ਗਊ ਰੱਖਿਆ ਦੇ ਨਾਂਅ 'ਤੇ ਦਲਿਤਾਂ ਦੀ ਕੁੱਟਮਾਰ

ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਤੇਲੰਗਾਨਾ ਦੇ ਬਾਦਰੀ ਭੁਵਨਾਗਿਰੀ ਜ਼ਿਲ੍ਹੇ ਦੇ ਕਿੰਨਾ ਕੰਦੂ ਕੁਰੂ ਪਿੰਡ 'ਚ ਦਲਿਤਾਂ ਨਾਲ ਗਊ ਰੱਖਿਆ ਦੇ ਨਾਂਅ ਤੇ ਕੀਤੀ ਗਈ ਹਿੰਸਾ ਵਿਰੁੱਧ ਲੋਕਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ। ਪੀੜਤਾਂ ਅਨੁਸਾਰ 14 ਜਨਵਰੀ ਰਾਤ ਮੋਟਰਸਾਈਕਲਾਂ 'ਤੇ ਸਵਾਰ ਕੁਝ ਵਿਅਕਤੀ ਹਥਿਆਰਾਂ ਸਮੇਤ ਆਏ ਅਤੇ ਪਿੰਡ ਵਾਲਿਆਂ ਨੂੰ ਕੁੱਟਮਾਰ ਕਰਕੇ ਉਨ੍ਹਾਂ ਦੇ ਘਰਾਂ 'ਚ ਭੰੜ ਤੋੜ ਕੀਤੀ ਅਤੇ ਜਾਣ ਵੇਲੇ ਇੱਕ ਦੁਧਾਰੂ ਗਾਂ ਵੀ ਲੈ ਗਏ।
ਮਾਮਲਾ 18 ਜਨਵਰੀ ਨੂੰ ਸਾਹਮਣੇ ਆਇਆ। ਮਾਮਲੇ 'ਚ ਭਾਜਪਾ ਤੇ ਆਰ ਐੱਸ ਐੱਸ ਦੇ ਆਦਮੀਆਂ ਦੇ ਸ਼ਾਮਲ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੰਗਰਾਂਦ ਵਾਲੇ ਦਿਨ ਲੋਕ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਸਨ, ਜਿਨ੍ਹਾਂ 'ਚ ਮਰੀਗਾ ਭਾਈਚਾਰੇ ਦੇ ਬਜ਼ੁਰਗ ਵੀ ਸ਼ਾਮਲ ਸਨ। ਉਨ੍ਹਾ ਦੱਸਿਆ ਕਿ ਪਰੰਪਰਾ ਅਨੁਸਾਰ ਇੱਕ ਗਊ ਦੀ ਬਲੀ ਦੀ ਤਿਆਰੀ ਚੱਲ ਰਹੀ ਸੀ, ਪਰ ਹਮਲਾਵਰਾਂ ਨੇ ਉਨ੍ਹਾਂ ਦੀਆਂ ਰਸਮਾਂ 'ਚ ਵਿਘਨ ਪਾ ਦਿੱਤਾ। ਇੱਕ ਚਸ਼ਮਦੀਦ ਨੇ ਦੱਸਿਆ ਕਿ ਅਸੀਂ ਗਊ ਬਲੀ ਕਰਨ ਹੀ ਵਾਲੇ ਸਾਂ ਕਿ ਅਚਾਨਕ ਮੋਟਰਸਾਈਕਲਾਂ 'ਤੇ 20-30 ਵਿਅਕਤੀ ਆ ਗਏ ਅਤੇ ਡੰਡਿਆਂ ਨਾਲ ਸਾਡੇ 'ਤੇ ਹਮਲਾ ਕਰ ਦਿੱਤਾ ਕਿ ਇਹ ਕੰਮ ਉਨ੍ਹਾਂ ਦੀ ਆਸਥਾ ਦੇ ਵਿਰੁੱਧ ਹੈ। ਪੀੜਤਾਂ ਨੇ ਅਗਲੇ ਦਿਨ ਕੁਝ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰ ਲਿਆ, ਪਰ ਦਲਿਤ ਬਹੁਜਨ ਸਮਾਜ ਨੇ ਪਿੰਡ ਵਾਲਿਆਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਪਿੰਡ 'ਚ ਭੁੱਖ ਹੜਤਾਲ ਕੀਤੀ ਅਤੇ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾ ਪੁਲਸ ਕਮਿਸ਼ਨਰ ਨੂੰ ਮੈਮੋਰੰਡਮ ਦੇ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।