਤ ਅੱਤਵਾਦੀ ਘਟਨਾਵਾਂ ਦਾ ਕਿੰਨਾ ਅਸਰ ਹੁੰਦਾ, ਇਹ ਤਾਂ ਭਵਿੱਖ ਵਿਚਲੀ ਸੱਚਾਈ ਤੋਂ ਹੀ ਪਤਾ ਲੱਗੇਗਾ।
ਮੋਦੀ ਸਰਕਾਰ ਅਮਰੀਕਾ ਦੇ ਇਸ ਐਲਾਨ ਉੱਤੇ ਆਪਣੀ ਪਿੱਠ ਥਾਪੜ ਰਹੀ ਹੈ ਅਤੇ ਇਸ ਨੂੰ ਪਾਕਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਵਿੱਚ ਨਿਖੇੜਨ ਵੱਲ ਵੱਡਾ ਕਦਮ ਦੱਸ ਰਹੀ ਹੈ। ਅਸਲ ਵਿੱਚ ਅੱਤਵਾਦ ਦਾ ਖ਼ਾਤਮਾ ਭਾਰਤ ਦੇ ਲੋਕਾਂ ਨੇ ਕਰਨਾ ਹੈ, ਵਿਸ਼ੇਸ਼ ਤੌਰ ਉੱਤੇ ਕਸ਼ਮੀਰ ਦੇ ਲੋਕਾਂ ਨੇ। ਸਭ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਉਹਨਾਂ ਅੰਦਰ ਭਰੋਸਾ ਪੈਦਾ ਕਰਨਾ ਹੋਵੇਗਾ ਅਤੇ ਕਸ਼ਮੀਰ ਸਮੱਸਿਆ ਨੂੰ ਵੱਡੇ ਪ੍ਰਸੰਗ ਵਿੱਚ ਰੱਖ ਕੇ ਵੇਖਣ ਦੀ ਲੋੜ ਹੈ। ਇਤਿਹਾਸ ਗਵਾਹ ਹੈ ਕਿ ਭਾਰਤ ਦੇ ਹਰ ਹਿੱਸੇ ਵਿੱਚ ਲੋਕਾਂ ਨੇ ਅੱਤਵਾਦ ਦਾ ਮੁਕਾਬਲਾ ਆਪ ਹੀ ਕੀਤਾ ਹੈ। ਅਮਰੀਕਾ ਸਾਡੇ ਪ੍ਰਤੀ ਸੁਹਿਰਦ ਹੋਣ ਦੀ ਥਾਂ ਆਪਣੀਆਂ ਗਿਣਤੀਆਂ-ਮਿਣਤੀਆਂ ਵੱਲ ਬਹੁਤਾ ਧਿਆਨ ਦਿੰਦਾ ਹੈ। ਇਸ ਹਕੀਕਤ ਨੂੰ ਸਮਝਣ ਦੀ ਲੋੜ ਹੈ।