ਕਾਰ ਛੱਪੜ 'ਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ


ਬੱਧਨੀ ਕਲਾਂ (ਰਜਿੰਦਰ ਬੱਬੀ)
ਬੀਤੀ ਰਾਤ ਇਥੋਂ ਨੇੜਲੇ ਪਿੰਡ ਬੁੱਟਰ ਕਲਾਂ ਵਿਖੇ ਇੱਕ ਕਾਰ ਛੱਪੜ ਵਿੱਚ ਡਿੱਗਣ ਕਾਰਨ ਬੱਧਨੀ ਕਲਾਂ ਦੇ ਤਿੰਨ ਨੌਜਵਾਨ ਲੜਕਿਆਂ ਦੀ ਦਰਦਨਾਕ ਮੌਤ ਹੋ ਗਈ। ਇਹ ਤਿੰਨੇ ਨੌਜਵਾਨ 26 ਤੋਂ 28 ਸਾਲ ਦੀ ਉਮਰ ਦੇ ਸਨ ਤੇ ਮਾਪਿਆਂ ਦੇ ਇਕਲੌਤੇ ਲੜਕੇ ਸਨ, ਜਿਨ੍ਹਾਂ ਵਿੱਚੋਂ ਦੋ ਨੌਜਵਾਨ ਇੱਕ ਰੈਡੀਮੇਡ ਦੀ ਦੁਕਾਨ 'ਤੇ ਕੰਮ ਕਰਦੇ ਸਨ ਤੇ ਇੱਕ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਸੀ। ਇਨ੍ਹਾਂ ਨੌਜਵਾਨਾਂ ਦੀ ਮੌਤ ਨਾਲ ਬੱਧਨੀ ਕਲਾਂ ਵਿੱਚ ਸੋਗ ਦੀ ਲਹਿਰ ਛਾ ਗਈ ਤੇ ਬਾਜ਼ਾਰ ਬੰਦ ਹੋ ਗਏ।
ਬੱਧਨੀ ਕਲਾਂ ਵਾਸੀ ਸੋਹਣ ਲਾਲ ਪਲਤਾ ਦਾ ਲੜਕਾ ਧਰਮਿੰਦਰ ਪਲਤਾ ਦੀ ਉਮਰ 28 ਸਾਲ ਦੇ ਕਰੀਬ ਸੀ ਤੇ ਉਸ ਦੀ ਸ਼ਾਦੀ ਤਕਰੀਬਨ ਤਿੰਨ ਸਾਲ ਪਹਿਲਾਂ ਜਲੰਧਰ ਵਿਖੇ ਹੋਈ ਸੀ ਤੇ ਪੌਣੇ ਦੋ ਸਾਲ ਦੀ ਇੱਕ ਬੇਟੀ ਸੀ। ਧਰਮਿੰਦਰ ਪਲਤਾ ਮੋਬਾਇਲ ਰਿਪੇਅਰ ਕਰਨ ਦਾ ਕੰਮ ਕਰਦਾ ਸੀ। ਮ੍ਰਿਤਕ ਮਾਪਿਆਂ ਦਾ ਇਕਲੌਤਾ ਲੜਕਾ ਸੀ। ਇਸ ਤਰ੍ਹਾਂ ਹੀ ਮਨਪ੍ਰੀਤ ਸਿੰਘ ਪੁੱਤਰ ਭਗਵਾਨ ਸਿੰਘ ਦੀ ਉਮਰ 28 ਸਾਲ ਦੇ ਕਰੀਬ ਸੀ ਤੇ ਆਈ.ਟੀ.ਆਈ ਦਾ ਡਿਪਲੋਮਾ ਕੀਤਾ ਹੋਇਆ ਸੀ ਤੇ ਇਸ ਸਮੇਂ ਰੈਡੀਮੇਡ ਦੀ ਦੁਕਾਨ 'ਤੇ ਕੰਮ ਕਰਦਾ ਸੀ। ਮਾਪਿਆਂ ਦਾ ਇਕਲੌਤਾ ਲੜਕਾ ਤੇ ਇੱਕ ਛੋਟੀ ਭੈਣ ਦਾ ਭਰਾ ਸੀ। ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਮਨਪ੍ਰੀਤ ਦੇ ਪਿਤਾ ਗ੍ਰੰਥੀ ਭਗਵਾਨ ਸਿੰਘ ਨੇ ਕਿਹਾ ਕਿ ਬੜੀ ਮੁਸ਼ਕਿਲ ਨਾਲ ਉਸ ਨੂੰ ਪਾਲਿਆ ਸੀ ਤੇ ਉਹੀ ਬੁਢਾਪੇ ਦਾ ਸਹਾਰਾ ਸੀ। ਇਸ ਤਰ੍ਹਾਂ ਹੀ ਮੰਗਲਜੀਤ ਸਿੰਘ ਜਿਸ ਦੀ ਉਮਰ 26 ਸਾਲ ਦੇ ਕਰੀਬ ਸੀ। ਤਿੰਨ ਸਾਲ ਦੇ ਬੱਚੇ ਦਾ ਪਿਤਾ ਸੀ। ਉਸ ਦੀ ਸ਼ਾਦੀ ਕੁਝ ਸਾਲ ਪਹਿਲਾਂ ਹੀ ਪਿੰਡ ਮੀਨੀਆਂ ਵਿਖੇ ਹੋਈ ਸੀ। ਪਿਤਾ ਦੀ 13 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਇਹ ਵੀ ਦੋ ਭੈਣਾਂ ਦਾ ਇਕਲੌਤਾ ਭਾਈ ਸੀ ਤੇ ਇਸ ਸਮਂੇ ਘਰ ਦਾ ਗੁਜ਼ਾਰਾ ਚਲਾਉਣ ਇੱਕ ਰੈਡੀਮੇਡ ਵਾਲੀ ਦੁਕਾਨ 'ਤੇ ਲੱਗਾ ਹੋਇਆ ਸੀ। ਮ੍ਰਿਤਕ ਲ਼ੜਕਿਆਂ ਦੇ ਪਰਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਮਿੰਦਰ ਪਲਤਾ, ਮਨਪ੍ਰੀਤ ਸਿੰਘ ਅਤੇ ਮੰਗਲਜੀਤ ਸਿੰਘ ਸ਼ਾਮ ਨੂੰ 5 ਵਜੇ ਕਰੀਬ ਇੱਕ ਇੰਡੀਕਾ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਵਿਖੇ ਕਿਸੇ ਕੰਮ ਗਏ ਸਨ ਤੇ ਆਪਣਾ ਕੰਮ ਕਰਨ ਉਪਰੰਤ ਰਾਤ ਨੂੰ 11.30 ਵਜੇ ਦੇ ਕਰੀਬ ਉਹ ਵਾਪਸ ਬੱਧਨੀ ਕਲਾਂ ਆ ਰਹੇ ਸਨ ਕਿ ਬੱਧਨੀ ਕਲਾਂ ਤੋਂ ਤਕਰੀਬਨ 8 ਕਿਲੋਮੀਟਰ ਪਿੱਛੇ ਪਿੰਡ ਬੁੱਟਰ ਕਲਾਂ ਦੇ ਮੱਦੋਕੇ ਰੋਡ ਉਪਰ ਬਣ ਰਹੇ ਬਾਈਪਾਸ ਕੋਲ ਸੜਕ ਉੱਚੀ-ਨੀਵੀਂ ਹੋਣ ਕਾਰਨ ਉਨ੍ਹਾਂ ਦੀ ਇੰਡੀਕਾ ਕਾਰ ਨੰਬਰ ਐੱਚ. ਆਰ 19 ਡੀ –1260 ਜੰਪ ਲੈਣ ਉਪਰੰਤ ਬੇਕਾਬੂ ਹੋ ਗਈ ਤੇ ਪੰਚਾਇਤ ਦੇ ਛੱਪੜ ਵਿੱਚ ਬਣੇ ਹੋਏ ਮੱਛੀ ਪਲਾਂਟ ਵਿੱਚ ਜਾ ਡਿੱਗੀ। ਇਸ ਦੁੱਖਦਾਈ ਹਾਦਸੇ ਵਿੱਚ ਭਾਵੇਂ ਤਿੰਨਾਂ ਨੌਜਵਾਨਾਂ ਦੀ ਮੋਤ ਹੋ ਗਈ, ਪ੍ਰੰਤੂ ਪਿੰਡ ਬੁੱਟਰ ਕਲਾਂ ਦੇ ਲੋਕ ਰਾਤ ਨੂੰ ਪਤਾ ਲੱਗਣ 'ਤੇ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ ਤੇ ਕਾਰ ਸਮੇਤ ਛੱਪੜ ਵਿੱਚ ਡੁੱਬੇ ਨੌਜਵਾਨਾਂ ਨੂੰ ਬਾਹਰ ਕੱਢਣਾ ਸ਼ੁਰੂ ਹੋ ਗਏ। ਇਸ ਪਿੰਡ ਦੇ ਆਗੂ ਹਰਮੇਲ ਸਿੰਘ ਪ੍ਰਧਾਨ ਅਤੇ ਸਰਪੰਚ ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਰਾਤ ਨੂੰ ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਤਾਂ ਬਾਹਰ ਕੱਢ ਦਿੱਤੀਆਂ ਸਨ, ਪ੍ਰੰਤੂ ਇੱਕ ਨੌਜਵਾਨ ਦੀ ਲਾਸ਼ ਅੱਜ ਸਵੇਰੇ ਮਿਲੀ।
ਇਸ ਦਰਦਨਾਕ ਹਾਦਸੇ ਦੀ ਖਬਰ ਸਵੇਰੇ ਸ਼ਹਿਰ ਵਿੱਚ ਅੱਗ ਵਾਂਗ ਫੈਲ ਗਈ, ਜਿਸ ਨਾਲ ਸ਼ਹਿਰ ਵਾਸੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਤੇ ਦੇਖਦੇ ਹੀ ਸ਼ਹਿਰ ਦੇ ਸਾਰੇ ਬਾਜ਼ਾਰ ਸੋਗ ਵਜੋਂ ਬੰਦ ਹੋ ਗਏ। ਥਾਣਾ ਬੱਧਨੀ ਕਲਾਂ ਦੀ ਪੁਲਸ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਅਤੇ ਸ਼ਹਿਰ ਦੇ ਪਤਵੰਤਿਆਂ ਵੱਲੋਂ ਦਿੱਤੇ ਬਿਅਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ, ਜਿਨ੍ਹਾਂ ਦਾ ਬਾਅਦ ਵਿੱਚ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸ਼ਹਿਰ ਦੇ ਹਰ ਨਾਗਰਿਕ ਦੀ ਅੱਖ ਨਮ ਸੀ।