ਟਰੰਪ ਨੂੰ ਕਰਾਰਾ ਝਟਕਾ; ਅਮਰੀਕਾ 'ਚ ਸ਼ਟ-ਡਾਊਨ, ਲੱਖਾਂ ਨੌਕਰੀਆ ਖ਼ਤਰੇ 'ਚ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ 'ਚ 5 ਸਾਲ ਮਗਰੋਂ ਮੁੜ ਸ਼ਟ-ਡਾਊਟ ਕੀਤਾ ਗਿਆ, ਜਿਸ ਨਾਲ ਪੂਰੇ ਦੇਸ਼ 'ਚ ਕੰਮਕਾਜ ਠੱਪ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਕਿਉਰਟੀ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਦੇ ਗ਼ੈਰ-ਜ਼ਰੂਰੀ ਸੰਘੀ ਮੁਲਾਜ਼ਮਾਂ ਨੂੰ ਛੁੱਟੀ 'ਤੇ ਭੇਜਿਆ ਜਾ ਰਿਹਾ ਹੈ। ਸ਼ਟ-ਡਾਊਟ ਨਾਲ ਅਮਰੀਕਾ 'ਚ ਇੱਕ ਵਾਰ ਫੇਰ ਰੁਜ਼ਗਾਰੀ ਦਾ ਸੰਕਟ ਖੜਾ ਹੋ ਗਿਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਉਨ੍ਹਾ ਨੂੰ ਅਹੁਦਾ ਸੰਭਾਲਿਆਂ ਅਜੇ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਕਿ ਅਮਰੀਕਾ 'ਚ ਗੰਭੀਰ ਆਰਥਿਕ ਸੰਕਟ ਖੜਾ ਹੋ ਗਿਆ ਹੈ। ਇਸ ਤੋਂ ਪਹਿਲਾਂ 2013 'ਚ ਓਬਾਮਾ ਦੇ ਰਾਜ ਵੇਲੇ ਅਮਰੀਕਾ 'ਚ ਸ਼ਟ-ਡਾਊਟ ਕੀਤਾ ਗਿਆ ਸੀ, ਜਦੋਂ ਇੱਕ ਫੰਡਿੰਗ ਬਿੱਲ ਦੇ ਮੁੱਦੇ 'ਤੇ ਸੱਤਾਧਾਰੀ ਧਿਰ ਅਤੇ ਆਪੋਜੀਸ਼ਨ ਵਿਚਕਾਰ ਡੈਡਲਾਕ ਪੈਦਾ ਹੋ ਗਿਆ ਸੀ। ਸੂਤਰਾਂ ਅਨੁਸਾਰ ਰਾਸ਼ਟਰਪਤੀ ਟਰੰਪ ਅਤੇ ਕਾਂਗਰਸ ਨੇ ਸ਼ਟ-ਡਾਊਟ ਰੋਕਣ ਲਈ ਆਪਣੇ ਪੱਧਰ 'ਤੇ ਭਾਰੀ ਕੋਸ਼ਿਸ਼ ਕੀਤੀ, ਪਰ ਉਹ ਬਿਲ ਪਾਸ ਨਾ ਕਰਵਾ ਸਕੇ। ਬਿੱਲ ਪਾਸ ਕਰਵਾਉਣ ਲਈ 100 ਮੈਂਬਰੀ ਸੈਨੇਟ 'ਚ 60 ਮੈਂਬਰੀ ਦੀ ਹਮਾਇਤ ਦੀ ਲੋੜ ਸੀ, ਪਰ ਸਰਕਾਰ ਦੇ ਪੱਖ 'ਚ 50 ਵੋਟਾਂ ਹੀ ਪੈ ਸਕੀਆਂ। ਇਹਨਾਂ ਸੂਤਰਾਂ ਅਨੁਸਾਰ ਸ਼ੁੱਕਰਵਾਰ ਰਾਤ ਸਰਕਾਰੀ ਫੰਡਿੰਗ ਨਾਲ ਜੁੜੇ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਲਈ ਆਪੋਜ਼ੀਸ਼ਨ ਡੈਮੋਕਰੇਟਿਕ ਪਾਰਟੀ ਦੀ ਰਣਨੀਤੀ ਨੂੰ ਮੁੱਖ ਸਮਝਿਆ ਜਾ ਰਿਹਾ ਹੈ। ਆਪੋਜ਼ੀਸ਼ਨ ਦੀ ਰਣਨੀਤੀ ਹੈ ਕਿ ਬਿੱਲ ਪਾਸ ਨਾ ਹੋਣ ਦਿੱਤਾ ਜਾਵੇ, ਤਾਂ ਜੋ ਟਰੰਪ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਸੰਬੰਧਤ ਇਮੀਗਰੇਸ਼ਨ ਮਾਮਲੇ 'ਚ ਬੈਕਫੁਟ 'ਤੇ ਆਉਣ ਲਈ ਮਜਬੂਰ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਵੱਲੋਂ ਜਿਹੜਾ ਬਿੱਲ ਪਾਸ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਸਨ, ਉਸ ਨਾਲ ਅਮਰੀਕਾ 'ਚ ਸੰਘੀ ਸਰਕਾਰ ਨੂੰ ਆਰਥਕ ਮਨਜ਼ੂਰੀ ਦੀ ਪ੍ਰਵਾਨਗੀ ਮਿਲ ਜਾਣੀ ਸੀ। ਹੇਠਲੇ ਸਦਨ ਪ੍ਰਤੀਨਿਧ ਸਭਾ ਨੇ ਬਿੱਲ ਪਾਸ ਕਰ ਦਿੱਤਾ, ਪਰ ਸੈਨੇਟ ਨੇ ਬਿੱਲ ਦੇ ਰਾਹ 'ਚ ਅੜਿੱਕਾ ਪਾ ਦਿੱਤਾ। ਟਰੰਪ ਪ੍ਰਸ਼ਾਸਨ ਅਤੇ ਆਪੋਜ਼ੀਸ਼ਨ ਵਿਚਕਾਰ ਇਮੀਗਰੇਸ਼ਨ ਦਾ ਮੁੱਦਾ ਹੈ। ਡੈਮੋਕਰੇਟਿਕ ਪਾਰਟੀ ਚਾਹੁੰਦੀ ਹੈ ਕਿ ਉਨ੍ਹਾਂ 7 ਲੱਖ ਲੋਕਾਂ ਨੂੰ ਦੇਸ਼ 'ਚੋਂ ਕੱਢਣ ਤੋਂ ਬਚਾਇਆ ਜਾਵੇ, ਜਿਹੜੇ ਮੈਕਸੀਕੋ ਅਤੇ ਮੱਧ ਏਸ਼ੀਆ ਤੋਂ ਅਮਰੀਕਾ 'ਚ ਆਏ ਸਨ ਅਤੇ ਓਬਾਮਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਆਰਜ਼ੀ ਤੌਰ 'ਤੇ ਕਾਨੂੰਨੀ ਦਰਜਾ ਦਿੱਤਾ ਗਿਆ ਸੀ, ਪਰ ਰਿਪਬਲੀਕਨ ਪਾਰਟੀ ਅਤੇ ਟਰੰਪ ਪ੍ਰਸ਼ਾਸਨ ਇਸ ਨਾਲ ਸਹਿਮਤ ਨਹੀਂ ਹਨ। ਬਿੱਲ ਪਾਸ ਨਾ ਹੋਣ ਮਗਰੋਂ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਸੈਨੇਟ ਤੋਂ ਬਿੱਲ ਪਾਸ ਕਰਾਉਣ ਲਈ ਡੈਮੋਕਰੇਟਾਂ ਦੀ ਲੋੜ ਹੈ, ਪਰ ਉਹ ਗ਼ੈਰ-ਕਾਨੂੰਨੀ ਇਮੀਗਰੇਸ਼ਨ ਅਤੇ ਦੇਸ਼ ਦੀਆਂ ਕਮਜ਼ੋਰ ਸਰਹੱਦਾਂ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਸ਼ਟ-ਡਾਊਨ ਦੌਰਾਨ ਨੌਕਰੀਆਂ ਦਾ ਬੁਰਾ ਹਾਲ ਹੁੰਦਾ ਹੈ ਅਤੇ ਸ਼ਟ-ਡਾਊਨ ਦੇ ਐਲਾਨ ਮਗਰੋਂ ਸੁਰੱਖਿਆ ਸੈਕਟਰ ਨੂੰ ਛੱਡ ਕੇ ਬਾਕੀ ਸੈਕਟਰਾਂ ਦੇ ਸੰਘੀ ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ ਤੋਂ ਛੁੱਟੀ 'ਤੇ ਭੇਜ ਦਿੱਤਾ ਜਾਂਦਾ ਹੈ, ਜਿਸ ਨਾਲ ਮੁਲਾਜ਼ਮਾਂ ਨੂੰ ਗੰਭੀਰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਮਰੀਕਾ 'ਚ 1990 ਮਗਰੋਂ 5 ਵਾਰ ਸ਼ਟ-ਡਾਊਨ ਦੀ ਨੌਬਤ ਆ ਚੁੱਕੀ ਹੈ। 1990 'ਚ ਜਾਰਜ ਐੱਚ ਡਬਲਯੂ ਬੁਸ਼, 1995 'ਚ ਬਿੱਲ ਕਲਿੰਟਨ, 2013 'ਚ ਓਬਾਮਾ ਅਤੇ ਹੁਣ 20 ਜਨਵਰੀ ਤੋਂ ਟਰੰਪ ਦੇ ਕਾਰਜਕਾਲ 'ਚ ਸ਼ਟ-ਡਾਊਟ ਹੋਇਆ ਹੈ।