ਬੱਚੀ ਨਾਲ ਬਲਾਤਕਾਰ ਵਿਰੁੱਧ ਧੀ ਨੂੰ ਲੈ ਕੇ ਟੀ ਵੀ 'ਤੇ ਪੇਸ਼ ਹੋਈ ਪਾਕੀ ਐਂਕਰ


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਬੁੱਧਵਾਰ ਨੂੰ 8 ਸਾਲ ਦੀ ਮਾਸੂਮ ਬੱਚੀ ਦੀ ਬਲਾਤਕਾਰ ਮਗਰੋਂ ਹੱਤਿਆ ਦੇ ਮਾਮਲੇ ਖਿਲਾਫ ਜਿਥੇ ਪ੍ਰਦਰਸ਼ਨ ਹੋ ਰਹੇ ਹਨ, ਉੱਥੇ ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਦੀ ਐਂਕਰ ਨੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਅਨੌਖੇ ਢੰਗ 'ਚ ਵਿਰੋਧ ਕੀਤਾ। ਸਮਾ ਚੈਨਲ ਦੀ ਇਹ ਐਂਕਰ ਘਟਨਾ ਦੇ ਵਿਰੋਧ 'ਚ ਆਪਣੀ ਬੇਟੀ ਨੂੰ ਸਟੂਡੀਓ ਲੈ ਕੇ ਆਈ ਅਤੇ ਮਾਸੂਮ ਬੱਚੀ ਦੇ ਕਤਲ ਦੀ ਖ਼ਬਰ ਪੜ੍ਹਨ ਵੇਲੇ ਉਸ ਦੀ ਬੇਟੀ ਵੀ ਨਾਲ ਦਿਖਾਈ ਦੇ ਰਹੀ ਸੀ। ਕਿਰਨ ਨਾਜ਼ ਨਾਂਅ ਦੀ ਐਂਕਰ ਜਦੋਂ ਆਪਣੀ ਬੇਟੀ ਨੂੰ ਗੋਦ 'ਚ ਲੈ ਕੇ ਇਹ ਖਬਰ ਪੜ੍ਹ ਰਹੀ ਸੀ ਤਾਂ ਭਾਵੁਕ ਹੋਣ ਦੇ ਨਾਲ-ਨਾਲ ਘਟਨਾ ਤੋਂ ਨਰਾਜ਼ ਵੀ ਦਿਸ ਰਹੀ ਸੀ।
ਪ੍ਰੋਗਰਾਮ ਸ਼ੁਰੂ ਕਰਦਿਆਂ ਉਨ੍ਹਾ ਕਿਹਾ ਕਿ ਅੱਜ ਮੈਂ ਕਿਰਨ ਨਾਜ਼ ਨਹੀਂ, ਇੱਕ ਮਾਂ ਹਾਂ। ਉਹ ਕਹਿੰਦੀ ਹੈ ਕਿ ਅੱਜ ਕਿਸੇ ਮਾਸੂਮ ਦਾ ਨਹੀਂ, ਸਗੋਂ ਸਮੁੱਚੀ ਇਨਸਾਨੀਅਤ ਦਾ ਜਨਾਜ਼ਾ ਉਠਿਆ ਹੈ।
ਜ਼ਿਕਰਯੋਗ ਹੈ ਕਿ 8 ਸਾਲ ਦੀ ਬੱਚੀ ਪਿਛਲੇ ਵੀਰਵਾਰ ਰੋਡ ਕੋਟ ਇਲਾਕੇ 'ਚ ਆਪਣੇ ਘਰ ਨੇੜੇ ਟਿਊਸ਼ਨ ਗਈ ਸੀ, ਜਿਸ ਮਗਰੋਂ ਉਸ ਨੂੰ ਅਗਵਾ ਕਰ ਲਿਆ ਗਿਆ। ਇਸ ਮਗਰੋਂ ਪਰਵਾਰ ਨੂੰ ਇੱਕ ਵੀਡਿਓ ਮਿਲਿਆ, ਜਿਸ 'ਚ ਉਹ ਕਿਸੇ ਅਜਨਬੀ ਨਾਲ ਦਿਸ ਰਹੀ ਸੀ। ਇਹ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ।
ਮੰਗਲਵਾਰ ਨੂੰ ਬੱਚੀ ਨੂੰ ਲੱਭਣ ਲਈ ਨਿਯੁਕਤ ਇੱਕ ਪੁਲਸ ਮੁਲਾਜ਼ਮ ਨੂੰ ਕੂੜੇ ਦੇ ਢੇਰ 'ਚੋਂ ਬੱਚੀ ਦੀ ਲਾਸ਼ ਮਿਲੀ।
ਪੁਲਸ ਨੇ ਕਿਹਾ ਕਿ ਬੱਚੀ ਨੂੰ 4-5 ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਇਸ ਮਾਮਲੇ ਦੀ ਨਿਗਰਾਨੀ ਕਰਨਗੇ।