ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਹਲਾਕ ਜਗਰਾਉਂ


(ਸੰਜੀਵ ਅਰੋੜਾ)
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਨਾਨਕਸਰ ਨਜ਼ਦੀਕ ਵਾਪਰੇ ਭਿਆਨਕ ਦਰਦਨਾਕ ਹਾਦਸੇ 'ਚ ਪਤੀ-ਪਤਨੀ ਤੇ ਬੱਚੇ ਸਮੇਤ ਤਿੰਨ ਦੀ ਮੌਤ ਹੋ ਗਈ, ਜਦਕਿ ਗੱਡੀ ਸਵਾਰ 6 ਮਹੀਨਿਆਂ ਦੀ ਬੱਚੀ ਵਾਲ-ਵਾਲ ਬਚ ਗਈ। ਇਹ ਹਾਦਸਾ ਚੰਡੀਗੜ੍ਹ ਤੋਂ ਫਰੀਦਕੋਟ ਜਾ ਰਹੀ ਆਈ-20 ਕਾਰ ਤੇ ਮੋਗਾ ਤੋਂ ਲੁਧਿਆਣਾ ਆ ਰਹੇ ਟਰੱਕ ਵਿਚਕਾਰ ਹੋਇਆ। ਜਾਣਕਾਰੀ ਅਨੁਸਾਰ ਚੰਡੀਗੜ੍ਹ ਰਹਿੰਦੇ ਐਡੋਵਕੇਟ ਸੁਦਰਸ਼ਨ ਕੁਮਾਰ (32) ਆਪਣੀ ਕਾਰ 'ਚ ਪਤਨੀ ਸੀਮਾ ਰਾਣੀ (28), ਚਾਰ ਸਾਲ ਦਾ ਲੜਕਾ ਧਰੁਵ ਤੇ ਛੇ ਮਹੀਨਿਆਂ ਦੀ ਲੜਕੀ ਦੀਵਾਨੀ ਅਤੇ ਘਰੇਲੂ ਨੌਕਰਾਣੀ ਕਾਜਲ (35) ਨਾਲ ਫਰੀਦਕੋਟ ਮਾਮੇ ਦੇ ਘਰ ਭੋਗ ਸਮਾਰੋਹ 'ਤੇ ਜਾ ਰਹੇ ਸਨ। ਐਡਕੋਕੇਟ ਸੁਦਰਸ਼ਨ ਕੁਮਾਰ ਸਵੇਰੇ 6.15 'ਤੇ ਘਰ ਤੋਂ ਨਿਕਲੇ। ਲੁਧਿਆਣਾ ਪਹੁੰਚਣ ਦੇ ਕਰੀਬ ਸਾਢੇ ਸੱਤ ਵਜੇ ਆਪਣੇ ਸੁਹਰੇ ਪਰਵਾਰ ਨਾਲ ਫੋਨ 'ਤੇ ਗੱਲਬਾਤ ਵੀ ਕੀਤੀ। ਸਾਢੇ ਅੱਠ ਵਜੇ ਦੇ ਕਰੀਬ ਇੱਥੋਂ ਚਾਰ ਕਿਲੋਮੀਟਰ ਦੂਰ ਨਾਨਕਸਰ ਕਲੇਰਾਂ ਤੋਂ ਥੋੜ੍ਹੀ ਦੂਰ ਕਾਰ ਬੇਕਾਬੂ ਹੋ ਕੇ ਡਿਵਾਇਡਰ ਨਾਲ ਟਕਰਾ ਕੇ ਸੜਕ ਦੇ ਦੂਸਰੇ ਪਾਸੇ ਜਾ ਪਹੁੰਚੀ ਤੇ ਦੂਸਰੀ ਸਾਈਡ ਖੜੇ ਟਰੱਕ ਨਾਲ ਟਕਰਾ ਗਈ, ਇਸ ਦੌਰਾਨ ਪਤੀ-ਪਤਨੀ ਤੇ ਬੇਟੇ ਦੀ ਮੌਤ ਹੋ ਗਈ, ਜਦਕਿ ਨੌਕਰਾਣੀ ਕਾਜਲ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੌਰਾਨ 6 ਮਹੀਨਿਆਂ ਦੀ ਬੱਚੀ ਵਾਲ-ਵਾਲ ਬਚ ਗਈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।