ਅਗਨੀ 5 ਮਿਜ਼ਾਈਲ ਦਾ ਸਫਲ ਪ੍ਰੀਖਣ


ਭੁਵਨੇਸ਼ਵਰ (ਨਵਾਂ ਜ਼ਮਾਨਾ ਸਰਵਿਸ)
ਭਾਰਤ ਨੇ ਪ੍ਰਮਾਣੂ ਸਮਰਥਾ ਨਾਲ ਲੈਸ ਅਗਨੀ 5 ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਅਗਨੀ 5 ਦਾ ਪ੍ਰੀਖਣ ਸਵੇਰੇ ਤਕਰੀਬਨ 10 ਵਜੇ ਉੜੀਸਾ ਤੱਟ 'ਤੇ ਸਥਿਤ ਟਾਪੂ ਤੋਂ ਕੀਤਾ ਗਿਆ। ਮਿਜ਼ਾਈਲ ਦੇ ਸਫਲ ਪ੍ਰੀਖਣ ਮਗਰੋਂ ਮੰਨਿਆ ਜਾ ਰਿਹਾ ਹੈ ਕਿ ਪੂਰਾ ਪਾਕਿਸਤਾਨ ਅਤੇ ਚੀਨ ਇਸ ਮਿਜ਼ਾਈਲ ਦੀ ਮਾਰ ਹੇਠ ਆਉਣਗੇ। ਮਾਹਰਾਂ ਅਨੁਸਾਰ ਪ੍ਰਮਾਣੂ ਸਮਰੱਥਾ ਵਾਲੀ ਅਗਨੀ 5 ਮਿਜ਼ਾਈਲ 5 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਮਾਰ ਕਰ ਸਕਦੀ ਹੈ।
ਅਗਨੀ 5 ਮਿਜ਼ਾਈਲ ਡੀ ਆਰ ਡੀ ਓ ਵੱਲੋਂ ਵਿਕਸਿਤ ਕੀਤੀ ਗਈ ਹੈ ਅਤੇ ਅਗਨੀ ਸੀਰੀਜ਼ ਦੀਆਂ ਮਿਜ਼ਾਈਲਾਂ ਚੀਨ ਅਤੇ ਪਾਕਿਸਤਾਨ ਨੂੰ ਧਿਆਨ 'ਚ ਰੱਖ ਕੇ ਜ਼ਮੀਨ 'ਤੇ ਮਾਰ ਕਰਨ ਲਈ ਤਿਆਰ ਕੀਤਾ ਗਿਆ ਹੈ। ਅਗਨੀ 5 ਮਿਜ਼ਾਈਲ ਦੀ ਉਚਾਈ ਤਕਰੀਬਨ 17 ਮੀਟਰ ਅਤੇ ਵਿਆਸ 2 ਮੀਟਰ ਹੈ ਅਤੇ 50 ਟਨ ਦੀ ਇਹ ਮਿਜ਼ਾਈਲ ਡੇਢ ਟਨ ਤੱਕ ਪ੍ਰਮਾਣੂ ਸਾਜੋ-ਸਾਮਾਨ ਲਿਜਾਣ 'ਚ ਸਮਰੱਥਾ ਹੈ ਅਤੇ ਇਹ ਮਿਜ਼ਾਈਲ ਆਵਾਜ਼ ਦੀ ਰਫਤਾਰ ਤੋਂ 24 ਗੁਣਾ ਤੇਜ਼ੀ ਨਾਲ ਜਾ ਸਕਦੀ ਹੈ।
ਇਸ ਮਿਜ਼ਾਈਲ ਦੇ ਨਾਲ ਹੀ ਭਾਰਤ 5 ਹਜ਼ਾਰ ਤੋਂ 5500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਨਾਲ ਲੈਸ ਦੇਸ਼ਾਂ ਦੇ ਗਰੁੱਪ 'ਚ ਸ਼ਾਮਲ ਹੋ ਜਾਵੇਗਾ। ਅਜੇ ਇਹ ਸਮਰਥਾ ਅਮਰੀਕਾ, ਰੂਸ, ਚੀਨ, ਫਰਾਂਸ ਅਤੇ ਬਰਤਾਨੀਆ ਕੋਲ ਹੀ ਹੈ। ਇਸ ਮਿਜ਼ਾਈਲ ਦਾ ਪਹਿਲਾਂ ਅਪ੍ਰੈਲ 2012, ਸਤੰਬਰ 2013, ਜਨਵਰੀ 2015 ਅਤੇ ਦਸੰਬਰ 2016 'ਚ ਵੀ ਪ੍ਰੀਖਣ ਕੀਤਾ ਗਿਆ ਸੀ।