ਪੰਜਾਬ ਇਸਤਰੀ ਸਭਾ ਨੇ ਝਬਾਲ 'ਚ ਖੋਲ੍ਹਿਆ ਜ਼ਿਲ੍ਹਾ ਦਫਤਰ


ਝਬਾਲ (ਨਰਿੰਦਰ ਦੋਦੇ)
ਪੰਜਾਬ ਇਸਤਰੀ ਸਭਾ ਨੇ ਤਰਨ ਤਾਰਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਸਾਂਝੀ ਕਨਵੈਨਸ਼ਨ ਕਰਨ ਤੋਂ ਬਾਅਦ ਔਰਤਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਝਬਾਲ ਵਿਖੇ ਔਰਤਾਂ ਦਾ ਜ਼ਿਲ੍ਹੇ ਪੱਧਰ ਦਾ ਦਫਤਰ ਖੋਲ੍ਹਿਆ। ਦਫਤਰ ਦਾ ਉਦਘਾਟਨ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਕੁਸ਼ਲ ਭੌਰਾ ਤੇ ਸਰਪ੍ਰਸਤ ਨਰਿੰਦਰਪਾਲ ਨੇ ਕੀਤਾ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਬੀਬੀ ਰਮੇਸ਼ ਕੁਮਾਰੀ ਏਕਲਗੱਡਾ ਸੇਵਾਮੁਕਤ ਜ਼ਿਲ੍ਹਾ ਇਸਤਰੀ ਵਿਕਾਸ ਅਫਸਰ ਨੇ ਕੀਤੀ। ਬੀਬੀ ਰਮੇਸ਼ ਕੁਮਾਰੀ, ਸਵਰਨ ਕੌਰ ਅਤੇ ਉਹਨਾਂ ਦੀਆਂ ਸਾਥਣਾਂ ਨੇ ਝੰਡੇ ਦਾ ਗੀਤ ਗਾਇਆ। ਕਨਵੈਨਸ਼ਨ ਵਿੱਚ ਇਕੱਤਰ ਹੋਈਆਂ ਭੈਣਾਂ ਨੂੰ ਉਕਤ ਆਗੂਆਂ ਤੋਂ ਇਲਾਵਾ ਪੰਜਾਬ ਇਸਤਰੀ ਸਭਾ ਦੇ ਸੂਬਾਈ ਜਨਰਲ ਸਕੱਤਰ ਰਜਿੰਦਰਪਾਲ ਕੌਰ, ਇਸਤਰੀ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਜ਼ਿਲ੍ਹਾ ਤਰਨ ਤਾਰਨ ਦੇ ਕਾਰਜਕਾਰੀ ਸਕੱਤਰ ਦਵਿੰਦਰ ਸੋਹਲ ਅਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਯਸ਼ਪਾਲ ਨੇ ਸੰਬੋਧਨ ਕੀਤਾ। ਕਨਵੈਨਸ਼ਨ ਵੱਲੋਂ ਇੱਕ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਟ੍ਰਿਬਿਊਨ ਦੀ ਪੱਤਰਕਾਰ ਰਚਨਾ ਖਹਿਰਾ 'ਤੇ ਕੇਂਦਰ ਸਰਕਾਰ ਵੱਲੋਂ ਦਰਜ ਕੀਤਾ ਕੇਸ ਵਾਪਸ ਲਿਆ ਜਾਵੇ। ਇਸ ਪੱਤਰਕਾਰ ਨੇ ਕੋਈ ਜ਼ੁਲਮ ਨਹੀਂ ਕੀਤਾ, ਸਗੋਂ ਕੇਂਦਰ ਸਰਕਾਰ ਦੀ ਨਾਕਾਮੀ ਜੱਗ-ਜ਼ਾਹਰ ਕੀਤੀ ਹੈ। ਇਸ ਤੋਂ ਇਲਾਵਾ ਲੜਕੀਆਂ ਨੂੰ ਐੱਮ ਏ ਤੱਕ ਮੁਫਤ ਵਿੱਦਿਆ, ਲੜਕੀਆਂ ਨੂੰ ਰੁਜ਼ਗਾਰ ਵਿੱਚ ਪਹਿਲ ਦੇਣ, 'ਕੋਰੇਗਾਂਵ' ਇਲਾਕੇ ਵਿੱਚ ਫਿਰਕੂ ਹਿੰਸਾ ਭੜਕਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਬੇਕਸੂਰ ਲੋਕਾਂ 'ਤੇ ਦਰਜ ਨਜਾਇਜ਼ ਕੇਸ ਵਾਪਸ ਲੈਣ, ਗੁੰਡਾਗਰਦੀ ਨੂੰ ਨੱਥ ਪਾਉਣ, ਔਰਤਾਂ ਨਾਲ ਜਬਰ-ਜ਼ਨਾਹ ਕਰਨ ਵਾਲੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ, ਦਾਜ-ਦਹੇਜ ਦੇ ਲਾਲਚੀਆਂ ਨੂੰ ਕਦੇ ਵੀ ਨਾ ਬਖਸ਼ਣ, ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਅਤੇ ਜ਼ਖੀਰੇਬਾਜ਼ਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰਨ ਅਤੇ ਸੰਸਦ ਵਿੱਚ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਬਾਰੇ ਮਤੇ ਵੀ ਪਾਸ ਕੀਤੇ ਗਏ। ਉਕਤ ਲੋਕ ਮਸਲਿਆਂ ਨੂੰ ਲੈ ਕੇ ਝਬਾਲ ਅੱਡੇ ਦੀਆਂ ਸੜਕਾਂ 'ਤੇ ਰੋਹ ਭਰਪੂਰ ਮਾਰਚ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਸੂਬਾ ਪ੍ਰਧਾਨ ਕੁਸ਼ਲ ਭੌਰਾ ਦਾ ਭਰਪੂਰ ਸਵਾਗਤ ਕੀਤਾ ਗਿਆ। ਸੁਰਿੰਦਰ ਕੌਰ, ਹਰਜੋਤ ਕੌਰ ਵਲਟੋਹਾ, ਅਮਰਜੀਤ, ਬਲਵਿੰਦਰ ਰਾਣੀ, ਰੇਣੂਕਾ, ਗੁਰਮੀਤ, ਸੀਸੋ, ਸਰਬਜੀਤ ਕੌਰ, ਸਵਰਨ ਕਾਂਤਾ ਹਾਜ਼ਰ ਸਨ।