ਮਾਣਹਾਨੀ ਮਾਮਲੇ 'ਚ ਰਾਹੁਲ ਨੂੰ 23 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)-ਆਰ ਐੱਸ ਐੱਸ ਨਾਲ ਸੰਬੰਧਤ ਮਾਣਹਾਨੀ ਦੇ ਮੁਕੱਦਮੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਗੈਰ-ਹਾਜ਼ਰੀ ਕਾਰਨ ਭਿਵੰਡੀ ਅਦਾਲਤ ਨੇ ਉਸ ਦੇ ਵਕੀਲ ਦੀ ਦਰਖਾਸਤ 'ਤੇ ਮੁਆਫ਼ੀ ਤਾਂ ਦੇ ਦਿੱਤੀ, ਪਰ 23 ਅਪ੍ਰੈਲ ਦੀ ਸੁਣਵਾਈ ਦੌਰਾਨ ਹਰ ਹਾਲ ਵਿੱਚ ਪੇਸ਼ ਹੋਣ ਦੇ ਹੁਕਮ ਦੇ ਦਿੱਤੇ। ਰਾਹੁਲ ਗਾਂਧੀ ਵਿਰੁੱਧ ਮਹਾਤਮਾ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਸੰਘ ਨੂੰ ਬਦਨਾਮ ਕਰਨ ਨੂੰ ਲੈ ਕੇ ਸਾਲ 2014 ਤੋਂ ਸਥਾਨਕ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਸੰਘ ਭਿਵੰਡੀ ਇਕਾਈ ਦੇ ਸਕੱਤਰ ਰਾਜੇਸ਼ ਨੇ ਉਨ੍ਹਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਨੇ ਸਾਲ 2014 ਵਿੱਚ ਇੱਕ ਰੈਲੀ ਵਿੱਚ ਮਹਾਤਮਾ ਗਾਂਧੀ ਦੀ ਹੱਤਿਆ 'ਚ ਸੰਘ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ, ਜਦ ਕਿ ਇਸ ਸੰਬੰਧ ਵਿੱਚ ਉਹ ਕੋਈ ਸਬੂਤ ਨਹੀਂ ਦੇ ਸਕੇ।
ਇਸ ਮਾਮਲੇ ਵਿੱਚ ਭਿਵੰਡੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ ਦਿੱਤੀ ਸੀ, ਪਰ ਕੇਸ ਅਜੇ ਵੀ ਚੱਲ ਰਿਹਾ ਹੈ। ਰਾਹੁਲ ਗਾਂਧੀ ਦੇ ਹਾਜ਼ਰ ਨਾ ਹੋਣ ਲਈ ਉਨ੍ਹਾ ਦੇ ਵਕੀਲ ਨੇ ਮੁਆਫ਼ੀ ਦੀ ਅਰਜ਼ੀ ਦਿੱਤੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ, ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਰਾਹੁਲ ਗਾਂਧੀ 23 ਅਪ੍ਰੈਲ ਦੀ ਸੁਣਵਾਈ ਦੌਰਾਨ ਹਰ ਹਾਲਤ ਵਿੱਚ ਪੇਸ਼ ਹੋਵੇ।