ਪਾਕਿ ਫਾਇਰਿੰਗ 'ਚ ਇੱਕ ਜਵਾਨ ਸ਼ਹੀਦ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਵੱਲੋਂ ਕੌਮਾਂਤਰੀ ਸਰਹੱਦ 'ਤੇ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ, ਪਰ ਬੀ ਅੱੈਸ ਐਫ਼ ਦੇ ਜਵਾਨਾਂ ਵੱਲੋਂ ਵੀ ਫਾਇਰਿੰਗ ਦਾ ਮੂੰਹ-ਤੋੜ ਜਵਾਬ ਦਿੱਤਾ ਜਾਂਦਾ ਰਿਹਾ ਹੈ। ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਆਰ ਐੱਸ ਪੁਰਾ ਸੈਕਟਰ ਵਿੱਚ ਕੀਤੀ ਗਈ ਗੋਲੀਬਾਰੀ ਵਿੱਚ 15 ਸਾਲਾ ਲੜਕੇ ਸਮੇਤ ਦੋ ਆਮ ਨਾਗਰਿਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਪੁੰਛ ਦੀ ਕ੍ਰਿਸ਼ਨਾ ਘਾਟੀ ਵਿੱਚ ਪਾਕਿਸਤਾਨ ਦੀ ਗੋਲੀਬਾਰੀ ਵਿੱਚ ਬੀ ਐੱਸ ਐੱਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਹੋਇਆ ਜਵਾਨ ਸੰਗਰੂਰ ਜ਼ਿਲ੍ਹੇ ਦਾ ਦੱਸਿਆ ਜਾਂਦਾ ਹੈ। ਸੁਚੇਤਗੜ੍ਹ ਵਿੱਚ ਪਾਕਿਸਤਾਨ ਦੀ ਗੋਲੀਬਾਰੀ ਵਿੱਚ ਬੀ ਐੱਸ ਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਭਾਰਤੀ ਫੌਜ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਬੀ ਐੱਸ ਐੱਫ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਵੱਲੋਂ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਇੱਥੇ ਪੂਰੀ ਰਾਤ ਗੋਲੀਬਾਰੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪਰਗਵਾਲ ਸੈਕਟਰ ਵਿੱਚ ਜ਼ਖ਼ਮੀ ਹੋਏ ਬੀ ਐੱਸ ਐੱਫ ਦੇ ਜਵਾਨ ਨੂੰ ਫੌਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਅਰਨੀਆਂ, ਰਾਮਗੜ੍ਹ, ਸਾਂਬਾ ਅਤੇ ਹੀਰਾ ਨਗਰ ਸੈਕਟਰ ਵਿੱਚ ਸਵੇਰੇ 5 ਵਜੇ ਤੱਕ ਗੋਲੀਬਾਰੀ ਕੀਤੀ। ਉਨ੍ਹਾ ਦੱਸਿਆ ਕਿ ਸਰਹੱਦ 'ਤੇ ਲਗਾਤਾਰ ਹੋ ਰਹੀ ਫਾਇਰਿੰਗ ਕਾਰਨ ਇਨ੍ਹਾਂ ਇਲਾਕਿਆ ਵਿੱਚ 8-9 ਹਜ਼ਾਰ ਲੋਕ ਸੁਰੱਖਿਆ ਥਾਵਾਂ 'ਤੇ ਚਲੇ ਗਏ ਹਨ। ਇਨ੍ਹਾਂ ਲੋਕਾਂ ਨੂੰ ਆਰ ਐੱਸ ਪੁਰਾ, ਸਾਂਬਾ, ਕਠੂਆ ਖੇਤਰਾਂ ਵਿੱਚ ਬਣੇ ਕੈਂਪਾਂ ਵਿੱਚ ਰੱਖਿਆ ਗਿਆ ਹੈ।
ਪਾਕਿਸਤਾਨੀ ਰੇਂਜਰਾਂ ਦੀ ਫਾਇਰਿੰਗ ਕਾਰਨ ਸਰਹੱਦੀ ਖੇਤਰ ਦੇ 120 ਸਕੂਲ ਖਾਲੀ ਕਰ ਲਏ ਹਨ।
ਪਾਕਿਸਤਾਨ ਵੱਲੋਂ ਜਾਰੀ ਗੋਲੀਬਾਰੀ ਦੀ ਉਲੰਘਣਾ ਕਾਰਨ ਕ੍ਰਿਸ਼ਨਾ ਘਾਟੀ ਸੈਕਟਰ 'ਚ ਐੱਲ ਓ ਸੀ 'ਤੇ 23 ਸਾਲਾ ਫੌਜੀ ਜਵਾਨ ਮਨਦੀਪ ਸਿੰਘ ਸ਼ਹੀਦ ਹੋ ਗਿਆ। ਮਨਦੀਪ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਮਨਦੀਪ ਸਿੰਘ ਦੀ ਸ਼ਹੀਦੀ 'ਤੇ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਜਿੱਥੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਉਨ੍ਹਾ ਕਿਹਾ ਕਿ ਮਨਦੀਪ ਦੀ ਸ਼ਹੀਦੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ।ਪਾਕਿਸਤਾਨ ਨੂੰ ਜ਼ਬਰਦਸਤ ਜਵਾਬ ਦਿੱਤੇ ਜਾ ਰਹੇ ਹਨ ਤੇ ਅੱਗੇ ਵੀ ਦਿੱਤੇ ਜਾਂਦੇ ਰਹਿਣਗੇ। ਦੱਸਣਯੋਗ ਹੈ ਕਿ ਭਾਰਤ-ਪਾਕਿ ਸਰਹੱਦ 'ਤੇ ਜੰਗ ਵਰਗੇ ਹਲਾਤ ਬਣ ਹੋਏ ਹਨ।ਪਾਕਿਸਤਾਨ ਲਗਾਤਾਰ ਫਾਇਰਿੰਗ ਕਰ ਰਿਹਾ ਹੈ ਤੇ ਮੋਰਟਰ ਸੁੱਟ ਰਿਹਾ ਹੈ। ਇਸ ਦਾ ਨਿਸ਼ਾਨਾ ਭਾਰਤ ਦੇ ਮਾਸੂਮ ਬਣ ਰਹੇ ਹਨ। ਹਾਲ ਇਹ ਹੈ ਕਿ ਪੰਜ ਕਿੱਲੋਮੀਟਰ ਦੂਰ ਤੱਕ ਦੇ ਸਾਰੇ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ। ਪਾਕਿਸਤਾਨ ਨੇ ਬੀਤੀ ਰਾਤ ਜੰਮੂ ਦੀਆਂ ਕਰੀਬ 30 ਪੋਸਟਾਂ ਨੂੰ ਨਿਸ਼ਾਨਾ ਬਣਾਇਆ। ਜੰਮੂ ਦੇ ਆਰ ਐੱਸ ਪੁਰਾ, ਅਰਨੀਆ, ਕਾਨਾਚਕ ਤੇ ਅਖਨੂਰ ਵਿੱਚ ਪਾਕਿਸਤਾਨ ਨੇ ਰਿਹਾਇਸ਼ੀ ਇਲਾਕਿਆਂ 'ਤੇ ਫਾਇਰਿੰਗ ਕੀਤੀ ਹੈ। ਬੀ ਐੱਸ ਐੱਫ ਨੇ ਜਵਾਬੀ ਕਾਰਵਾਈ ਕਰਦੇ ਹੋਏ ਸਿਆਲਕੋਟ ਵਿੱਚ 4 ਬੰਦੇ ਢੇਰ ਕਰ ਦਿੱਤੇ ਤੇ 11 ਜ਼ਖਮੀ ਹਨ। ਫਾਇਰਿੰਗ ਕਾਰਨ 5 ਕਿਲੋਮੀਟਰ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ।