ਸੁਪਰੀਮ ਕੋਰਟ ਵੱਲੋਂ ਪਦਮਾਵਤ ਨੂੰ ਹਰੀ ਝੰਡੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਵਿਵਾਦਾਂ 'ਚ ਘਿਰੀ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਦੀ ਰਿਲੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਹੁਣ ਫਿਲਮ 25 ਜਨਵਰੀ ਨੂੰ ਸਾਰੇ ਸੂਬਿਆਂ 'ਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਭਾਜਪਾ ਦੀਆਂ ਸਰਕਾਰਾਂ ਵਾਲੇ 4 ਸੂਬਿਆਂ ਨੇ ਪਦਮਾਵਤ ਦੀ ਰਿਲੀਜ਼ 'ਤੇ ਰੋਕ ਲਾ ਦਿੱਤੀ ਸੀ। ਸੁਪਰੀਮ ਕੋਰਟ ਨੇ ਅੱਜ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਗੁਜਰਾਜ ਸਰਕਾਰਾਂ ਵੱਲੋਂ ਰੋਕ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਤੇ ਵੀ ਰੋਕ ਲਾ ਦਿੱਤੀ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐੱਮ ਖਾਨਵਿਲਕਰ ਅਤੇ ਜਸਟਿਸ ਡੀ ਵਾਈ ਚੰਦਰਚੂੜ 'ਤੇ ਅਧਾਰਤ ਬੈਂਚ ਨੇ ਫਿਲਮ ਦੇ ਨਿਰਮਾਤਾ ਅਤੇ ਹੋਰਨਾਂ ਦੇ ਵਕੀਲ ਦੀ ਇਸ ਦਲੀਲ 'ਤੇ ਵਿਚਾਰ ਕੀਤਾ ਕਿ ਫਿਲਮ 25 ਜਨਵਰੀ ਨੂੰ ਦੇਸ਼ ਭਰ 'ਚਰਿਲੀਜ਼ ਕੀਤੀ ਜਾਣ ਵਾਲੀ ਹੈ। ਇਸ ਲਈ ਇਸ ਬਾਰੇ ਪਟੀਸ਼ਨ 'ਤੇ ਛੇਤੀ ਸੁਣਵਾਈ ਦੀ ਲੋੜ ਹੈ।
ਅਦਾਲਤ ਨੇ ਕਿਹਾ ਕਿ ਜਦੋਂ ਸੈਂਟਰਲ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਫਿਲਮ ਨੂੰ ਆਗਿਆ ਦੇ ਦਿੱਤੀ ਹੈ ਤਾਂ ਰਾਜ ਸਰਕਾਰ ਇਸ ਉੱਪਰ ਰੋਕ ਨਹੀਂ ਲਾ ਸਕਦੀ।ਅਦਾਲਤ ਨੇ ਸੂਬਾ ਸਰਕਾਰਾਂ ਨੂੰ ਕਿਹਾ ਹੈ ਕਿ ਫਿਲਮ ਦੀ ਕਾਰਗੁਜ਼ਾਰੀ ਨਾਲ ਸਬੰਧਤ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ।'ਪਦਮਾਵਤ' ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਰਿਲੀਜ਼ ਹੋਣ ਦੇ ਐਲਾਨ ਮਗਰੋਂ ਕਰਣੀ ਸੈਨਾ ਲਗਾਤਾਰ ਫਿਲਮ ਦਾ ਵਿਰੋਧ ਕਰਦੀ ਰਹੀ ਹੈ।ਕਰਣੀ ਸੈਨਾ ਦੇ ਕਾਰਕੁਨਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਫਿਲਮ ਦੀ ਕਾਰਗੁਜ਼ਾਰੀ ਬੰਦ ਨਾ ਕੀਤੀ ਗਈ ਤਾਂ ਉਹ ਇਕੱਠੇ ਖੁਦਕੁਸ਼ੀ ਕਰਨਗੇ।ਸਿਰਫ ਇਹ ਹੀ ਨਹੀਂ, ਜੇਕਰ ਫਿਲਮ ਰਿਲੀਜ਼ ਕੀਤੀ ਗਈ ਤਾਂ ਉਹ ਲੋਕ ਫਿਲਮ ਹਾਲ 'ਚ ਜਾ ਕੇ ਤਲਵਾਰ ਨਾਲ ਫਿਲਮ ਸਕ੍ਰੀਨਿੰਗ ਰੋਕ ਦੇਣਗੇ।ਵਿਰੋਧੀ ਧਿਰ ਦੇ ਮੱਦੇਨਜ਼ਰ ਰਾਜਸਥਾਨ ਸਰਕਾਰ ਨੇ ਪਹਿਲਾਂ ਇਸ ਨੂੰ ਪਾਬੰਦੀ ਲਾਈ ਸੀ। ਇਸ ਤੋਂ ਬਾਅਦ ਮੱਧ ਪ੍ਰਦੇਸ਼, ਗੁਜਰਾਤ ਤੇ ਹਰਿਆਣਾ ਵਿੱਚ ਇਸ ਦੇ ਰਿਲੀਜ਼ ਹੋਣ ਉੱਤੇ ਪਾਬੰਦੀ ਲਗਾਈ ਗਈ ਸੀ। ਇਸ ਮੁੱਦੇ 'ਤੇ ਹੁਣ ਨਿਰਮਾਤਾ ਸੁਪਰੀਮ ਕੋਰਟ ਵਿੱਚ ਆਏ ਹਨ। ਉਸ ਨੂੰ ਹੁਣ ਰਾਹਤ ਦੀ ਖ਼ਬਰ ਮਿਲੀ ਸੀ।ਫਿਲਮ 'ਤੇ ਰੋਕ ਲਾਉਣ ਵਾਲੇ ਸੂਬਿਆਂ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਕਾਨੂੰਨ ਵਿਵਸਥਾ ਸੂਬਿਆਂ ਦੀ ਜ਼ੁੰਮੇਵਾਰੀ ਹੈ ਅਤੇ ਉਨ੍ਹਾਂ ਦੇਖਣਾ ਹੁੰਦਾ ਹੈ ਕਿ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਨਾ ਹੋਵੇ। ਉਨ੍ਹਾ ਕਿਹਾ ਕਿ ਸੈਂਸਰ ਬੋਰਡ ਫਿਲਮ ਨੂੰ ਸਰਟੀਫਿਕੇਟ ਦੇਣ ਵਾਲੇ ਇਸ ਗੱਲ 'ਤੇ ਧਿਆਨ ਨਹੀਂ ਦਿੰਦਾ ਕਿ ਫਿਲਮ ਰਿਲੀਜ਼ ਹੋਣ ਨਾਲ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਬ ਉੱਚ ਅਦਾਲਤ ਨੇ ਦੋ ਵਾਰ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਾਉਣ ਦੇ ਯਤਨ ਨਾਕਾਮ ਕਰ ਦਿੱਤੇ ਸਨ। ਅਦਾਲਤ ਨੇ ਕਿਹਾ ਸੀ ਕਿ ਸੈਂਸਰ ਬੋਰਡ ਦੇ ਫੈਸਲੇ ਤੋਂ ਪਹਿਲਾਂ ਫਿਲਮ ਬਾਰੇ ਕੋਈ ਰਾਇ ਨਹੀਂ ਬਣਾਈ ਜਾ ਸਕਦੀ। ਮਗਰੋਂ ਸੈਂਸਰ ਬੋਰਡ ਨੇ ਵੀ ਫਿਲਮ ਪਾਸ ਕਰ ਦਿੱਤੀ। ਇਸ ਫਿਲਮ ਦਾ ਰਾਜਪੂਤ ਜਥੇਬੰਦੀਆਂ ਅਤੇ ਕਰਣੀ ਸੈਨਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ 28 ਨਵੰਬਰ ਨੂੰ ਫਿਲਮ ਨੂੰ ਲੈ ਕੇ ਕੁਝ ਸਿਆਸਤਦਾਨਾਂ ਦੀਆਂ ਟਿੱਪਣੀਆਂ 'ਤੇ ਨਾਖੁਸ਼ੀ ਪ੍ਰਗਟ ਕੀਤੀ ਸੀ ਅਤੇ ਉਨ੍ਹਾਂ ਨੂੰ ਕੋਈ ਵੀ ਪ੍ਰਤੀਕ੍ਰਿਰਿਆ ਦੇਣ ਤੋਂ ਗੁਰੇਜ਼ ਕਰਨ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਫਿਲਮ 13ਵੀਂ ਸਦੀ 'ਚ ਮੇਵਾੜ ਦੇ ਮਹਾਰਾਜਾ ਰਤਨ ਸਿੰਘ ਅਤੇ ਦਿੱਲੀ ਦੇ ਸੁਲਤਾਨ ਅਲਾਊਦੀਨ ਖਿਲਜੀ ਵਿਚਕਾਰ ਹੋਈ ਇਤਿਹਾਸਕ ਜੰਗ 'ਤੇ ਅਧਾਰਤ ਹੈ। ਦੋ ਵਾਰ ਫਿਲਮ ਦੇ ਸੈੱਟ ਦੀ ਭੰਨਤੋੜ ਕੀਤੀ ਗਈ ਸੀ ਅਤੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨਾਲ ਕਰਣੀ ਸੈਨਾ ਦੇ ਲੋਕਾਂ ਨੇ ਹੱਥੋਪਾਈ ਕੀਤੀ ਸੀ।