ਹਾਫ਼ਿਜ਼ ਸਾਬ੍ਹ ਵਿਰੁੱਧ ਪਾਕਿ 'ਚ ਕੋਈ ਕੇਸ ਨਹੀਂ; ਕਿਹਾ ਪਾਕੀ ਪ੍ਰਧਾਨ ਮੰਤਰੀ ਅੱਬਾਸੀ ਨੇ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਨੇ 26/11 ਦੇ ਹਮਲਿਆ ਦੇ ਸਾਜਿਸ਼ਘਾੜੇ ਹਾਫ਼ਿਜ਼ ਸਈਦ ਨੂੰ 'ਸਾਹਿਬ' ਕਹਿ ਕੇ ਬੁਲਾਇਆ ਹੈ। ਅੱਬਾਸੀ ਨੇ ਕਿਹਾ ਕਿ ਹਾਫ਼ਿਜ਼ ਵਿਰੁੱਧ ਪਾਕਿਸਤਾਨ 'ਚ ਕੋਈ ਕੇਸ ਦਰਜ ਨਹੀਂ ਹੈ। ਇਸ ਲਈ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਕਾਰਵਾਈ ਉਸ ਵਿਅਕਤੀ ਵਿਰੁੱਧ ਹੋ ਸਕਦੀ ਹੈ, ਜਿਸ ਵਿਰੁੱਧ ਕੋਈ ਕੇਸ ਦਰਜ ਹੋਵੇ। ਅੱਬਾਸੀ ਨੇ ਇਹ ਗੱਲ ਉਸ ਵੇਲੇ ਕੀਤੀ, ਜਦੋਂ ਉਸ ਤੋਂ ਹਾਫ਼ਿਜ਼ ਸਈਦ ਵਿਰੁੱਧ ਕਾਰਵਾਈ ਕਰਨ ਬਾਰੇ ਪੁੱਛਿਆ ਗਿਆ। ਆਪਣੇ ਵਿਦੇਸ਼ ਮੰਤਰੀ ਦੇ ਉਕਸਾਏ ਵਾਲੇ ਬਿਆਨ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਤਰ੍ਹਾਂ ਦੀ ਜੰਗ ਤੋਂ ਸਾਫ਼ ਇਨਕਾਰ ਕਰ ਦਿੱਤਾ। ਅੱਬਾਸੀ ਨੇ ਕਿਹਾ ਕਿ ਉਨ੍ਹਾ ਹਮੇਸ਼ਾ ਹੀ ਕਿਹਾ ਹੈ ਕਿ ਭਾਰਤ ਨਾਲ ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
ਬੀਤੇ ਦਿਨੀਂ ਪਾਕਿਸਤਾਨ ਅਤੇ ਅਮਰੀਕਾ ਦੇ ਸੰਬੰਧਾਂ 'ਚ ਆਈ ਕੜੱਤਣ ਦਰਮਿਆਨ ਅੱਬਾਸੀ ਨੇ ਕਿਹਾ ਕਿ ਅਮਰੀਕੀ ਫ਼ੌਜ ਨਾਲ ਗੱਲਬਾਤ ਅਜੇ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਸਾਲ ਦੇ ਆਪਣੇ ਟਵੀਟ 'ਚ ਕਿਹਾ ਸੀ ਕਿ ਹਜ਼ਾਰਾਂ ਕਰੋੜ ਦੀ ਮਦਦ ਦੇ ਬਾਵਜੂਦ ਅੱਤਵਾਦ ਦੇ ਮਾਮਲੇ 'ਚ ਪਾਕਿਸਤਾਨ ਉਨ੍ਹਾ ਨੂੰ ਧੋਖਾ ਦੇ ਰਿਹਾ ਹੈ। ਅੱਬਾਸੀ ਨੇ ਕਿਹਾ ਕਿ ਜਦੋਂ ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਮਿਲਦੀ ਹੈ ਤਾਂ ਹਰ ਕੋਈ ਜੰਗ ਲਈ ਤਿਆਰ ਹੋ ਜਾਂਦਾ ਹੈ।
ਇਸ ਤੋਂ ਪਹਿਲਾਂ ਜਨਵਰੀ ਦੇ ਸ਼ੁਰੂਆਤ 'ਚ ਅਮਰੀਕੀ ਦਬਾਅ ਹੇਠ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ 26/11 ਦੇ ਸਾਜ਼ਿਸ਼ਘਾੜੇ ਦੀ ਅੱਤਵਾਦੀ ਜਥੇਬੰਦੀ ਜਮਾਤ-ਉਦ ਦਾਵਾ ਸਮੇਤ ਕਈ ਅੱਤਵਾਦੀ ਜਥੇਬੰਦੀਆਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਸੀ। ਅੱਬਾਸੀ ਨੇ ਕਿਹਾ ਕਿ ਉਹ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸਹਾਇਤਾ 'ਚ ਕਟੌਤੀ ਕੀਤੇ ਜਾਣ ਤੋਂ ਨਰਾਜ਼ ਹਨ। ਉਨ੍ਹਾ ਕਿਹਾ ਕਿ ਇੱਕ ਪਾਸੇ ਉਨ੍ਹਾਂ ਦੀ ਫ਼ੌਜ ਨੇ ਅੱਤਵਾਦ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ, ਦੂਜੇ ਪਾਸੇ ਅਮਰੀਕਾ ਬਿਆਨਬਾਜ਼ੀ ਕਰਕੇ ਉਨ੍ਹਾ ਨੂੰ ਪ੍ਰੇਸ਼ਾਨ ਕਰ ਰਿਹਾ ਹੈ।