ਯਸ਼ਵੰਤ ਸਿਨ੍ਹਾ ਵੱਲੋਂ ਮੋਦੀ 'ਤੇ ਨਿਸ਼ਾਨਾ ਹੁਣ ਖੁੱਲ੍ਹੇਆਮ ਬੋਲਾਂਗਾ


ਜਬਲਪੁਰ
(ਨਵਾਂ ਜ਼ਮਾਨਾ ਸਰਵਿਸ)
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ ਨੇ ਇੱਕ ਵਾਰ ਫੇਰ ਬਾਗੀ ਸੁਰ ਦਿਖਾਉਂਦਿਆਂ ਦਾਅਵਾ ਕੀਤਾ ਹੈ ਕਿ ਅੱਜ ਦੀ ਭਜਾਪਾ ਉਹ ਭਾਜਪਾ ਨਹੀਂ ਰਹਿ ਗਈ, ਜੋ ਅਟਲ ਬਿਹਾਰੀ ਵਾਜਪਾਈ ਅਤੇ ਐੱਲ ਕੇ ਅਡਵਾਨੀ ਦੇ ਜ਼ਮਾਨੇ 'ਚ ਹੁੰਦੀ ਸੀ। ਸਿਨ੍ਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਭਾਜਪਾ ਵਾਜਪਾਈ ਜਾਂ ਅਡਵਾਨੀ ਵਾਲੀ ਨਹੀਂ ਰਹੀ। ਉਨ੍ਹਾਂ ਟਾਇਮ ਕਿਸੇ ਵੇਲੇ ਵੀ ਉਸ ਵੇਲੇ ਦੇ ਪਾਰਟੀ ਪ੍ਰਧਾਨ ਅਡਵਾਨੀ ਨੂੰ ਸਮਾਂ ਲਏ ਬਗੈਰ ਮਿਲਿਆ ਜਾ ਸਕਦਾ ਸੀ, ਪਰ ਅੱਜ ਉਹ ਵਿਵਸਥਾ ਬਦਲ ਗਈ ਹੈ।
ਸਿਨ੍ਹਾ ਨੇ ਕਿਹਾ ਕਿ ਉਹਨਾਂ ਨੇ 13 ਮਹੀਨੇ ਪਹਿਲਾਂ ਮੋਦੀ ਤੋਂ ਮਿਲਣ ਲਈ ਸਮਾਂ ਮੰਗਿਆ ਸੀ, ਪਰ ਉਹਨਾਂ ਨੂੰ ਮਿਲਣ ਲਈ ਅੱਜ ਤੱਕ ਸਮਾਂ ਨਹੀਂ ਮਿਲ ਸਕਿਆ। ਉਨ੍ਹਾ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਗੱਲਬਾਤ ਖੁੱਲ੍ਹੀ ਅਤੇ ਜਨਤਕ ਹੋਵੇਗੀ ਅਤੇ ਇਹ ਗੱਲਬਾਤ ਬੰਦ ਕਮਰੇ 'ਚ ਨਹੀਂ ਹੋਵੇਗੀ। ਉਹਨਾ ਕਿਹਾ ਕਿ ਵਿਰੋਧੀ ਧਿਰ ਰਹਿੰਦਿਆਂ ਭਾਜਪਾ ਜਿਹੜੀਆਂ ਗੱਲਾਂ ਦਾ ਵਿਰੋਧ ਕਰਦੀ ਰਹੀ ਹੈ, ਉਹਨਾਂ ਨੂੰ ਹੁਣ ਲਾਗੂ ਕਰਨ ਦੇ ਰਾਹ ਤੁਰੀ ਹੋਈ ਹੈ। ਸਿਨ੍ਹਾ ਨੇ ਕਿਹਾ ਕਿ ਨੋਟਬੰਦੀ ਕਾਰਨ ਦੇਸ਼ ਨੂੰ 3.75 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਤੁਗਲਕ ਵਰਗਾ ਸੀ ਮੋਦੀ ਦਾ ਇਹ ਫੈਸਲਾ। ਉਹਨਾਂ ਕਿਹਾ ਕਿ ਮੰਦਹਾਲੀ ਕਾਰਨ ਦੇਸ਼ ਦੇ ਕਈ ਸੂਬਿਆਂ 'ਚ ਕਿਸਾਨ ਮਰ ਰਹੇ ਹਨ, ਪਰ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੋ ਰਹੀ। ਉਹਨਾ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਵਾਜਬ ਭਾਅ ਨਹੀਂ ਮਿਲ ਰਹੇ।