ਜੀ ਐੱਸ ਟੀ ਦੀ ਮਾਰ; 94 ਕਰੋੜ ਦੇ ਮੁੱਲ ਦਾ ਕੋਰੀਅਰ ਜ਼ਬਤ

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਅੰਗਾੜੀਆ ਵਰਕਰਜ਼ 'ਤੇ ਜੀ ਐੱਸ ਟੀ ਛਾਪੇ ਨਾਲ ਵੱਡੀ ਮਾਰ ਪਈ ਹੈ। ਫਰਮ ਵੱਲੋਂ ਭੇਜਿਆ ਗਿਆ 94 ਕਰੋੜ ਰੁਪਏ ਦੀ ਰਕਮ ਦਾ ਕੋਰੀਅਰ ਮੁੰਬਈ 'ਚ ਜ਼ਬਤ ਕਰ ਲਿਆ ਗਿਆ, ਜਿਸ 'ਚ ਸ਼ੁੱਧ ਹੀਰੇ, ਸੋਨੇ ਦੇ ਬਿਸਕੁਟ, ਗਹਿਣੇ ਅਤੇ ਨਗਦੀ ਵਰਗੀਆਂ ਕੀਮਤੀ ਚੀਜ਼ਾਂ ਸ਼ਾਮਲ ਸਨ। ਛਾਪੇ ਨਾਲ ਰਤਨ ਕਾਰੋਬਾਰੀਆਂ ਨੂੰ ਵੱਡੇ ਨੁਕਸਾਨ ਦਾ ਡਰ ਹੈ, ਜਿਨ੍ਹਾਂ ਦਾ ਕਾਰੋਬਾਰ ਕੋਰੀਅਰ ਨੈੱਟਵਰਕ 'ਤੇ ਨਿਰਭਰ ਹੈ।
ਜੀ ਐੱਸ ਟੀ ਵਿਭਾਗ ਹੁਣ ਇਨਕਮ ਟੈਕਸ ਅਤੇ ਕਸਟਮ ਅਧਿਕਾਰੀਆਂ ਦੀ ਮਦਦ ਨਾਲ ਸੋਨੇ ਦੇ ਬਿਸਕੁਟਾਂ ਦੇ ਸਰੋਤ ਦਾ ਪਤਾ ਲਾਉਣ ਦਾ ਯਤਨ ਕਰ ਰਿਹਾ ਕਿ ਕਿਤੇ ਵਿਦੇਸ਼ ਤੋਂ ਸਮਗਲਿੰਗ ਰਾਹੀਂ ਇਹ ਬਿਸਕੁਟ ਭਾਰਤ ਤਾਂ ਨਹੀਂ ਲਿਆਂਦੇ ਗਏ। ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਅੰਗਾੜੀਆ ਵਰਕਰਜ਼ ਦੇ ਗੁਜਰਾਤ ਤੋਂ ਮੁੰਬਈ 85 ਕੋਰੀਅਰ ਰੋਕ ਲਏ ਸਨ ਅਤੇ ਪੂਰੇ ਕਾਗਜ਼ਾਤ ਨਾ ਹੋਣ ਕਾਰਨ ਕੋਰੀਅਰ ਜ਼ਬਤ ਕਰ ਲਏ ਗਏ ਸਨ।
ਮਾਮਲੇ 'ਤੇ ਚਿੰਤਾ ਪ੍ਰਗਟ ਕਰਦਿਆਂ ਮੁੰਬਈ ਦੇ ਹੀਰਾ ਕਾਰੋਬਾਰੀਆਂ ਅਤੇ ਜੌਹਰੀਆਂ ਨੇ ਕਿਹਾ ਕਿ ਅੰਗਾੜੀਆ ਸਰਵਿਸ ਇੰਡਸਟਰੀ 'ਚ ਪਿਛਲੇ ਸਾਲ ਸਪਲਾਈ ਚੈਨ ਦਾ ਅਹਿਮ ਹਿੱਸਾ ਰਹੀ ਅਤੇ ਉਸ ਰਾਹੀਂ 70 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ ਰਤਨ, ਨਗਦੀ ਅਤੇ ਦੂਜੇ ਕੀਮਤੀ ਸਾਮਾਨ ਦਾ ਅਦਾਨ-ਪ੍ਰਦਾਨ ਕੀਤਾ ਗਿਆ।
ਹੁਣ ਜੀ ਐੱਸ ਟੀ ਐਕਟ ਅਨੁਸਾਰ ਇੱਕ ਤੋਂ ਦੂਜੇ ਰਾਜ ਵਿਚਕਾਰ ਵਸਤੂਆਂ ਦੀ ਆਵਾਜਾਈ ਈ-ਬਿੱਲ ਰਾਹੀਂ ਹੋਣੀ ਜ਼ਰੂਰੀ ਹੈ, ਜੋ ਜੀ ਐੱਸ ਟੀ ਪੋਰਟਲ 'ਚ ਜਨਰੇਟ ਕੀਤੀ ਜਾ ਸਕਦੀ ਹੈ। ਮੁੰਬਈ ਦੇ ਜੀ ਐੱਸ ਟੀ ਕਮਿਸ਼ਨਰ ਕੇ ਐੱਨ ਰਾਘਵਨ ਨੇ ਦੱਸਿਆ ਕਿ ਗੁਜਰਾਤ ਤੋਂ ਆਏ 58 ਕੋਰੀਅਰ ਜ਼ਬਤ ਕੀਤੇ ਗਏ, ਜਿਨ੍ਹਾਂ 'ਚ 90 ਬੈਗਾਂ 'ਚ 1042 ਭਾਰੀ ਕੀਮਤ ਵਾਲੇ ਪਾਰਸਲ ਸਨ ਅਤੇ ਇਹਨਾਂ 'ਚੋਂ ਸਿਰਫ਼ 200 ਪਾਰਸਲਾਂ 'ਤੇ ਹੀ ਜੀ ਐੱਸ ਟੀ ਇਨਵਾਇਸ ਸੀ, ਜਦ ਕਿ 842 ਪਾਰਸਲਾਂ ਬਾਰੇ ਕੋਈ ਦਸਤਾਵੇਜ਼ ਨਹੀਂ ਸੀ, ਜਿਸ ਕਾਰਨ ਇਹ ਪਾਰਸਲ ਜਾਂਚ ਦੇ ਘੇਰੇ 'ਚ ਹਨ।
ਉਨ੍ਹਾ ਦੱਸਿਆ ਕਿ ਜ਼ਬਤ ਕੀਤੇ ਗਏ ਸਾਮਾਨ 'ਚ 69 ਕਰੋੜ ਰੁਪਏ ਦੇ ਹੀਰੇ, 16 ਕਰੋੜ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ 3 ਕਰੋੜ ਰੁਪਏ ਦੀ ਭਾਰਤੀ ਕਰੰਸੀ ਅਤੇ 60 ਲੱਖ ਰੁਪਏ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਸ਼ਾਮਲ ਹੈ। ਰਤਨ ਕਾਰੋਬਾਰੀ ਨਰੇਸ਼ ਮਹਿਤਾ ਨੇ ਕਿਹਾ ਕਿ ਮਾਮਲਾ ਟੈਕਸ ਨਾਲ ਨਹੀਂ, ਸਗੋਂ ਪੇਪਰ ਵਰਕ ਨਾਲ ਸੰਬੰਧਤ ਹੈ। ਉਨ੍ਹਾ ਕਿਹਾ ਕਿ ਦਸਤਾਵੇਜ਼ ਦਿਖਾਉਣ ਮਗਰੋਂ ਸਾਮਾਨ ਛੁਡਵਾ ਲਿਆ ਜਾਵੇਗਾ।