ਰਾਹੁਲ ਨੇ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇੱਕ ਵਾਰ ਫਿਰ ਹਮਲਾ ਸਾਧਿਆ ਹੈ। ਉਨ੍ਹਾ ਪੁੱਛਿਆ ਕਿ ਤੁਹਾਡੀ ਸਰਕਾਰ ਆਈ ਨੂੰ 4 ਸਾਲ ਬੀਤ ਗਏ ਹਨ, ਲੋਕਪਾਲ ਕਦੋਂ ਲਿਆਓਗੇ। ਉਨ੍ਹਾ ਲੋਕਪਾਲ ਬਿੱਲ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਪੁਰਾਣੇ ਟਵੀਟ ਨੂੰ ਸ਼ੇਅਰ ਕਰਦਿਆਂ ਕਵਿਤਾ ਦੇ ਲਹਿਜੇ 'ਚ ਕਿਹਾ, 'ਬੀਤ ਗਏ 4 ਸਾਲ, ਨਹੀਂ ਆਇਆ ਲੋਕਪਾਲ, ਜਨਤਾ ਪੁੱਛੇ ਸਵਾਲ, ਕਦੋਂ ਤੱਕ ਝੂਠੀਆਂ ਤਾੜੀਆਂ ਵਜਾਉਂਦੇ ਰਹੋਗੇ।' ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪੁੱਛਿਆ, 'ਕੀ ਲੋਕਤੰਤਰ ਦੇ ਰਾਖੇ ਅਤੇ ਜਵਾਬਦੇਹੀ ਦੇ ਹਰਕਾਰੇ ਉਨ੍ਹਾਂ ਦੀ ਗੱਲ ਸੁਣ ਰਹੇ ਹਨ।' ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਜਿਸ ਟਵੀਟ ਨੂੰ ਸ਼ੇਅਰ ਕੀਤਾ ਹੈ, ਉਹ 18 ਦਸੰਬਰ 2013 ਦਾ ਹੈ, ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ 2014 ਦੀਆਂ ਆਮ ਚੋਣਾਂ ਵਿੱਚ ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ। ਇਸ ਟਵੀਟ ਵਿੱਚ ਮੋਦੀ ਨੇ ਉਸ ਵੇਲੇ ਲਿਖਿਆ ਸੀ ਕਿ ਲੋਕਪਾਲ ਬਿੱਲ ਨੂੰ ਹਰ ਸੂਰਤ ਵਿੱਚ ਪਾਸ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਜਪਾ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਪਾਲ ਬਿੱਲ ਦਾ ਸਮੱਰਥਨ ਕਰਦੀ ਰਹੀ ਹੈ। ਜਦੋਂ ਸੰਸਦ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਨੇ ਲੋਕਪਾਲ ਬਿੱਲ ਲਿਆਂਦਾ ਸੀ ਤਾਂ ਉਸ ਵੇਲੇ ਭਾਜਪਾ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਲੋਕਪਾਲ ਦੇ ਦਾਇਰੇ ਵਿੱਚ ਪ੍ਰਧਾਨ ਮੰਤਰੀ ਨੂੰ ਨਹੀਂ ਲਿਆਂਦਾ ਗਿਆ। ਇਸ ਦਾ ਅਰਥ ਸੀ ਕਿ ਭਾਜਪਾ ਉਸ ਵੇਲੇ ਪ੍ਰਧਾਨ ਮੰਤਰੀ ਅਹੁਦੇ ਨੂੰ ਲੋਕਪਾਲ ਦੇ ਦਾਇਰੇ 'ਚ ਲਿਆਉਣਾ ਚਾਹੁੰਦੀ ਸੀ, ਪਰ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ ਵਾਲੇ ਹਨ, ਪਰ ਸਰਕਾਰ ਨੇ ਇਸ ਮੁੱਦੇ 'ਤੇ ਹੁਣ ਤੱਕ ਚੁੱਪ ਸਾਧੀ ਹੋਈ ਹੈ।
ਜ਼ਿਕਰਯੋਗ ਹੈ ਕਿ ਯੂ ਪੀ ਦੀ ਸਰਕਾਰ ਨੇ ਜਦੋਂ ਲੋਕ ਸਭਾ ਵਿੱਚ ਲੋਕਪਾਲ ਬਿੱਲ ਪੇਸ਼ ਕੀਤਾ ਸੀ ਤਾਂ ਉਸ ਵੇਲੇ ਦੀ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਨੂੰ ਲੋਕਪਾਲ ਦੇ ਦਾਇਰੇ ਵਿੱਚ ਨਾ ਲਿਆ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਸ ਵੇਲੇ ਸੁਸ਼ਮਾ ਸਵਰਾਜ ਨੇ ਇਹ ਦਲੀਲ ਦਿੱਤੀ ਸੀ ਕਿ ਆਈ ਪੀ ਸੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਵਿੱਚ ਜਦੋਂ ਪ੍ਰਧਾਨ ਮੰਤਰੀ ਨੂੰ ਕੋਈ ਛੋਟ ਨਹੀਂ ਤਾਂ ਲੋਕਪਾਲ ਵਿੱਚ ਪ੍ਰਧਾਨ ਮੰਤਰੀ ਨੂੰ ਕਿਉਂ ਛੋਟ ਦਿੱਤੀ ਜਾ ਸਕਦੀ ਹੈ।
ਉਸ ਵੇਲੇ ਸੁਸ਼ਮਾ ਸਵਰਾਜ ਨੇ ਲੋਕਪਾਲ ਬਿੱਲ ਵਿੱਚ ਕਈ ਸੋਧਾਂ ਕਰਨ ਦੀ ਵਕਾਲਤ ਵੀ ਕੀਤੀ ਸੀ, ਪਰ ਉਸ ਤੋਂ ਬਾਅਦ ਐੱਨ ਡੀ ਏ ਸਰਕਾਰ ਨੇ ਲੋਕਪਾਲ ਬਿੱਲ ਨੂੰ ਵੱਟੇ-ਖਾਤੇ ਪਾ ਦਿੱਤਾ।