ਸਿਨਮਾਂ ਘਰਾਂ 'ਚ ਰਾਸ਼ਟਰ ਗਾਨ ਵਜਾਉਣਾ ਜ਼ਰੂਰੀ ਨਹੀਂ : ਸੁਪਰੀਮ ਕੋਰਟ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪਣੇ ਇੱਕ ਅਹਿਮ ਫ਼ੈਸਲੇ 'ਚ ਕਿਹਾ ਕਿ ਸਿਨਮਾ ਘਰਾਂ 'ਚ ਰਾਸ਼ਟਰ ਗਾਨ ਵਜਾਉਣਾ ਜ਼ਰੂਰੀ ਨਹੀਂ। ਅਦਾਲਤ ਨੇ ਕਿਹਾ ਕਿ ਇਸ ਸੰਬੰਧ 'ਚ ਅਗਲੇ ਨਿਯਮ ਕੇਂਦਰ ਸਰਕਾਰ ਦੀ ਕਮੇਟੀ ਤੈਅ ਕਰੇਗੀ। ਜ਼ਿਕਰਯੋਗ ਹੈ ਕਿ ਆਪਣੇ ਰੁਖ 'ਚ ਬਦਲਾਅ ਕਰਦਿਆਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਆਪਣੇ ਹੁਕਮ ਬਦਲਣ ਦੀ ਅਪੀਲ ਕੀਤੀ ਸੀ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਿਨਮਾ ਘਰਾਂ 'ਚ ਕਿਸੇ ਫ਼ਿਲਮ ਦੀ ਸ਼ੁਰੂਆਤ ਤੋਂ ਪਹਿਲਾਂ ਰਾਸ਼ਟਰ ਗਾਨ ਵਜਾਉਣ ਨੂੰ ਜ਼ਰੂਰੀ ਕਰਨ ਬਾਰੇ ਉਸ ਦੇ ਪਹਿਲੇ ਹੁਕਮ 'ਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ। ਮਾਮਲੇ ਦੀ ਅੱਜ ਸੁਣਵਾਈ ਹੋਣੀ ਸੀ ਅਤੇ ਅਦਾਲਤ ਨੇ ਅਹਿਮ ਫੈਸਲਾ ਦਿੰਦਿਆਂ ਕਿਹਾ ਕਿ ਸਿਨਮਾ ਘਰਾਂ 'ਚ ਰਾਸ਼ਟਰ ਗਾਨ ਵਜਾਉਣਾ ਹੁਣ ਜ਼ਰੂਰੀ ਨਹੀਂ।
ਕੇਂਦਰ ਨੇ ਕਿਹਾ ਕਿ ਇੱਕ ਅੰਤਰ ਮੰਤਰਾਲਾ ਕਮੇਟੀ ਬਣਾਈ ਗਈ ਹੈ, ਕਿਉਂਕਿ ਉਨ੍ਹਾਂ ਹਲਾਤ ਅਤੇ ਮੌਕਿਆਂ ਦਾ ਜ਼ਿਕਰ ਕਰਨ ਵਾਲੇ ਦਿਸ਼ਾ-ਨਿਰਦੇਸ਼ ਤੈਅ ਕਰਨ ਲਈ ਡੂੰਘਾ ਵਿਚਾਰ-ਵਟਾਂਦਰਾ ਜ਼ਰੂਰੀ ਹੈ ਕਿ ਕਦੋਂ ਰਾਸ਼ਟਰ ਗਾਨ ਵਜਾਇਆ ਜਾਣਾ ਚਾਹੀਦਾ ਹੈ। ਸਰਕਾਰ ਨੇ ਕਿਹਾ ਕਿ ਅਦਾਲਤ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ 'ਤੇ ਵਿਚਾਰ ਕਰ ਸਕਦੀ ਹੈ, ਅਰਥਾਤ ਅਦਾਲਤ 30 ਨਵੰਬਰ 2016 ਨੂੰ ਦਿੱਤੇ ਗਏ ਹੁਕਮ ਤੋਂ ਪਹਿਲਾਂ ਦੀ ਸਥਿਤੀ ਬਹਾਲ ਰੱਖ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਹੁਕਮ ਰਾਹੀਂ ਸਾਰੇ ਸਿਨਮਾ ਘਰਾਂ 'ਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰ ਗਾਨ ਜ਼ਰੂਰੀ ਕੀਤਾ ਗਿਆ ਸੀ।
ਸਰਕਾਰ ਨੇ ਕਿਹਾ ਕਿ ਉਸ ਨੇ ਗ੍ਰਹਿ ਮੰਤਰੀ ਦੇ ਵਧੀਕ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਅੰਤਰ ਮੰਤਰਾਲਾ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ 'ਚ ਰੱਖਿਆ, ਵਿਦੇਸ਼, ਸੱਭਿਆਚਾਰਕ, ਮਹਿਲਾ ਅਤੇ ਬਾਲ ਵਿਕਾਸ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਸਮੇਤ ਵੱਖ-ਵੱਖ ਮੰਤਰਾਲਿਆਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ।
ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਦਿੱਤੇ ਗਏ ਹਲਫ਼ਨਾਮੇ 'ਚ ਕਿਹਾ ਗਿਆ ਹੈ ਕਿ ਕਮੇਟੀ 'ਚ ਸੂਚਨਾ ਅਤੇ ਪ੍ਰਸਾਰਨ, ਘੱਟ ਗਿਣਤੀ ਮਾਮਲੇ ਮੰਤਰਾਲਾ, ਕਾਨੂੰਨੀ ਮਾਮਲਿਆਂ ਬਾਰੇ ਵਿਭਾਗ, ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਵਿਕਲਾਂਗ ਜਨ ਅਧਿਕਾਰਤ ਵਿਭਾਗ ਦੇ ਨੁਮਾਇੰਦੇ ਵੀ ਹੋਣਗੇ। ਸਰਕਾਰ ਨੇ ਕਿਹਾ ਕਿ ਕਮੇਟੀ ਵੱਲੋਂ ਰਾਸ਼ਟਰ ਗਾਨ ਨਾਲ ਜੁੜੇ ਕਈ ਮਾਮਲਿਆਂ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਕਮੇਟੀ ਨੂੰ ਉਸ ਦੇ ਗਠਨ ਤੋਂ 6 ਮਹੀਨਿਆਂ ਅੰਦਰ ਰਿਪੋਰਟ ਦੇਣੀ ਪਵੇਗੀ।