ਨਿਆਂਪਾਲਕਾ ਦੀ ਆਜ਼ਾਦੀ ਗੰਭੀਰ ਖਤਰੇ ਵਿੱਚ : ਪਾਸਲਾ


ਜਲੰਧਰ (ਰਜੇਸ਼ ਥਾਪਾ)
ਸੁਪਰੀਮ ਕੋਰਟ ਦੇ ਚਾਰ ਜੱਜਾਂ ਵਲੋਂ ਕੀਤੇ ਗਏ ਦਲੇਰੀ ਭਰਪੂਰ ਇੰਕਸ਼ਾਫਾਂ ਦੇ ਸਮਰਥਨ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਵਿਚ ਅੱਜ ਇੱਥੇ ਸੈਕੜੇ ਪਾਰਟੀ ਵਰਕਰਾਂ, ਬੁੱਧੀਜੀਵੀਆਂ, ਮਜ਼ਦੂਰਾਂ, ਕਿਸਾਨਾਂ ਨੇ ਨਿਆਂਪਾਲਕਾ ਦੀ ਆਜ਼ਾਦੀ ਦੀ ਰਾਖੀ ਲਈ ਇੱਕ ਪ੍ਰਭਾਵਸ਼ਾਲੀ ਮਾਰਚ ਕੀਤਾ ।
ਪਾਰਟੀ ਦੇ ਸੱਦੇ 'ਤੇ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿਚ ਇਕੱੱਠੇ ਹੋਏ ਇਨ੍ਹਾਂ ਜਨਸਮੂਹਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਪਾਸਲਾ ਨੇ ਕਿਹਾ ਕੇ ਸੁਪਰੀਮ ਕੋਰਟ ਦੇ ਇਨ੍ਹਾਂ ਜੱਜਾਂ ਦੀ ਇਸ ਅਨੋਖੀ ਤੇ ਬੇਮਿਸਾਲ ਕਾਰਵਾਈ ਨੇ ਸਿੱੱਧ ਕਰ ਦਿੱਤਾ ਹੈ ਕਿ ਦੇਸ਼ ਦੀ ਨਿਆਂਪਾਲਿਕਾ ਦੀ ਆਜ਼ਾਦੀ ਗੰਭੀਰ ਖਤਰੇ ਵਿਚ ਹੈ ਤੇ ਇਸ ਉਪਰ ਫਿਰਕੂ-ਫਾਸ਼ੀਵਾਦੀ ਸ਼ਕਤੀਆਂ ਪੂਰੀ ਤਰ੍ਹਾਂ ਕਾਬਜ਼ ਹੋ ਗਈਆਂ ਹਨ, ਜਿਸ ਕਾਰਨ ਜਮਹੂਰੀਅਤ ਦਾ ਆਖਰੀ ਅੰਗ ਵੀ ਖਤਰੇ ਵਿਚ ਪੈ ਗਿਆ ਹੈ। ਵਿਧਾਨ ਪਾਲਿਕਾ ਅਤੇ ਭ੍ਰਿਸ਼ਟਾਚਾਰ 'ਚ ਨਹੁੰ -ਨਹੁੰ ਤੱਕ ਗਰਕੀ ਹੋਈ ਕਾਰਜਪਾਲਿਕਾ ਵਿਚ ਲੋਕਾਂ ਦਾ ਭਰੋਸਾ ਪਹਿਲਾ ਹੀ ਕਾਫੀ ਹੱਦ ਤੱਕ ਉੱਠ ਚੁੱਕਾ ਹੈ ਅਤੇ ਉਹ ਨਿਆਂ ਪਾਲਿਕਾ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਦੇ ਹਨ।
ਇਸ ਮੌਕੇ ਬੋਲਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਕਿਹਾ ਕਿ ਚਾਰ ਚੋਟੀ ਦੇ ਜੱਜਾਂ ਦੇ ਇਸ ਇਕਬਾਲੀਆ ਬਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਸੁਪਰੀਮ ਕੋਰਟ ਵੀ ਫਿਰਕੂ-ਫਾਸ਼ੀਵਾਦੀ ਸੰਘ ਪਰਿਵਾਰ ਦੇ ਇੱਕ ਪ੍ਰਤੀਨਿਧ ਦੇ ਹੱਥ ਵਿਚ ਇੱਕ ਖਿਡੌਣਾ ਬਣਕੇ ਰਹਿ ਗਈ ਹੈ ਤੇ ਉਹ ਮਨਮਰਜ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਸੋਹਰਾਬੁਦੀਨ ਦੇ ਵਹਿਸ਼ੀਆਨਾ ਕਤਲ ਦੀ ਜਾਂਚ ਕਰ ਰਿਹਾ ਜੱਜ ਐੱਚ ਸੀ ਲੋਇਆ ਵੀ ਇਸ ਸਾਜ਼ਿਸ਼ੀ ਟੋਲੇ ਦੀ ਵਹਿਸ਼ਤ ਦੀ ਭੇਟ ਹੀ ਚੜ੍ਹਿਆ ਹੈ। ਮਾਰਚਕਾਰੀਆ ਨੂੰ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ, ਉੱਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਡਾ. ਰਘਬੀਰ ਕੌਰ, ਜਨਰਲ ਸਕੱਤਰ ਗੁਰਮੀਤ, ਗੰਧਰਵ ਸੇਨ ਕੋਛੜ, ਪ੍ਰਗਟ ਸਿੰਘ ਜਾਮਾਰਾਏ ਤੇ ਹੋਰਨਾਂ ਆਗੂਆ ਨੇ ਵੀ ਸੰਬੋਧਨ ਕੀਤਾ।
ਮੁਜ਼ਾਹਰਾਕਾਰੀਆ ਨੇ ਮੰਗ ਕੀਤੀ ਕਿ ਜਸਟਿਸ ਲੋਇਆ ਦੇ ਕਤਲ ਲਈ ਜ਼ਿੰਮੇਵਾਰ ਅਮਿਤ ਸ਼ਾਹ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੋਲੋ ਉਸ ਦੀਆਂ ਵਧੀਕੀਆਂ ਕਾਰਨ ਅਸਤੀਫਾ ਲਿਆ ਜਾਵੇ ਤਾਂ ਜੋ ਲੋਕਾਂ ਦਾ ਨਿਆਂ-ਵਿਵਸ਼ਥਾ ਵਿਚ ਭਰੋਸਾ ਬਹਾਲ ਹੋ ਸਕੇ। ਉਹਨਾਂ ਆਪਣੇ ਹੱਥਾਂ ਵਿਚ ਨਿਆਪਾਲਿਕ ਦੀ ਰਾਖੀ ਤੇ ਜਮਹੂਰੀਅਤ ਬਚਾਓ, ਫਿਰਕੂ-ਫਾਸ਼ੀਵਾਦੀ ਭਜਾਓ ਆਦਿ ਦੇ ਮਾਟੋ ਫੜੇ ਹੋਏ ਸਨ। ਉਹ ਆਪਣੀਆਂ ਇਨ੍ਹਾਂ ਮੰਗ ਦੇ ਹੱਕ ਵਿਚ ਰੋਹ ਭਰਪੂਰ ਨਾਅਰੇ ਲਾ ਰਹੇ ਸਨ। ਇਸ ਮਾਰਚ ਵਿਚ ਔਰਤਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ।