ਸਰਮਾਏਦਾਰੀ ਦਾ ਸੇਕ ਸਾਰੇ ਸੰਸਾਰ ਨੂੰ ਲੱਗ ਰਿਹੈ : ਜਗਰੂਪ


ਨਿਹਾਲ ਸਿੰਘ ਵਾਲਾ
(ਮਿੰਟੂ ਖੁਰਮੀ ਹਿੰਮਤਪੁਰਾ/ਚਮਨ ਲਾਲ ਗੋਇਲ)
ਮੇਲਾ ਮਾਘੀ ਤਖਤਪੁਰਾ ਸਾਹਿਬ ਦੇ ਦੂਸਰੇ ਦਿਨ ਕਮਿਊਨਿਸਟ ਪਾਰਟੀ ਆਫ ਇੰਡੀਆ ਦੀ ਸਟੇਜ 'ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਹਾਜ਼ਰੀ ਲਵਾਈ। ਸੀ ਪੀ ਆਈ ਦੀ ਕਾਨਫ਼ਰੰਸ 'ਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮੰਚ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਕਿਹਾ ਕਿ ਮੇਲਿਆਂ 'ਚ ਪਾਰਟੀਆਂ ਨੂੰ ਲੋਕਾਂ ਸਾਹਮਣੇ ਆਪਣਾ ਪੱਖ ਰੱਖਣਾ ਚਾਹੀਦਾ ਹੈ, ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਆਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ, ਕਾਂਗਰਸ ਅਤੇ ਅਕਾਲੀ ਦਲ ਦਾ ਕਾਨਫ਼ਰੰਸਾਂ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਇਹ ਪਾਰਟੀਆਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭਗੌੜੀਆਂ ਹੋਣ ਕਰਕੇ ਕਾਨਫ਼ਰੰਸਾਂ ਕਰਨ ਤੋਂ ਡਰਦੀਆਂ ਹਨ, ਲੋਕਾਂ ਦੇ ਸਾਹਮਣੇ ਆਉਣ ਤੋਂ ਘਬਰਾਉਦੀਆਂ ਹਨ।
ਕਾਮਰੇਡ ਜਗਰੂਪ ਨੇ ਬੋਲਦਿਆਂ ਕਿਹਾ ਕਿ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ ਪੀ ਆਈ) ਆਪਣਾ ਪੱਖ ਲੈ ਕੇ ਅੱਗੇ ਵੀ ਲੋਕ ਕਚਹਿਰੀ ਚ ਪੇਸ਼ ਹੁੰਦੀ ਆਈ ਹੈ ਅਤੇ ਇਹ ਰਵਾਇਤ ਅੱਗੇ ਤੋਂ ਵੀ ਜਾਰੀ ਰੱਖੇਗੀ। ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਾਮਰਾਜਬਾਦ ਦੇ ਦਾਬੇ 'ਚ ਆ ਕੇ ਕੇਂਦਰ ਦੀ ਮੋਦੀ ਸਰਕਾਰ, ਜੋ ਅਸਲ 'ਚ ਭਾਜਪਾ ਦਾ ਮੋਹਰਾ ਹੈ, ਨੇ ਦੇਸ਼ ਦੇ ਵਪਾਰ 'ਚ ਸੌ ਪ੍ਰਤੀਸ਼ਤ ਵਿਦੇਸ਼ੀ ਨਿਵੇਸ਼ ਨੂੰ ਖੁੱਲ੍ਹੀ ਛੋਟ ਦਿੱਤੀ ਹੈ, ਉਸ ਦੇ ਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ। ਭਾਜਪਾ ਸਰਕਾਰ ਦੇ ਇਸ ਭਿਆਨਕ ਕਾਰੇ ਨਾਲ ਕਿਸਾਨਾਂ, ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਨਾਲ-ਨਾਲ ਦੁਕਾਨਦਾਰ ਵੀ ਖੁਦਕੁਸ਼ੀਆਂ ਦੇ ਰਾਹ ਪੈਣਗੇ।
ਨਰੇਗਾ ਸਬੰਧੀ ਬੋਲਦਿਆਂ ਉਹਨਾ ਕਿਹਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਤਾਂ ਹੀ ਰੁਕ ਸਕਦੀਆਂ ਹਨ, ਜੇ ਕਿਸਾਨਾਂ ਨੂੰ ਵੀ ਨਰੇਗਾ ਨਾਲ ਜੋੜਿਆ ਜਾਵੇ ਅਤੇ ਮਿਹਨਤਕਸ਼ ਲੋਕਾਂ ਦਾ ਆਨਾ-ਆਨਾ ਉਹਨਾਂ ਨੂੰ ਬਿਨਾਂ ਦੇਰੀ ਦੇ ਅਦਾ ਹੋਵੇ।
ਸੀ ਪੀ ਆਈ ਆਗੂ ਕੁਲਦੀਪ ਭੋਲਾ ਨੇ ਕਿਹਾ ਕਿ ਪੰਜਾਬ 'ਚ ਕਿਸਾਨਾਂ ਦੀਆਂ ਵਧ ਰਹੀਆਂ ਖੁਦਕੁਸ਼ੀਆਂ ਸੂਬੇ ਦੀ ਕਾਂਗਰਸ ਸਰਕਾਰ ਦੀ ਨਾਕਾਮੀ ਦਾ ਪ੍ਰਤੀਕ ਹਨ। ਉਹਨਾ ਕਿਹਾ ਕਿ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀ ਲੋਕ ਸੇਵਕ ਬਣ ਕੇ ਨਹੀਂ, ਤਾਨਾਸ਼ਾਹ ਬਣ ਕੇ ਵਿਚਰ ਰਹੇ ਹਨ। ਮੌਕਾ ਆਉਣ 'ਤੇ ਪੰਜਾਬ ਦੀ ਜਨਤਾ ਇਸ ਦਾ ਜਵਾਬ ਦੇਵੇਗੀ। ਉਹਨਾ ਬੇਰੁਜ਼ਗਾਰੀ ਬਾਰੇ ਬੋਲਦਿਆਂ ਕਿਹਾ ਕਿ ਬੇਰੁਜ਼ਗਾਰੀ ਦਾ ਦੂਜਾ ਨਾਂਅ ਨਿਰਾਸ਼ਾ ਦਾ ਅਗਲਾ ਪੱਖ ਨਸ਼ਿਆਂ ਦੀ ਦਲ਼ਦਲ਼ ਹੁੰਦਾ ਹੈ ਅਤੇ ਇਹ ਰਾਹ ਸਿੱਧਾ ਨੌਜਵਾਨਾਂ ਦੇ ਸੱਥਰਾਂ 'ਤੇ ਜਾਂਦਾ ਹੈ। ਉਹਨਾਂ ਪੰਜਾਬ ਦੀ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਿਨ੍ਹਾਂ ਨੇ ਤਿੰਨ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ ਸੀ, ਹੁਣ ਸੱਤਾ 'ਤੇ ਸਵਾਰ ਹੁੰਦਿਆਂ ਹੀ ਉਹ ਸਹੁੰ ਕਿੱਧਰ ਗਈ?
ਵਿਦਿਆਰਥੀਆਂ ਦੇ ਕੌਮੀ ਆਗੂ ਵਿੱਕੀ ਮਹੇਸਰੀ ਨੇ ਕਿਹਾ ਕਿ ਨਰੇਗਾ ਦੀ ਤਰਜ਼ 'ਤੇ ਦੇਸ਼ ਦੇ ਨੌਜਵਾਨ ਅਤੇ ਉਹਨਾਂ ਦੇ ਪਰਵਾਰ ਬਨੇਗਾ ਜਿਹਾ ਕਰਾਂਤੀਕਾਰੀ ਕਾਨੂੰਨ ਬਣਾਉਣ ਲਈ ਅੱਗੇ ਆਉਣ। ਉਹਨਾ ਕਿਹਾ ਕਿ ਜੇ ਸਰਕਾਰ ਜੀ ਐੱਸ ਟੀ ਨੂੰ ਲਾਗੂ ਕਰਕੇ ਇੱਕ ਸਾਰ ਟੈਕਸ ਉਗਰਾਹ ਸਕਦੀ ਹੈ ਤਾਂ ਦੇਸ਼ ਦੇ ਬੇਰੁਜ਼ਗਾਰ ਨਾਗਰਿਕਾਂ ਨੂੰ ਬੇਰੁਜ਼ਗਾਰੀ ਭੱਤਾ ਅਤੇ ਦੇਸ ਦੇ ਅਨਪੜ੍ਹਾਂ ਨੂੰ ਵਿੱਦਿਆ ਦੇਣ ਤੋਂ ਟਾਲਾ ਕਿਉਂ ਵੱਟ ਰਹੀ ਹੈ।
ਵਿਸ਼ਾਲ ਕਾਨਫਰੰਸ ਨੂੰ ਮਹਿੰਦਰ ਸਿੰਘ ਧੂੜਕੋਟ ਅਤੇ ਮੰਗਤ ਰਾਏ ਨੇ ਵੀ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ। ਰੁਜ਼ਗਾਰ ਪ੍ਰਾਪਤੀ ਮੰਚ ਮੋਗਾ ਦੀ ਟੀਮ ਨੇ ਆਪਣੀਆਂ ਕੋਰਿਉਗ੍ਰਾਫ਼ੀਆਂ ਰਾਹੀਂ ਹਾਜ਼ਰ ਲੋਕਾਂ ਨੂੰ ਸਟੇਜ ਨਾਲ ਜੋੜੀ ਰੱਖਿਆ। ਹਰਭਜਨ ਭੱਟੀ ਦੇ ਇਨਕਲਾਬੀ ਗੀਤ ਸਲਾਹੁਣਯੋਗ ਰਹੇ।
ਇਸ ਸਮੇਂ ਬਲਦੇਵ ਸਿੰਘ ਧੂੜਕੋਟ ਕੈਨੇਡਾ, ਸਵਰਨ ਸਿੰਘ ਮਧੇਕੇ ਕੈਨੇਡਾ, ਸੂਬੇਦਾਰ ਜੋਗਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਪਾਲ ਸਿੰਘ ਧੂੜਕੋਟ, ਕਿਸਾਨ ਸਭਾ ਤੋਂ ਪਰਗਟ ਸਿੰਘ ਬੱਧਨੀ, ਨਰੇਗਾ ਆਗੂ ਹਰਭਜਨ ਸਿੰਘ ਭੱਟੀ ਬਿਲਾਸਪੁਰ, ਜਸਵੀਰ ਕੌਰ ਬਿਲਾਸਪੁਰ, ਜਸਵਿੰਦਰ ਕੌਰ ਬਿਲਾਸਪੁਰ ਅਤੇ ਵੱਖ-ਵੱਖ ਪਿੰਡਾਂ ਤੋਂ ਨਰੇਗਾ ਵਰਕਰ ਅਤੇ ਪਾਰਟੀ ਅਹੁਦੇਦਾਰ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦੀ ਸਟੇਜ ਦੀ ਕਾਰਵਾਈ ਸੁਖਦੇਵ ਭੋਲਾ ਨੇ ਨਿਭਾਈ।