ਸਤਨਾਮ ਕੈਂਥ ਦਾ ਅੰਤਿਮ ਸੰਸਕਾਰ ਅੱਜ


ਜਲੰਧਰ (ਇਕਬਾਲ ਸਿੰਘ ਉਭੀ)
ਸਾਬਕਾ ਵਿਧਾਇਕ, ਹਲਕਾ ਫਿਲੌਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਮੌਜੂਦਾ ਸਮੇਂ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਕੈਂਥ, ਜੋ 55 ਸਾਲ ਦੀ ਉਮਰ ਵਿੱਚ ਬਿਮਾਰ ਰਹਿਣ ਤੋਂ ਬਾਅਦ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਥੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਵੀ ਕਰ ਦਿੱਤੀ ਗਈ ਸੀ, ਪਰ ਉਹ ਠੀਕ ਨਹੀਂ ਹੋ ਸਕੇ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਤੇ ਦੋ ਪੁੱਤਰਾਂ ਨੂੰ ਛੱਡ ਗਏ ਹਨ। ਕਾਂਗਰਸ ਦਾ ਇਕ ਪ੍ਰਮੁੱਖ ਦਲਿਤ ਚਿਹਰਾ ਕੈਂਥ ਪੰਜਾਬ 'ਚ ਸਵਰਗੀ ਕਾਂਸ਼ੀ ਰਾਮ ਬਾਨੀ ਬਹੁਜਨ ਸਮਾਜ ਪਾਰਟੀ ਦੇ ਸਿਪਾਹੀਆਂ ਵਿਚੋਂ ਇਕ ਸੀ ਅਤੇ ਉਨ੍ਹਾਂ 1992 ਵਿਚ ਬੰਗਾ ਹਲਕੇ ਤੋਂ ਚੋਣ ਲੜੀ ਅਤੇ ਵਿਧਾਇਕ ਬਣੇ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ ਬਹੁਜਨ ਸਮਾਜ ਪਾਰਟੀ ਵਿੱਚ ਉਨ੍ਹਾਂ ਦਾ ਬਹੁਤ ਸਤਿਕਾਰ ਸੀ। ਉਹ ਅਜੇ ਵਿਆਹੇ ਹੋਏ ਨਹੀਂ ਸਨ, ਜਦੋਂ ਉਹ ਵਿਰੋਧੀ ਧਿਰ ਦੇ ਨੇਤਾ ਬਣੇ। ਉਹ ਬੰਗਾ ਨੇੜੇ ਪਿੰਡ ਸੋਤਰਾਂ ਦੇ ਵਸਨੀਕ ਸਨ। ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਨੇ ਸਭ ਤੋਂ ਵਧੀਆ ਇੱਕ ਆਪਣਾ ਆਗੂ ਗੁਆ ਲਿਆ। ਸਤਨਾਮ ਸਿੰਘ ਕੈਂਥ ਹਮੇਸ਼ਾ ਨਰਮ ਬੋਲ ਬੋਲਿਆ ਕਰਦਾ ਸੀ ਅਤੇ ਉਸ ਨੂੰ ਕਦੇ ਵੀ ਗੁੱਸਾ ਨਹੀਂ ਸੀ ਆÀੁਂਦਾ। ਕੈਂਥ ਨੇ ਰਾਜਨੀਤੀ ਵਿਚ ਉਸ ਸਮੇਂ ਛਾਲ ਮਾਰੀ, ਜਦੋਂ ਉਹ 1980 ਦੇ ਦਹਾਕੇ ਵਿਚ ਕਾਲਜ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਰਾਜਨੀਤਕ ਤੌਰ 'ਤੇ ਖੂਬ ਸਰਗਰਮ ਰਿਹਾ, ਜਦੋਂ ਉਸ ਨੇ ਅਰਥ ਸ਼ਾਸਤਰ ਵਿਚ ਆਪਣੀ ਪੋਸਟ-ਗ੍ਰੈਜੂਏਸ਼ਨ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਬਸਪਾ ਨਾਲ ਆਪਣੇ ਰਾਜਨੀਤਕ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਬਹੁਜਨ ਸਮਾਜ ਮੋਰਚੇ ਦੀ ਸਥਾਪਨਾ ਕੀਤੀ ਅਤੇ 1998 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਫਿਲੌਰ ਹਲਕੇ ਤੋਂ ਲੋਕ ਸਭਾ ਮੈਂਬਰ ਬਣੇ, ਪਰ ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਿਲ ਹੋ ਗਏ ਅਤੇ ਦੋ ਅਸੰਬਲੀ ਚੋਣਾਂ ਲੜੀਆਂ, ਪਰ ਜਿੱਤ ਨਹੀਂ ਸਕੇ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸੋਤਰਾਂ ਨੇੜੇ ਬੰਗਾ ਵਿਖੇ ਕੀਤਾ ਜਾਵੇਗਾ।