Latest News

ਚਿੰਤਾ 'ਚ ਫਸੀ ਭਾਜਪਾ

Published on 05 Jan, 2018 11:31 AM.


ਸਾਡੀ ਅਜੋਕੀ ਰਾਜਨੀਤੀ ਤੇ ਖ਼ਾਸ ਕਰ ਕੇ ਕੇਂਦਰੀ ਸੱਤਾ ਉੱਤੇ ਬਿਰਾਜਮਾਨ ਭਾਜਪਾ ਦੀ ਤਰਾਸਦੀ ਇਹ ਹੈ ਕਿ ਆਜ਼ਾਦੀ ਮਗਰੋਂ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਸਮਾਜ ਦੇ ਸਭਨਾਂ ਵਰਗਾਂ ਤੇ ਭਾਈਚਾਰਿਆਂ ਨੂੰ ਇੱਕ ਸੁਰ ਕਰਨ ਦੀ ਜਿਹੜੀ ਨੀਤੀ ਅਪਣਾਈ ਗਈ ਸੀ, ਉਸ ਨੂੰ ਅੱਖੋਂ ਪਰੋਖੇ ਕਰ ਕੇ ਉਹ ਸੱਤਾ ਦੀ ਸਿਆਸਤ ਕਰਨ ਵਿੱਚ ਲੱਗੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਸਮੇਂ ਇਹ ਨਾਹਰਾ ਲਾਇਆ ਸੀ; 'ਸਭ ਕਾ ਸਾਥ, ਸਭ ਕਾ ਵਿਕਾਸ', ਪਰ ਉਨ੍ਹਾ ਨੇ ਆਪਣੇ ਕਾਂਗਰਸ-ਮੁਕਤ ਭਾਰਤ ਦੇ ਏਜੰਡੇ ਨੂੰ ਅਮਲੀ ਰੂਪ ਦੇਣ ਲਈ ਕੱਟੜ ਹਿੰਦੂਤੱਵੀ ਏਜੰਡੇ ਨੂੰ ਅਪਣਾ ਲਿਆ। ਉਹ ਸਮਝਦੇ ਸਨ ਕਿ ਘੱਟ-ਗਿਣਤੀ ਭਾਈਚਾਰਿਆਂ ਨੂੰ ਅੱਖੋਂ ਪਰੋਖੇ ਕਰ ਕੇ ਬਹੁ-ਗਿਣਤੀ ਦੀ ਹਮਾਇਤ ਨਾਲ ਆਪਣੇ ਮੰਤਵ ਨੂੰ ਪ੍ਰਾਪਤ ਕਰ ਸਕਦੇ ਹਨ। ਉਨ੍ਹਾ ਨੇ ਦੇਸ ਦੇ ਸਰਬ-ਪੱਖੀ ਵਿਕਾਸ ਲਈ ਜਿਹੜਾ ਗੁਜਰਾਤ ਮਾਡਲ ਜਨਤਾ-ਜਨਾਰਧਨ ਨੂੰ ਪਰੋਸਿਆ ਸੀ, ਉਸ ਨੂੰ ਹੁਣੇ-ਹੁਣੇ ਹੋਈਆਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ, ਨੌਜੁਆਨਾਂ ਤੇ ਏਥੋਂ ਤੱਕ ਕਿ ਦਲਿਤ ਭਾਈਚਾਰੇ ਨੇ ਵੀ ਨਕਾਰ ਦਿੱਤਾ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਨੀਤੀ ਆਯੋਗ ਤੱਕ ਦੇ ਕਰਤੇ-ਧਰਤਿਆਂ ਨੇ ਵੀ ਇਸ ਤਲਖ ਹਕੀਕਤ ਨੂੰ ਪਛਾਣ ਤਾਂ ਲਿਆ ਹੈ, ਪਰ ਉਹ ਇਸ ਬਾਰੇ ਕੁਝ ਕਹਿਣ ਲਈ ਤਿਆਰ ਨਹੀਂ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਇਹ ਪ੍ਰਭਾਵ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਕਿ ਉਨ੍ਹਾਂ ਦੀਆਂ ਨੀਤੀਆਂ ਦੇ ਕਾਰਨ ਹੀ ਅੱਜ ਭਾਜਪਾ ਦੇਸ ਦੇ ਉੱਨੀ ਰਾਜਾਂ ਵਿੱਚ ਸੱਤਾ ਉੱਤੇ ਬਿਰਾਜਮਾਨ ਹੈ, ਜਦੋਂ ਕਿ ਕਾਂਗਰਸ ਆਪਣੀ ਵਧੀਆ ਕਾਰਗੁਜ਼ਾਰੀ ਦੇ ਦੌਰ ਵਿੱਚ ਵੀ ਅਠਾਰਾਂ ਸੂਬਿਆਂ ਵਿੱਚ ਹੀ ਸੱਤਾ 'ਤੇ ਬਿਰਾਜਮਾਨ ਹੋ ਸਕੀ ਸੀ।
ਹੁਣੇ-ਹੁਣੇ ਮਹਾਰਾਸ਼ਟਰ ਵਿੱਚ ਜੋ ਕੁਝ ਹੋਇਆ-ਵਾਪਰਿਆ ਹੈ, ਉਸ ਨੇ ਇਹ ਗੱਲ ਮੁੜ ਸਾਹਮਣੇ ਲੈ ਆਂਦੀ ਹੈ ਕਿ ਕੇਵਲ ਘੱਟ-ਗਿਣਤੀ ਭਾਈਚਾਰੇ ਦੇ ਲੋਕ ਹੀ ਭਾਜਪਾ ਦੀਆਂ ਨੀਤੀਆਂ ਪ੍ਰਤੀ ਬੇਭਰੋਸਗੀ ਦਾ ਪ੍ਰਗਟਾਵਾ ਨਹੀਂ ਕਰ ਰਹੇ, ਸਗੋਂ ਦਲਿਤ ਭਾਈਚਾਰਾ ਵੀ ਵਿਕਾਸ ਦੇ ਸਮਾਜੀ ਪਿੜ ਵਿੱਚ ਆਪਣੇ ਨਾਲ ਹੋ ਰਹੇ ਵਿਤਕਰੇ ਤੋਂ ਦੁਖੀ ਹੈ। ਕੋਰੇਗਾਂਵ ਦੀ ਘਟਨਾ ਮਗਰੋਂ ਜਿਸ ਤਰ੍ਹਾਂ ਰਾਜਧਾਨੀ ਮੁੰਬਈ ਤੋਂ ਲੈ ਕੇ ਸਮੁੱਚੇ ਮਹਾਰਾਸ਼ਟਰ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੇ ਵਿਖਾਵੇ ਲਾਮਬੰਦ ਕੀਤੇ, ਉਹ ਇਸ ਗੱਲ ਦਾ ਸਬੂਤ ਹਨ ਕਿ ਉਹ ਆਪਣੇ ਆਤਮ-ਸਨਮਾਨ ਦੀ ਰਾਖੀ ਪ੍ਰਤੀ ਹੁਣ ਸਜੱਗ ਹੋ ਉੱਠੇ ਹਨ ਤੇ ਉਹ ਇਹ ਵੀ ਚਾਹੁੰਦੇ ਹਨ ਕਿ ਰਾਜ ਤੇ ਸਮਾਜ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ਪ੍ਰਤੀ ਆਪਣਾ ਫ਼ਰਜ਼ ਨਿਭਾਵੇ। ਉਨ੍ਹਾਂ ਨੂੰ ਲਾਹੇਵੰਦ ਰੁਜ਼ਗਾਰ ਦੇ ਪੂਰੇ ਮੌਕੇ ਪ੍ਰਾਪਤ ਕਰਵਾਏ ਜਾਣ। ਉਹ ਇਸ ਗੱਲ ਨੂੰ ਵੀ ਭੁੱਲਣ ਲਈ ਤਿਆਰ ਨਹੀਂ ਕਿ ਭਾਜਪਾ ਸ਼ਾਸਤ ਗੁਜਰਾਤ ਵਿੱਚ ਉਨ੍ਹਾਂ ਨਾਲ ਊਨਾ ਵਿੱਚ ਕੀ ਹੋਇਆ-ਵਾਪਰਿਆ ਸੀ। ਰਾਜ ਦੀ ਅਨੰਦੀ ਬੇਨ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਪਿੱਛੋਂ ਵੀ ਹਰਕਤ ਵਿੱਚ ਨਹੀਂ ਸੀ ਆਈ। ਉਸ ਨੇ ਓਦੋਂ ਹੀ ਦੋਸ਼ੀਆਂ ਵਿਰੁੱਧ ਕਨੂੰਨੀ ਕਾਰਵਾਈ ਆਰੰਭੀ, ਜਦੋਂ ਇਸ ਮਾਮਲੇ ਨੂੰ ਲੈ ਕੇ ਸਮੁੱਚੇ ਦੇਸ ਵਿੱਚ ਜ਼ਬਰਦਸਤ ਵਿਰੋਧ ਹੋਇਆ। ਕੇਵਲ ਬੁੱਧੀਜੀਵੀਆਂ ਤੇ ਸਮਾਜੀ ਕਾਰਕੁਨਾਂ ਨੇ ਹੀ ਨਹੀਂ, ਸਗੋਂ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਵੀ ਇਲੈਕਟਰਾਨਿਕ ਤੇ ਪ੍ਰਿੰਟ ਮੀਡੀਆ ਨੇ ਇਸ ਘਟਨਾ ਦਾ ਨੋਟਿਸ ਲਿਆ ਤੇ ਭਾਜਪਾ ਸ਼ਾਸਕਾਂ ਨੂੰ ਕਟਹਿਰੇ ਵਿੱਚ ਖੜੇ ਕੀਤਾ। ਭਾਜਪਾ ਤੇ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡਾਕਟਰ ਅੰਬੇਡਕਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਨ ਦੇ ਖੇਖਣ ਵੀ ਜੱਗ-ਜ਼ਾਹਰ ਹੋ ਗਏ।
ਚਾਹੇ ਪ੍ਰਧਾਨ ਮੰਤਰੀ ਮੋਦੀ ਤੇ ਨਾਗਪੁਰ ਵਿਚਲੇ ਉਨ੍ਹਾ ਦੇ ਸਰਪ੍ਰਸਤਾਂ ਨੇ ਉੱਤਰ ਪ੍ਰਦੇਸ਼ ਦੇ ਦਲਿਤ ਭਾਈਚਾਰੇ ਨਾਲ ਸੰਬੰਧਤ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਦੇ ਉੱਚ ਅਹੁਦੇ ਉੱਤੇ ਬਿਰਾਜਮਾਨ ਕਰ ਕੇ ਦਲਿਤ ਭਾਈਚਾਰੇ ਪ੍ਰਤੀ ਆਪਣੇ ਸਨੇਹ ਦਾ ਪ੍ਰਗਟਾਵਾ ਕਰਨ ਦਾ ਜਤਨ ਕੀਤਾ ਸੀ, ਪਰ ਮਹਾਰਾਸ਼ਟਰ ਦੀਆਂ ਤਾਜ਼ਾ ਘਟਨਾਵਾਂ ਨੇ ਇਹ ਗੱਲ ਉਭਾਰ ਕੇ ਸਾਹਮਣੇ ਲੈ ਆਂਦੀ ਹੈ ਕਿ ਦੇਵੇਂਦਰ ਫੜਨਵੀਸ ਦੀ ਸਰਕਾਰ ਦੇ ਕਾਰ-ਵਿਹਾਰ ਤੋਂ ਦਲਿਤ ਭਾਈਚਾਰਾ ਉੱਕਾ ਹੀ ਸੰਤੁਸ਼ਟ ਨਹੀਂ। ਦਲਿਤ ਭਾਈਚਾਰਾ ਭਲਾ ਇਸ ਗੱਲ ਨੂੰ ਕਿਵੇਂ ਅੱਖੋਂ ਓਹਲੇ ਕਰ ਸਕਦਾ ਹੈ ਕਿ ਉਨ੍ਹਾਂ ਦੇ ਇੱਕ ਹੋਣਹਾਰ ਹੈਦਰਾਬਾਦ ਯੂਨੀਵਰਸਿਟੀ ਦੇ ਖੋਜ ਦੇ ਕਾਰਜਾਂ ਵਿੱਚ ਲੱਗੇ ਰੋਹਿਤ ਵੇਮੁਲਾ ਨੂੰ ਆਪਣੇ ਨਾਲ ਹੋਏ ਦੁਰ-ਵਿਹਾਰ ਕਾਰਨ ਆਤਮ-ਹੱਤਿਆ ਕਰਨੀ ਪਈ ਸੀ? ਗਊ ਰਾਖਿਆਂ ਵੱਲੋਂ ਸਹਾਰਨਪੁਰ ਵਿੱਚ ਦਲਿਤਾਂ ਨਾਲ ਜੋ ਵਿਹਾਰ ਕੀਤਾ ਗਿਆ, ਉਸ ਨੂੰ ਉਹ ਕਿਵੇਂ ਭੁਲਾ ਸਕਦੇ ਹਨ?
ਭਾਜਪਾ ਸ਼ਾਸਕਾਂ ਨੂੰ ਹੁਣ ਇਹ ਚਿੰਤਾ ਖਾਈ ਜਾ ਰਹੀ ਹੈ ਕਿ ਜਿਵੇਂ ਗੁਜਰਾਤ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ, ਨੌਜੁਆਨਾਂ ਤੇ ਦਲਿਤ ਲੋਕਾਂ ਨੇ ਉਨ੍ਹਾਂ ਦੀਆਂ ਨੀਤੀਆਂ ਤੇ ਕਾਰ-ਵਿਹਾਰ ਪ੍ਰਤੀ ਬੇਵਿਸ਼ਵਾਸੀ ਪ੍ਰਗਟ ਕੀਤੀ ਹੈ, ਜੇ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਕੇਵਲ ਕਰਨਾਟਕ ਵਿੱਚ ਹੀ ਨਹੀਂ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਵੋਟਰਾਂ ਦਾ ਵਿਸ਼ਵਾਸ ਹਾਸਲ ਕਰਨ ਵਿੱਚ ਸਫ਼ਲ ਨਹੀਂ ਹੋ ਸਕਣਗੇ।

827 Views

e-Paper