ਬਦਲੀ ਸੁਰ; ਹੁਣ ਹੋ ਸਕਦੀ ਹੈ ਪਾਕਿ ਨਾਲ ਅੱਤਵਾਦ ਬਾਰੇ ਗੱਲਬਾਤ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਬਾਰੇ ਭਾਰਤ ਦੇ ਸਟੈਂਡ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਨੇ ਕਿਹਾ ਕਿ ਗੁਆਂਢੀ ਦੇਸ਼ ਦੇ ਮਾਮਲੇ 'ਚ ਅਸੀਂ ਕਹਿੰਦੇ ਰਹੇ ਹਾਂ ਕਿ ਗੱਲਬਾਤ ਅਤੇ ਅੱਤਵਾਦ ਨਾਲ-ਨਾਲ ਨਹੀਂ ਚੱਲ ਸਕਦੇ, ਪਰ ਅੱਤਵਾਦ ਬਾਰੇ ਗੱਲਬਾਤ ਨਿਸ਼ਚਿਤ ਰੂਪ ਵਿੱਚ ਅੱਗੇ ਵਧ ਸਕਦੀ ਹੈ। ਭਾਰਤ ਨੇ ਮੰਨਿਆ ਹੈ ਕਿ ਹਾਲ ਹੀ ਵਿੱਚ ਦੋਹਾਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਨੇ ਮੁਲਾਕਾਤ ਕੀਤੀ ਸੀ ਅਤੇ ਗੱਲਬਾਤ ਕੀਤੀ ਸੀ।
ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨਸੀਰ ਖਾਨ ਜੰਜੂਆ ਨੇ 26 ਦਸੰਬਰ ਨੂੰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ 2 ਘੰਟੇ ਮੁਲਾਕਾਤ ਕੀਤੀ ਸੀ। ਜਦੋਂ ਇਸ ਮੁਲਾਕਾਤ ਬਾਰੇ ਮੀਡੀਆ ਵਿੱਚ ਰਿਪੋਰਟਾਂ ਆਈਆਂ ਸਨ ਤਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਸੰਬੰਧ ਵਿੱਚ ਕੋਈ ਬਿਆਨ ਨਹੀਂ ਜਾਰੀ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਗੱਲਬਾਤ ਦੀ ਪ੍ਰਕਿਰਿਆ ਬਾਰੇ ਅਸੀਂ ਕਹਿੰਦੇ ਆ ਰਹੇ ਹਾਂ ਕਿ ਗੱਲਬਾਤ ਅਤੇ ਅੱਤਵਾਦ ਨਾਲ-ਨਾਲ ਨਹੀਂ ਚੱਲ ਸਕਦੇ, ਪਰ ਅਜਿਹੀਆਂ ਕਈ ਵਿਵਸਥਾਵਾਂ ਨੇ, ਜਿਸ ਤਹਿਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਜਾਰੀ ਹੈ।
ਉਨ੍ਹਾ ਦੱਸਿਆ ਕਿ ਇਸ ਗੱਲਬਾਤ ਦੌਰਾਨ ਭਾਰਤ ਨੇ ਸਰਹੱਦ ਪਾਰਲੇ ਅੱਤਵਾਦ ਦਾ ਮੁੱਦਾ ਉਠਾਇਆ ਸੀ ਅਤੇ ਗੱਲਬਾਤ ਪੂਰੀ ਤਰ੍ਹਾਂ ਇਸੇ ਹੀ ਮੁੱਦੇ 'ਤੇ ਕੇਂਦਰਤ ਰਹੀ ਸੀ। ਉਨ੍ਹਾ ਕਿਹਾ ਕਿ ਭਾਰਤ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਅੱਤਵਾਦ ਪੂਰੇ ਖਿੱਤੇ ਨੂੰ ਪ੍ਰਭਾਵਿਤ ਨਾ ਕਰੇ। ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਵਿੱਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਦੀ ਮੁਲਾਕਾਤ ਉਸ ਦੀ ਮਾਂ ਅਤੇ ਪਤਨੀ ਨਾਲ ਕਰਵਾਈ ਗਈ ਸੀ। ਇਸ ਮੁਲਾਕਾਤ ਦੌਰਾਨ ਪਾਕਿਸਤਾਨ ਦੇ ਸਟੈਂਡ ਨੂੰ ਭਾਰਤ ਨੇ ਅਪਮਾਨਜਨਕ ਮੰਨਿਆ ਸੀ। ਜਦੋਂ ਬੁਲਾਰੇ ਨੂੰ ਪੁੱਛਿਆ ਗਿਆ ਕਿ ਕੀ ਡੋਭਾਲ ਨੇ ਬੈਂਕਾਕ ਵਿੱਚ ਹੋਈ ਗੱਲਬਾਤ ਦੌਰਾਨ ਜਾਧਵ ਦੇ ਪਰਵਾਰ ਨਾਲ ਕੀਤੇ ਗਏ ਸਲੂਕ ਬਾਰੇ ਗੱਲਬਾਤ ਕੀਤੀ ਸੀ। ਦੋਹਾਂ ਮੁਲਕਾਂ ਦੇ ਕੌਮੀ ਸਲਾਹਕਾਰਾਂ ਵਿਚਾਲੇ ਅਗਲੀ ਗੱਲਬਾਤ ਕਦੋਂ ਹੋਵੇਗੀ, ਉਸ ਦੇ ਬਾਰੇ ਜਵਾਬ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੀ ਗੱਲਬਾਤ ਦਾ ਪਹਿਲਾਂ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਅਪ੍ਰੇਸ਼ਨ ਪੱਧਰ ਦੀ ਗੱਲਬਾਤ ਹੈ। ਜ਼ਿਕਰਯੋਗ ਹੈ ਕਿ ਦੋਹਾਂ ਮੁਲਕਾਂ ਦੇ ਕੌਮੀ ਸਲਾਹਕਾਰਾਂ ਨੇ ਸਾਲ 2015 ਵਿੱਚ ਮੁਲਾਕਾਤ ਕੀਤੀ ਸੀ। ਇਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਧੇ ਲਾਹੌਰ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।