ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ ਵਿਧਾਨ ਸਭਾ ਚੋਣਾਂ ਦਾ ਐਲਾਨ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਚੋਣ ਕਮਿਸ਼ਨ ਨੇ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ 'ਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੋ ਗੇੜਾਂ 'ਚ ਹੋਣਗੀਆਂ। ਪਹਿਲੇ ਗੇੜ 'ਚ 18 ਫਰਵਰੀ ਨੂੰ ਤ੍ਰਿਪੁਰਾ 'ਚ ਵੋਟਾਂ ਪੁਆਈਆਂ ਜਾਣਗੀਆਂ, ਜਦੋਂਕਿ ਦੂਜੇ ਗੇੜ 'ਚ 27 ਫਰਵਰੀ ਨੂੰ ਮੇਘਾਲਿਆ ਅਤੇ ਨਾਗਾਲੈਂਡ 'ਚ ਵੋਟਾਂ ਪੁਆਈਆਂ ਜਾਣਗੀਆਂ। ਇਨ੍ਹਾਂ ਤਿੰਨਾਂ ਰਾਜਾਂ ਦੀ ਵੋਟਾਂ ਦੀ ਗਿਣਤੀ 3 ਮਾਰਚ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਚੋਣ ਮਿਤੀਆਂ ਬਾਰੇ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਤਿੰਨੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਵੀ ਪੈਟ ਦਾ ਇਸਤੇਮਾਲ ਕੀਤਾ ਜਾਵੇਗਾ। ਚੋਣ ਕਮਿਸ਼ਨ ਅਨੁਸਾਰ ਹਰੇਕ ਵਿਧਾਨ ਸਭਾ ਹਲਕੇ 'ਚ ਇੱਕ ਪੋਲਿੰਗ ਸਟੇਸ਼ਨ 'ਤੇ ਵੀ ਵੀ ਪੈਟ ਰਾਹੀਂ ਵੋਟਾਂ ਪੁਆਈਆਂ ਜਾਣਗੀਆਂ ਅਤੇ ਸਲਿੱਪ ਦੀ ਗਿਣਤੀ ਵੀ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਅੱਜ ਇੱਕ ਐਲਾਨ 'ਚ ਕਿਹਾ ਕਿ ਤਿੰਨੇ ਰਾਜਾਂ 'ਚ ਚੋਣਾਂ ਲਈ ਮਿਤੀਆਂ ਦੇ ਐਲਾਨ ਮਗਰੋਂ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਚੋਣਾਂ ਦੀਆਂ ਮਿਤੀਆਂ ਦੇ ਐਲਾਨ ਦੇ ਨਾਲ ਹੀ ਅਸਾਮ ਰਾਇਫਲਜ਼ ਨੂੰ 1643 ਕਿਲੋਮੀਟਰ ਲੰਮੀ ਭਾਰਤ ਮਿਆਂਮਾਰ ਸਰਹੱਦ 'ਤੇ ਗਸ਼ਤ ਵਧਾਉਣ ਲਈ ਕਿਹਾ ਹੈ। ਅਜਿਹੀ ਸ਼ੰਕਾ ਪ੍ਰਗਟਾਈ ਗਈ ਹੈ ਕਿ ਸਰਹੱਦ ਪਾਰੋਂ ਸਰਗਰਮ ਅੱਤਵਾਦੀ ਵਿਧਾਨ ਸਭਾ ਚੋਣਾਂ ਦੌਰਾਨ ਹਿੰਸਾ ਕਰ ਸਕਦੇ ਹਨ।