ਅਮਰੀਕਾ ਨੇ ਕਿਹਾ; ਹਾਫ਼ਿਜ਼ ਹੈ ਅੱਤਵਾਦੀ, ਮੁਕੱਦਮਾ ਚਲਾਵੇ ਪਾਕਿਸਤਾਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੁੰਬਈ ਹਮਲਿਆਂ ਦੇ ਸਰਗਨਾ ਹਾਫ਼ਿਜ਼ ਸਈਦ ਬਾਰੇ ਅਮਰੀਕਾ ਨੇ ਵੱਡਾ ਬਿਆਨ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਤਰਜਮਾਨ ਹੀਥਰ ਕੋਰਟ ਨੇ ਕਿਹਾ ਕਿ ਅਸੀਂ ਹਾਫ਼ਿਜ਼ ਸਈਦ ਨੂੰ ਇੱਕ ਅੱਤਵਾਦੀ ਵਜੋਂ ਦੇਖਦੇ ਹਾਂ, ਜਿਹੜਾ ਇੱਕ ਵਿਦੇਸ਼ੀ ਅੱਤਵਾਦੀ ਜਥੇਬੰਦੀ ਦਾ ਹਿੱਸਾ ਹੈ। ਉਹ ਮੁੰਬਈ 2008 ਹਮਲਿਆਂ ਦਾ ਸਰਗਨਾ ਹੈ, ਜਿਸ 'ਚ ਅਮਰੀਕੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਸਨ। ਅਮਰੀਕਾ ਨੇ ਪਾਕਿਸਤਾਨ ਨੂੰ ਹਾਫ਼ਿਜ਼ ਸਈਦ ਵਿਰੁੱਧ ਮੁਕੱਦਮਾ ਚਲਾਉਣ ਲਈ ਵੀ ਕਿਹਾ ਹੈ।
ਅਮਰੀਕਾ ਨੇ ਇਹ ਗੱਲ ਅਜਿਹੇ ਸਮੇਂ ਆਖੀ ਹੈ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਪਿਛਲੇ ਦਿਨੀਂ ਟਿਪਣੀ ਕੀਤੀ ਸੀ ਕਿ ਸਈਦ ਵਿਰੁੱਧ ਕੋਈ ਕਦਮ ਨਹੀਂ ਚੁੱਕਿਆ ਜਾ ਸਕਦਾ। ਇੱਕ ਟੀ ਵੀ ਚੈਨਲ 'ਤੇ ਪ੍ਰਸਾਰਤ ਇੰਟਰਵਿਊ 'ਚ ਸਈਦ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਬਾਰੇ ਪੁੱਛੇ ਜਾਣ ਤੇ ਅੱਬਾਸੀ ਨੇ ਕਿਹਾ ਸੀ ਹਾਫ਼ਿਜ਼ ਸਈਦ ਸਾਹਿਬ ਵਿਰੁੱਧ ਪਾਕਿਸਤਾਨ 'ਚ ਕੋਈ ਕੇਸ ਨਹੀਂ ਅਤੇ ਪਾਕਿਸਤਾਨ 'ਚ ਕੋਈ ਮਾਮਲਾ ਦਰਜ ਹੋਣ ਦੀ ਸੂਰਤ 'ਚ ਹੀ ਕਾਰਵਾਈ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਦੇ ਬਿਆਨ 'ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਹੀਥਰ ਕੋਰਟ ਨੇ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਸਈਦ ਖ਼ਿਲਾਫ਼ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾ ਇਸ ਬਾਰੇ ਪਾਕਿਸਤਾਨ ਨੂੰ ਵੀ ਦੱਸ ਦਿੱਤਾ ਹੈ। ਇੱਕ ਸੁਆਲ ਦੇ ਜੁਆਬ 'ਚ ਉਨ੍ਹਾ ਕਿਹਾ ਕਿ ਅਮਰੀਕਾ ਨੇ ਸਈਦ ਬਾਰੇ ਅੱਬਾਸੀ ਦੀਆਂ ਟਿੱਪਣੀਆਂ ਵਾਲੀਆਂ ਖ਼ਬਰਾਂ ਦੇਖੀਆਂ ਹਨ ਅਤੇ ਅਸੀਂ ਉਸ ਨੂੰ ਇੱਕ ਅੱਤਵਾਦੀ ਅਤੇ ਇੱਕ ਵਿਦੇਸ਼ ਅੱਤਵਾਦੀ ਜਥੇਬੰਦੀ ਦਾ ਹਿੱਸਾ ਮੰਨਦੇ ਹਾਂ। ਸਾਡਾ ਮੰਨਣਾ ਹੈ ਕਿ ਉਹ 2008 ਦੇ ਮੁੰਬਈ ਹਮਲਿਆਂ ਦਾ ਸਰਗਨਾ ਸੀ, ਜਿਸ 'ਚ ਅਮਰੀਕੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਮਾਰੇ ਗਏ ਸਨ। ਉਨ੍ਹਾ ਕਿਹਾ ਕਿ ਟਰੰਪ ਪ੍ਰਸ਼ਾਸਨ ਉਮੀਦ ਕਰਦਾ ਹੈ ਕਿ ਪਾਕਿਸਤਾਨ ਅੱਤਵਾਦੀ ਮਾਮਲਿਆਂ ਨਾਲ ਨਿਪਟਣ 'ਚ ਜ਼ਿਆਦਾ ਯੋਗਦਾਨ ਦੇਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਾਕਿਸਤਾਨ 'ਤੇ ਅੱਤਵਾਦ ਵਿਰੁੱਧ ਕਾਰਵਾਈ ਨਾ ਕਰਨ ਦਾ ਦੋਸ਼ ਲਾ ਕੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 2 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ 'ਤੇ ਰੋਕ ਲਾ ਦਿੱਤੀ ਸੀ। ਜੁਆਬੀ ਕਾਰਵਾਈ ਕਰਦਿਆਂ ਪਾਕਿਸਤਾਨ ਨੇ ਅਮਰੀਕਾ ਨਾਲ ਫ਼ੌਜੀ ਅਤੇ ਖੁਫ਼ੀਆ ਸਹਿਯੋਗ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਨਵੇਂ ਸਾਲ ਦੇ ਪਹਿਲੇ ਟਵੀਟ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪਾਕਿਸਤਾਨ ਨੇ 33 ਅਰਬ ਡਾਲਰ ਦੀ ਸਹਾਇਤਾ ਬਦਲੇ ਅਮਰੀਕਾ ਨੂੰ ਸਿਰਫ਼ ਝੂਠ ਅਤੇ ਧੋਖਾ ਹੀ ਦਿੱਤਾ ਅਤੇ ਜਿਹੜੇ ਅੱਤਵਾਦੀਆਂ ਦੀ ਅਸੀਂ ਅਫ਼ਗਾਨਿਸਤਾਨ 'ਚ ਭਾਲ ਕਰਦੇ ਹਾਂ, ਪਾਕਿਸਤਾਨ ਨੇ ਉਨ੍ਹਾਂ ਨੂੰ ਸੁਰੱਖਿਅਤ ਪਨਾਹਗਾਰ ਦਿੱਤੀ ਹੋਈ ਹੈ।