ਡੋਨਾਲਡ ਟਰੰਪ ਵਿਰੁੱਧ ਇੱਕ ਹੋਰ ਬਾਗੀ ਸੁਰ ਉਠੀ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੁਸਲਿਮ ਦੇਸ਼ਾਂ ਦੇ ਨਾਗਰਿਕਾਂ 'ਤੇ ਪਾਬੰਦੀ ਲਾਏ ਜਾਣ ਕਾਰਨ ਵਿਰੋਧ ਦਾ ਸਾਹਮਣਾ ਕਰ ਰਹੇ ਟਰੰਪ ਵਿਰੁੱਧ ਉਸ ਦੇ ਹੀ ਇੱਕ ਮਾਤਹਿਤ ਨੇ ਉਸ ਦੇ ਵਿਰੋਧ ਦਾ ਬਿਗਲ ਵਜਾ ਦਿੱਤਾ ਹੈ। ਪਨਾਮਾ 'ਚ ਅਮਰੀਕੀ ਰਾਜਦੂਤ ਜਾਨ ਫੀਲੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਡੋਨਾਲਡ ਟਰੰਪ ਨਾਲ ਕੰਮ ਕਰਨ ਤੋਂ ਅਸਮਰੱਥ ਹਨ। ਜਾਨ ਇਸ ਤੋਂ ਪਹਿਲਾ ਅਮਰੀਕੀ ਸਮੁੰਦਰੀ ਫ਼ੌਜ 'ਚ ਅਫ਼ਸਰ ਰਹਿ ਚੁੱਕੇ ਹਨ। ਉਸ ਦੇ ਇੱਕ ਫ਼ੈਸਲੇ ਨਾਲ ਟਰੰਪ ਸਰਕਾਰ ਸਦਮੇ 'ਚ ਹੈ। ਜਾਨ ਸਾਲ 2016 ਤੋਂ ਪਨਾਮਾ 'ਚ ਅਮਰੀਕੀ ਰਾਜਦੂਤ ਦਾ ਅਹੁਦਾ ਸੰਭਾਲ ਰਹੇ ਸਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਕਈ ਮੁਲਕਾਂ ਦੇ ਰਾਜਦੂਤ ਬਦਲ ਚੁੱਕੇ ਹਨ। ਜਾਨ ਨੇ ਆਪਣੇ ਅਸਤੀਫ਼ੇ 'ਚ ਟਰੰਪ ਸਰਕਾਰ ਦੀਆਂ ਨੀਤੀਆਂ ਬਾਰੇ ਵੀ ਅਸਹਿਮਤੀ ਪ੍ਰਗਟਾਈ ਹੈ।
ਜਾਨ ਫੀਲੀ ਨੇ 9 ਮਾਰਚ ਨੂੰ ਆਪਣੇ ਅਹੁਦੇ ਤੋਂ ਸੇਵਾ-ਮੁਕਤ ਹੋਣਾ ਸੀ, ਪਰ ਉਨ੍ਹਾ ਅਚਾਨਕ ਅਸਤੀਫ਼ਾ ਦੇ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ। ਫੀਲੀ ਨੇ ਆਪਣੇ ਅਸਤੀਫ਼ੇ 'ਚ ਲਿਖਿਆ ਹੈ ਕਿ ਉਨ੍ਹਾ ਵਿਦੇਸ਼ੀ ਸੇਵਾ 'ਚ ਜੂਨੀਅਰ ਅਧਿਕਾਰੀ ਹੋਣ ਦੇ ਨਾਤੇ ਰਾਸ਼ਟਰਪਤੀ ਅਤੇ ਉਨ੍ਹਾ ਦੀ ਸਰਕਾਰ ਦੀ ਸੇਵਾ ਕਰਨ ਦੀ ਸਹੁੰ ਚੁੱਕੀ ਸੀ, ਪਰ ਹੁਣ ਨੀਤੀਆ ਨਾਲ ਅਸਹਿਮਤ ਹੋਣ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਜਾਨ ਫੀਲੀ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾ ਕਿਹਾ ਕਿ ਇਸ ਸੰਬੰਧ 'ਚ ਵ੍ਹਾਈਟ ਹਾਊਸ, ਵਿਦੇਸ਼ ਵਿਭਾਗ ਅਤੇ ਪਨਾਮਾ ਸਰਕਾਰ ਨੂੰ ਇਸ ਸੰਬੰਧ 'ਚ ਜਾਣਕਾਰੀ ਦੇ ਦਿੱਤੀ ਗਈ ਹੈ। ਉਪ ਵਿਦੇਸ਼ ਮੰਤਰੀ ਸਟੀਵ ਗੋਲਡਸਟੀਨ ਨੇ ਇਸ ਗੱਲ ਨੂੰ ਰੱਦ ਕੀਤਾ ਕਿ ਜਾਨ ਫੀਲੀ ਨੇ ਡੋਨਾਲਡ ਟਰੰਪ ਕਾਰਨ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।