ਸਰਕਾਰ ਨੂੰ ਆਮ ਲੋਕਾਂ ਨਾਲ ਸਰੋਕਾਰ ਨਹੀਂ : ਰਾਹੁਲ


ਲਖਨਊ (ਨਵਾਂ ਜ਼ਮਾਨਾ ਸਰਵਿਸ)-ਕਾਂਗਰਸ ਪ੍ਰਧਾਨ ਬਣਨ ਮਗਰੋਂ ਆਪਣੇ ਹਲਕੇ ਦੇ ਪਹਿਲੇ ਦੌਰੇ 'ਤੇ ਗਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ 'ਤੇ ਤਿੱਖੇ ਹਮਲੇ ਕੀਤੇ। ਰਾਇਬਰੇਲੀ ਦੇ ਸਲੋਨ 'ਚ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਇਥੇ ਫੂਡ ਪਾਰਕ ਸਥਾਪਤ ਕਰਨ ਦੀ ਯੋਜਨਾ ਸੀ ਅਤੇ ਜੇ ਅਜਿਹਾ ਹੋ ਜਾਂਦਾ ਤਾਂ ਇਥੋਂ ਦੀ ਸੂਰਤ ਹੀ ਬਦਲ ਜਾਣੀ ਸੀ, ਪਰ ਮੋਦੀ ਕਾਰਨ ਅਜਿਹਾ ਸੰਭਵ ਨਾ ਹੋ ਸਕਿਆ। ਜੇ ਇਥੇ ਫੂਡ ਪਾਰਕ ਬਣ ਜਾਂਦਾ ਤਾਂ ਅਮੇਠੀ, ਰਾਇਬਰੇਲੀ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਨੂੰ ਇਸ ਦਾ ਫਾਇਦਾ ਮਿਲਣਾ ਸੀ ਅਤੇ ਹਲਾਤ ਹੀ ਬਦਲ ਜਾਣੇ ਸਨ। ਉਨ੍ਹਾ ਲੋਕਾਂ ਨੂੰ ਭਰੋਸਾ ਦੁਆਇਆ ਕਿ ਜਿਵੇਂ ਹੀ ਕਾਂਗਰਸ ਪਾਰਟੀ ਸੱਤਾ 'ਚ ਆਵੇਗੀ, ਇਥੇ ਫੂਡ ਪਾਰਕ ਬਣ ਕੇ ਹੀ ਰਹੇਗਾ।
ਗੁਜਰਾਤ ਤੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਗੁਜਰਾਤ ਦੀ ਜਨਤਾ ਨੇ ਸਾਨੂੰ ਪੁੱਛਿਆ ਕਿ ਗੁਜਰਾਤ ਮਾਡਲ ਕੀ ਹੈ। ਉਨ੍ਹਾ ਕਿਹਾ ਕਿ ਉਥੇ ਗੁਜਰਾਤ ਮਾਡਲ ਪੂਰੀ ਤਰ੍ਹਾਂ ਫਲਾਪ ਸਾਬਤ ਹੋਇਆ ਅਤੇ ਭਾਰਤੀ ਜਨਤਾ ਪਾਰਟੀ ਨੂੰ ਗੁਜਰਾਤ 'ਚ ਵੱਡਾ ਝਟਕਾ ਲੱਗਾ ਹੈ।
ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਖ਼ਤ ਮੁਕਾਬਲਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਸੂਬੇ 'ਚ ਭਾਜਪਾ ਪਹਿਲੀ ਵਾਰ 100 ਸੀਟਾਂ ਤੋਂ ਹੇਠਾਂ ਆ ਗਈ। ਉਨ੍ਹਾ ਕਿਹਾ ਕਿ ਆਲੂ ਸੜਕਾਂ 'ਤੇ ਸੁੱਟਿਆ ਜਾ ਰਿਹਾ ਹੈ, ਪਰ ਕਿਸਾਨਾਂ ਦੀ ਬਾਤ ਪੁਛਣ ਵਾਲਾ ਕੋਈ ਨਹੀਂ।
ਹਲਾਤ ਇਸ ਕਦਰ ਖ਼ਰਾਬ ਹੋ ਗਏ ਹਨ ਕਿ ਪੂਰੇ ਦੇਸ਼ 'ਚ ਕਿਸਾਨ ਆਪਣੀ ਬਦਹਾਲੀ 'ਤੇ ਰੋ ਰਿਹਾ ਹੈ। ਮੋਦੀ ਸਰਕਾਰ 'ਤੇ ਹਮਲੇ ਕਰਦਿਆਂ ਉਨ੍ਹਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਐਲਾਨੀ ਕੋਈ ਯੋਜਨਾ ਸਫ਼ਲ ਨਹੀਂ ਰਹੀ ਅਤੇ ਸਾਰੀਆਂ ਯੋਜਨਾਵਾਂ ਨਾਕਾਮ ਹੋਈਆਂ ਹਨ।
ਭਾਜਪਾ 'ਤੇ ਹਮਲੇ ਕਰਦਿਆਂ ਉਨ੍ਹਾ ਕਿਹਾ ਕਿ ਜਾਤੀ ਨੂੰ ਜਾਤੀ ਨਾਲ ਅਤੇ ਧਰਮ ਨੂੰ ਧਰਮ ਨਾਲ ਲੜਾਉਣਾ ਹੀ ਭਾਰਤੀ ਜਨਤਾ ਦਾ ਇਕੋ-ਇੱਕ ਕੰਮ ਰਹਿ ਗਿਆ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਸਿਰਫ਼ ਤੇ ਸਿਰਫ਼ ਕੁਝ ਉਦਯੋਗਪਤੀਆਂ ਲਈ ਕੰਮ ਰਹੀ ਹੈ, ਆਮ ਲੋਕਾਂ ਨਾਲ ਸਰਕਾਰ ਨੂੰ ਕੋਈ ਸਰੋਕਾਰ ਨਹੀਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਿਰਫ਼ 15 ਉਦਯੋਗਪਤੀਆਂ ਲਈ ਕੰਮ ਕਰਦੇ ਹਨ।