ਰਾਣਾ ਗੁਰਜੀਤ ਦਾ ਪੁੱਤਰ ਈ ਡੀ ਅੱਗੇ ਪੇਸ਼


ਜਲੰਧਰ, (ਇਕਬਾਲ ਸਿੰਘ ਉੱਭੀ)
ਪੰਜਾਬ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਜਿਸ ਉੁਪਰ ਵਿਦੇਸ਼ ਵਿੱਚ ਸੌ ਕਰੋੜ ਦੇ ਵਿਦੇਸ਼ੀ ਸ਼ੇਅਰ ਵੇਚਣ ਦਾ ਦੋਸ਼ ਸੀ, ਉਸ ਸੰਬੰਧ ਵਿੱਚ ਰਾਣਾ ਇੰਦਰ ਪ੍ਰਤਾਪ ਸਿੰਘ ਅੱਜ ਇਨਫੋਰਸਮੈਂਟ ਡਾਇਰੈਕਟਰੋਰੇਟ ਕੂਲ ਰੋਡ ਜਲੰਧਰ ਦਫ਼ਤਰ ਵਿਖੇ ਪੇਸ਼ ਹੋਇਆ। ਉਸ ਕੋਲੋਂ ਈ ਡੀ ਦੇ ਡਿਪਟੀ ਡਾਇਰੈਕਟਰ ਰਾਜੀਵ ਸੋਹੁ ਅਤੇ ਸਹਾਇਕ ਜਾਂਚ ਅਧਿਕਾਰੀ ਇਨਫੋਰਸਮੈਂਟ ਅਫ਼ਸਰ ਪ੍ਰਿਅੰਕਾ ਸ਼ਰਮਾ ਵੱਲੋਂ ਦੁਪਹਿਰ 12.35 ਤੇ ਪੁੱਛਗਿੱਛ ਸ਼ੁਰੂ ਕੀਤੀ। ਰਾਣਾ ਇੰਦਰ ਪ੍ਰਤਾਪ ਸਿੰਘ ਆਪਣੀ ਫਾਰਚੂਨਰ ਗੱਡੀ ਵਿੱਚ ਆਇਆ ਤੇ ਪੁੱਛ-ਗਿੱਛ ਲਈ ਦਫ਼ਤਰ ਜਾਣ ਲੱਗਿਆ ਪੱਤਰਕਾਰਾਂ ਵੱਲੋਂ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਉਸ ਉਪਰ ਦੋਸ਼ ਹੈ ਕਿ ਉਸ ਨੇ ਵਿਦੇਸ਼ ਵਿੱਚ ਸੌ ਕਰੋੜ ਦੇ ਸ਼ੇਅਰ ਰਾਣਾ ਸ਼ੂਗਰ ਲਿਮਟਿਡ ਦੇ ਨਾਂਅ 'ਤੇ ਜਾਰੀ ਕਰਕੇ ਕੰਪਨੀ ਬਣਾ ਕੇ ਵੇਚੇ ਸਨ। ਜਦਕਿ ਭਾਰਤੀ ਰਿਜ਼ਰਵ ਬੈਂਕ ਦੀ ਪ੍ਰਵਾਨਗੀ ਤੋਂ ਬਿਨਾਂ ਸ਼ੇਅਰ ਵੇਚ ਕੇ ਪੈਸਾ ਇਕੱਠਾ ਨਹੀ ਕੀਤਾ ਜਾ ਸਕਦਾ।
ਇਸ ਸੰਬੰਧ ਵਿੱਚ ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦਫ਼ਤਰ ਵੱਲੋਂ 17 ਜਨਵਰੀ ਲਈ ਪੇਸ਼ ਹੋਣ ਦੇ ਹੁਕਮ ਕੀਤੇ ਗਏ ਸਨ। ਇਹ ਸੰਮਨ ਜਾਰੀ ਕਰਨ 'ਤੇ ਪੰਜਾਬ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਮੁੱਖ ਮੰਤਰੀ ਨੂੰ ਆਪਣੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਅਸਤੀਫ਼ਾ ਆਪਣੇ ਕੋਲ ਹੀ ਰੱਖ ਛੱਡਿਆ । ਆਮ ਆਦਮੀ ਪਾਰਟੀ ਮੰਗ ਕਰ ਰਹੀ ਹੈ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਤੁਰੰਤ ਪ੍ਰਵਾਨ ਕਰ ਲੈਣਾ ਚਾਹੀਦਾ ਹੈ।
ਇਸ ਪ੍ਰਤੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਅਸਤੀਫੇ ਬਾਰੇ ਕਿਹਾ ਕਿ ਮੈਂ ਆਪਣਾ ਅਸਤੀਫ਼ਾ ਆਪਣੀ ਮਰਜ਼ੀ ਨਾਲ ਦਿੱਤਾ ਹੈ, ਮੇਰੀ ਕਿਸੇ ਨੇ ਬਾਂਹ ਫੜ ਕੇ ਨਹੀ ਲਿਆ। ਉਨ੍ਹਾ ਕਿਹਾ ਕਿ ਇਸ ਨਾਲ ਮੈਨੂੰ ਕੋਈ ਫਰਕ ਵੀ ਨਹੀ ਪੈਂਦਾ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਪਿਤਾ ਦੇ ਸਮਾਨ ਹਨ, ਮੈਂ ਇੱਕ ਮੰਤਰੀ ਦੀ ਕੁਰਸੀ ਤਾਂ ਕੀ ਇਹੋ ਜਿਹੀਆਂ ਕਈ ਕੁਰਸੀਆਂ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ 'ਤੇ ਛੱਡ ਸਕਦਾ ਹਾਂ। ਪਤਾ ਇਹ ਵੀ ਲੱਗਾ ਸੀ ਕਿ ਇਹ ਅਸਤੀਫ਼ਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕਰਕੇ ਹੀ ਰਾਣਾ ਗੁਰਜੀਤ ਸਿੰਘ ਨੇ ਚਾਰ ਜਨਵਰੀ ਨੂੰ ਦਿੱਤਾ ਸੀ।