ਵਿਦਿਆਰਥੀਆਂ-ਨੌਜਵਾਨਾਂ ਵੱਲੋਂ ਛਾਂਗਾ ਰਾਏ 'ਤੇ ਦਰਜ ਝੂਠਾ ਮਾਮਲਾ ਰੱਦ ਕਰਵਾਉਣ ਲਈ ਰੋਸ ਮੁਜ਼ਾਹਰਾ


ਫ਼ਿਰੋਜ਼ਪੁਰ (ਮਨੋਹਰ ਲਾਲ)
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਏ ਆਈ ਐੱਸ ਐੱਫ ਦੇ ਸੂਬਾ ਪ੍ਰਧਾਨ ਸਾਥੀ ਚਰਨਜੀਤ ਛਾਂਗਾ ਰਾਏ 'ਤੇ ਗੁਰੂ ਹਰ ਸਾਹਿਬ ਦੀ ਪੁਲਸ ਵੱਲੋਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਝੂਠੇ ਮਾਮਲੇ ਨੂੰ ਰੱਦ ਕਰਨ ਵਿੱਚ ਫਿਰੋਜ਼ਪੁਰ ਪੁਲਸ ਵੱਲੋਂ ਕੀਤੀ ਜਾ ਰਹੀ ਦੇਰੀ ਅਤੇ ਆਨਾਕਾਨੀ ਖ਼ਿਲਾਫ਼ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ। ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਦੀ ਅਗਵਾਈ ਨੌਜਵਾਨ ਸਭਾ ਦੀ ਸੂਬਾਈ ਕੈਸ਼ੀਅਰ ਨਰਿੰਦਰ ਕੌਰ ਸੋਹਲ, ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਪਿਆਰਾ ਸਿੰਘ ਮੇਘਾ ਅਤੇ ਏ ਆਈ ਐੱਸ ਐੱਫ ਦੇ ਪ੍ਰਧਾਨ ਸਤੀਸ਼ ਛੱਪੜੀਵਾਲਾ ਨੇ ਕੀਤੀ। ਸ਼ਹਿਰ ਵਿੱਚ ਕੱਢੇ ਗਏ ਰੋਸ ਮਾਰਚ ਮੌਕੇ ਸੈਂਕੜੇ ਦੀ ਗਿਣਤੀ ਵਿਚ ਹਾਜ਼ਰ ਵਿਦਿਆਰਥੀਆਂ ਅਤੇ ਨੌਜਵਾਨ ਏ ਆਈ ਐੱਸ ਐੱਫ ਅਤੇ ਏ ਆਈ ਵਾਈ ਐੱਫ ਦੇ ਝੰਡਿਆਂ ਅਤੇ ਬੈਨਰਾਂ ਨਾਲ ਲੈਸ ਹੋ ਕੇ ਗਰਜਵੀਂ ਆਵਾਜ਼ ਵਿੱਚ ਪੁਲਸ ਖਿਲਾਫ ਨਾਅਰੇ ਲਗਾ ਰਹੇ ਸਨ।ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸਾਥੀ ਸੁਖਜਿੰਦਰ ਮਹੇਸ਼ਰੀ ਅਤੇ ਸੂਬਾ ਪ੍ਰਧਾਨ ਪਰਮਜੀਤ ਢਾਬਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸੂਬਾ ਪ੍ਰਧਾਨ ਸਾਥੀ ਚਰਨਜੀਤ ਛਾਂਗਾ ਰਾਏ 'ਤੇ ਦਰਜ ਕੀਤਾ ਗਿਆ ਝੂਠਾ ਮਾਮਲਾ ਸਿਆਸੀ ਰੰਜਿਸ਼ ਤੋਂ ਪ੍ਰੇਰਿਤ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਬਾਰੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੁਲਸ ਖੁਦ ਚੰਗੀ ਤਰ੍ਹਾਂ ਵਾਕਫ਼ ਹੈ।ਇਸ ਦੇ ਬਾਵਜੂਦ ਸਾਥੀ ਛਾਂਗਾ ਰਾਏ 'ਤੇ ਦਰਜ ਝੂਠੇ ਮਾਮਲੇ ਨੂੰ ਰੱਦ ਕਰਨ ਵਿੱਚ ਪੁਲਸ ਵੱਲੋਂ ਕਿਉਂ ਦੇਰੀ ਕੀਤੀ ਜਾ ਰਹੀ ਹੈ।
ਆਗੂਆਂ ਨੇ ਫਿਰੋਜ਼ਪੁਰ ਦੀ ਪੁਲਸ ਨੂੰ ਸਵਾਲ ਕਰਦਿਆਂ ਕਿਹਾ ਕਿ ਇੱਕ ਪਾਸੇ ਖ਼ੁਦ ਜ਼ਿਲ੍ਹੇ ਦਾ ਪੁਲਸ ਮੁਖੀ ਮੰਨ ਰਿਹਾ ਹੈ ਕਿ ਤੁਹਾਡਾ ਸਾਥੀ ਇਸ ਮਾਮਲੇ ਵਿੱਚ ਨਿਰਦੋਸ਼ ਹੈ ਤਾਂ ਫਿਰ ਕਿਉਂ ਮਾਮਲੇ ਨੂੰ ਰੱਦ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ? ਇਸ ਮੌਕੇ ਲੜਕੀਆਂ ਦੀ ਨੌਜਵਾਨ ਸੂਬਾਈ ਆਗੂ ਨਰਿੰਦਰ ਕੌਰ ਸੋਹਲ ਅਤੇ ਏ ਆਈ ਐੱਸ ਐੱਫ ਦੇ ਸੂਬਾ ਮੀਤ ਸਕੱਤਰ ਸਾਥੀ ਸੁਖਦੇਵ ਧਰਮੂਵਾਲਾ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਅਤੇ ਨੌਜਵਾਨ ਸਰਕਾਰਾਂ ਅਤੇ ਪੁਲਸ ਦੀਆਂ ਵਧੀਕੀਆਂ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰਨਗੇ ।ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਪੁਲਸ ਮੁਖੀ ਤੋਂ ਮੰਗ ਕਰਦਿਆਂ ਕਿਹਾ ਕਿ ਏ ਆਈ ਐੱਸ ਐੱਫ ਦੇ ਸੂਬਾ ਪ੍ਰਧਾਨ ਚਰਨਜੀਤ ਛਾਂਗਾ ਰਾਏ 'ਤੇ ਦਰਜ ਕੀਤਾ ਝੂਠਾ ਮਾਮਲਾ ਤੁਰੰਤ ਰੱਦ ਕੀਤਾ ਜਾਵੇ।ਆਗੂਆਂ ਨੇ ਸਥਾਨਕ ਪੁਲਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਫ਼ਤੇ ਵਿੱਚ ਉਕਤ ਮਾਮਲਾ ਰੱਦ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਹਫਤੇ ਦਾ ਅਗਲਾ ਐਕਸ਼ਨ ਦੂਸਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਅਤੇ ਵਿਸ਼ਾਲ ਹੋਵੇਗਾ।ਇਸ ਰੋਸ ਮਾਰਚ ਨੂੰ ਹੋਰਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਸੁਖਦੇਵ ਕਾਲਾ, ਨੈਸ਼ਨਲ ਕੌਂਸਲ ਮੈਂਬਰ ਹਰਵਿੰਦਰ ਕਸੇਲ, ਵੀਨਾ ਛਾਂਗਾ ਰਾਏ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਹਰਭਜਨ ਛੱਪੜੀ ਵਾਲਾ, ਜ਼ਿਲ੍ਹਾ ਮੋਗਾ ਦੇ ਸਕੱਤਰ ਮੰਗਤ ਰਾਏ, ਗੌਰਵ ਮੁਕਤਸਰ, ਵਿਸ਼ਾਲ ਵਲਟੋਹਾ, ਰਾਜ ਟਾਹਲੀਵਾਲਾ, ਸੁਖਵਿੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੰਦੀਪ ਮਲੋਟ, ਨਰਿੰਦਰ ਢਾਬਾਂ, ਖਰੈਤ ਬੱਘੇ ਕੇ, ਜੰਮੂ ਰਾਮ ਬਨਵਾਲਾ, ਜਸਵੀਰ ਲੱਖੇ ਕੜਾਈਆਂ, ਜੋਰਾ ਸਿੰਘ ਲਾਧੂਕਾ, ਬਲਵੀਰ ਕਾਠਗੜ੍ਹ, ਤੇਜਾ ਅਮੀਰ ਖਾਸ, ਜੀਤ ਕੁਮਾਰ, ਬਲਵੰਤ, ਛਿੰਦਰ ਮਹਾਲਮ ਨੇ ਵੀ ਸੰਬੋਧਨ ਕੀਤਾ।ਇਸ ਰੋਸ ਮਾਰਚ ਦੀ ਹਮਾਇਤ ਕਰਦਿਆਂ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ (ਏਟਕ) ਪੰਜਾਬ ਦੀ ਪ੍ਰਧਾਨ ਸਰੋਜ ਛੱਪੜੀਵਾਲਾ ਅਤੇ ਸੂਬਾਈ ਆਗੂ ਸੁਨੀਲ ਕੌਰ ਬੇਦੀ ਅਤੇ ਜ਼ਿਲ੍ਹਾ ਕੈਸ਼ੀਅਰ ਬਲਵਿੰਦਰ ਕੌਰ ਜ਼ੀਰਾ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਪ੍ਰਧਾਨ 'ਤੇ ਦਰਜ ਝੂਠੇ ਮਾਮਲੇ ਨੂੰ ਰੱਦ ਕਰਵਾਉਣ ਲਈ ਪੂਰੀ ਹਮਾਇਤ ਕਰਨਗੀਆਂ।