ਅਫਜ਼ਲ ਗੁਰੂ ਦੇ ਬੇਟੇ ਗਾਲਿਬ ਨੇ 12ਵੀਂ 'ਚ ਪ੍ਰਾਪਤ ਕੀਤੀ ਡਿਸਟਿੰਕਸ਼ਨ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
2013 'ਚ ਸੰਸਦ ਹਮਲੇ 'ਚ ਦੋਸ਼ੀ ਠਹਿਰਾ ਕੇ ਫਾਂਸੀ ਚੜ੍ਹਾ ਦਿੱਤੇ ਗਏ ਅੱਤਵਾਦੀ ਅਫਜ਼ਲ ਗੁਰੂ ਦੇ ਪੁੱਤਰ ਗਾਲਿਬ ਅਫਜ਼ਲ ਗੁਰੂ ਨੇ 12ਵੀਂ ਦੀ ਬੋਰਡ ਦੀ ਪ੍ਰੀਖਿਆ 'ਚ ਨਿਵੇਕਲਾ ਸਥਾਨ (ਡਿਸਟਿੰਕਸ਼ਨ) ਹਾਸਲ ਕੀਤਾ ਹੈ। ਦੋ ਸਾਲ ਪਹਿਲਾਂ ਦਸਵੀਂ ਦੀ ਪ੍ਰੀਖਿਆ 'ਚ ਵੀ ਗਾਲਿਬ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ ਸਨ।
ਜੰਮੂ ਐਂਡ ਕਸ਼ਮੀਰ ਸਟੇਟ ਬੋਰਡ ਆਫ ਸਕੂਲ ਐਜੂਕੇਸ਼ਨ ਵੱਲੋਂ ਅੱਜ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਗਾਲਿਬ ਅਫਜ਼ਲ ਗੁਰੂ ਨੇ ਪ੍ਰੀਖਿਆ 'ਚ 500 'ਚੋਂ 441 ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਇਨਵਾਇਰਮੈਂਟ ਸਾਇੰਸ 'ਚ 94, ਕੈਮਿਸਟਰੀ 'ਚ 89, ਫਿਜੀਕਸ 'ਚ 87, ਬਾਇਓਲੋਜੀ 'ਚ 85 ਅਤੇ ਜਨਰਲ ਇੰਗਲਿਸ਼ 'ਚ 86 ਅੰਕ ਪ੍ਰਾਪਤ ਕੀਤੇ। ਦੋ ਸਾਲ ਪਹਿਲਾਂ ਗਾਲਿਬ ਨੇ ਕਿਹਾ ਸੀ ਕਿ ਉਹ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਅਫਜ਼ਲ ਗੁਰੂ ਵੀ ਮੈਡੀਕਲ ਦਾ ਵਿਦਿਆਰਥੀ ਸੀ, ਪਰ ਉਸ ਨੇ ਪੜ੍ਹਾਈ ਵਿਚਾਲੇ ਛੱਡ ਦਿੱਤੀ ਸੀ। ਸਾਲ 2001 'ਚ ਸੰਸਦ 'ਤੇ ਅੱਤਵਾਦੀ ਹਮਲੇ ਦੇ ਸੰਬੰਧ 'ਚ ਅਫਜ਼ਲ ਗੁਰੂ ਦੀ ਗ੍ਰਿਫਤਾਰੀ ਵੇਲੇ ਗਾਲਿਬ ਸਿਰਫ ਦੋ ਸਾਲ ਦਾ ਸੀ। ਸਾਲ 2013 'ਚ ਅਫਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਗਈ।
ਬੋਰਡ ਵੱਲੋਂ ਅੱਜ ਦੀ ਦਸਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਪੈਲੇਟ ਗੰਨ ਨਾਲ ਜਖ਼ਮੀ ਹੋ ਕੇ ਅੱਖਾਂ ਦੀ ਰੋਸ਼ਨੀ ਗੁਆਉਣ ਵਾਲੀ ਸ਼ੋਪੀਆਂ ਦੀ ਇੰਸਾਂ ਮੁਸ਼ਤਾਕ ਨੇ ਪ੍ਰੀਖਿਆ ਪਾਸ ਕਰਕੇ ਹੌਸਲੇ ਦੀ ਮਿਸਾਲ ਪੇਸ਼ ਕੀਤੀ ਹੈ। ਇੰਸਾਂ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਅਤੇ ਅੱਗੋਂ ਦੀ ਪੜ੍ਹਾਈ ਲਈ ਪੂਰੀ ਤਰ੍ਹਾਂ ਤਿਆਰ ਹਾਂ।