ਗੁਰਪਾਲ ਲਿੱਟ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ (ਨਵਾਂ ਜ਼ਮਾਨਾ ਸਰਵਿਸ)
ਪੰਜਾਬੀ ਕਹਾਣੀ 'ਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸਮਰੱਥ ਕਥਾਕਾਰ ਗੁਰਪਾਲ ਲਿੱਟ ਜਿਹੜੇ ਬੀਤੀ ਰਾਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ, ਉਨ੍ਹਾਂ ਦੀ ਹੋਈ ਬੇਵਕਤੀ ਮੌਤ 'ਤੇ ਸਾਹਿਤਕ ਭਾਈਚਾਰੇ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਨਿਰਮਲ ਅਰਪਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ 1947 ਨੂੰ ਬੇ-ਜ਼ਮੀਨੇ ਕਿਰਸਾਨੀ ਪਰਵਾਰ 'ਚ ਜਨਮੇ ਗੁਰਪਾਲ ਲਿੱਟ ਕੁੱਲਵਕਤੀ ਲੇਖਕ ਸਨ। ਉਨ੍ਹਾਂ ਦੀਆਂ ਬਹੁ-ਚਰਚਿਤ ਪੁਸਤਕਾਂ 'ਚ 'ਮੁੱਠੀ 'ਚੋਂ ਕਿਰਦਾ ਮਾਰੂਥਲ', 'ਜਦ ਵੀ ਚਾਹੇ ਮਾਂ', 'ਕੁੱਝ ਸਲੀਬਾਂ ਦੇ ਸਾਥ', 'ਇਕਬਾਲ ਨਾਮਾ', 'ਅਲਫ ਨੰਗੀ ਜ਼ਿੰਦਗੀ' ਅਤੇ 'ਦੁਰਗ ਟੁੱਟਦੇ ਨੇ' ਜ਼ਿਕਰਯੋਗ ਹਨ। ਮਨੁੱਖੀ ਮਨ ਦੀਆਂ ਮਹੀਨ ਗੁੰਝਲਾਂ ਨੂੰ ਕਥਾ ਜੁਗਤਾਂ ਰਾਹੀਂ ਬੇਬਾਕੀ ਨਾਲ ਪੇਸ਼ ਕਰਨ ਵਾਲੇ ਗੁਰਪਾਲ ਲਿੱਟ ਸਾਹਿਤਕ ਲੋਕਾਂ 'ਚ ਬੇਹੱਦ ਸਤਿਕਾਰੇ ਜਾਂਦੇ ਹਨ। ਫਿਰ ਵੀ ਸ਼ੋਹਰਤ ਕਦੀ ਵੀ ਉਨ੍ਹਾਂ ਦੇ ਸਿਰ ਨੂੰ ਨਹੀਂ ਸੀ ਚੜ੍ਹੀ ਤੇ ਉਹ ਇਨਾਮਾਂ ਸਨਮਾਨਾਂ ਦੀ ਦੌੜ 'ਚੋਂ ਕੋਹਾਂ ਦੂਰ ਰਹਿੰਦੇ ਸਨ। ਉਨ੍ਹਾਂ ਦੇ ਇਸ ਤਰ੍ਹਾਂ ਬੇਵਕਤੀ ਤੁਰ ਜਾਣ 'ਤੇ ਸਥਾਨਕ ਸਾਹਿਤ ਸਭਾਵਾਂ ਵੱਲੋਂ ਡਾ. ਹਜ਼ਾਰਾ ਸਿੰਘ ਚੀਮਾ, ਮਨਮੋਹਨ ਸਿੰਘ ਢਿੱਲੋਂ, ਪ੍ਰਿੰ: ਡਾ. ਮਹਿਲ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਪਰਮਿੰਦਰ, ਕੇਵਲ ਧਾਲੀਵਾਲ, ਸੁਮੀਤ ਸਿੰਘ, ਮਲਵਿੰਦਰ, ਸਰਬਜੀਤ ਸੰਧੂ, ਜਗਤਾਰ ਗਿੱਲ, ਹਰਜੀਤ ਸੰਧੂ, ਜਸਬੀਰ ਸਿੰਘ ਸੱਗੂ, ਮਨਮੋਹਨ ਬਾਸਰਕੇ, ਧਰਵਿੰਦਰ ਔਲਖ, ਅਰਤਿੰਦਰ ਸੰਧੂ, ਗੁਰਬਾਜ ਛੀਨਾ, ਹਰਭਜਨ ਖੇਮਕਰਨੀ, ਜਸਬੀਰ ਝਬਾਲ, ਡਾ. ਸੁਖਬੀਰ, ਡਾ. ਆਤਮ ਰੰਧਾਵਾ, ਸ਼ੈਲਿੰਦਰਜੀਤ ਸਿੰਘ ਰਾਜਨ, ਜਗਦੀਸ਼ ਸਚਦੇਵਾ, ਡਾ. ਦਰਿਆ, ਬਲਵਿੰਦਰ ਸਿੰਘ ਫਤਿਹਪੁਰੀ ਆਦਿ ਲੇਖਕਾਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।