ਹਾਕੀ 'ਚ ਭਾਰਤ ਨੇ ਨਿਊ ਜ਼ੀਲੈਂਡ ਨੂੰ 3-1 ਨਾਲ ਹਰਾਇਆ


ਟੌਰੰਗਾ, ਨਿਊ ਜ਼ੀਲੈਂਡ
(ਨਵਾਂ ਜ਼ਮਾਨਾ ਸਰਵਿਸ)
ਮਜ਼ਬੂਤ ਰੱਖਿਆ ਪੰਗਤੀ ਅਤੇ ਹਮਲਾਵਰ ਖੇਡ ਦੇ ਸਦਕਾ ਭਾਰਤ ਨੇ ਨਿਊ ਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿੱਚ ਚਾਰ ਦੇਸ਼ਾਂ ਦੇ ਇਨਵਾਇਟੀ ਹਾਕੀ ਟੂਰਨਾਮੈਂਟ ਦੇ ਆਖਰੀ ਰਾਊਂਡ ਰਾਬਿਨ ਮੈਚ ਵਿੱਚ ਨਿਊ ਜ਼ੀਲੈਂਡ ਨੂੰ 3-1 ਦੇ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਦਾਖ਼ਲ ਹੋ ਗਈ ਹੈ। ਇੱਥੇ 21 ਜਨਵਰੀ ਨੂੰ ਭਾਰਤ ਦਾ ਫਾਈਨਲ 'ਚ ਮੁਕਾਬਲਾ ਬੈਲਜੀਅਮ ਨਾਲ ਹੋਵੇਗਾ। ਬੈਲਜੀਅਮ ਜਪਾਨ ਨੂੰ 4-1 ਨਾਲ ਹਰਾ ਕੇ ਫਾਈਨਲ 'ਚ ਪਹੁੰਚਿਆ ਹੈ। ਭਾਰਤ ਵੱਲੋਂ ਨੌਜਵਾਨ ਬਿਗ੍ਰੇਡ ਰਮਨਪ੍ਰੀਤ ਸਿੰਘ ਨੇ ਦੂਜੇ ਮਿੰਟ, ਦਿਲਪ੍ਰੀਤ ਸਿੰਘ ਨੇ 12ਵੇਂ ਮਿੰਟ ਅਤੇ ਮਨਦੀਪ ਸਿੰਘ ਨੇ 47ਵੇਂ ਮਿੰਟ 'ਚ ਸ਼ਾਨਦਾਰ ਗੋਲ ਦਾਗੇ। ਪਿਛਲੇ ਮੈਚ ਵਿੱਚ ਭਾਰਤ ਨੂੰ ਬੈਲਜੀਅਮ ਨੇ 2-0 ਨਾਲ ਹਰਾਇਆ ਸੀ। ਭਾਰਤ ਨੇ ਆਪਣੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਦਾ ਫਾਈਦਾ ਉਦੋਂ ਮਿਲਿਆ, ਜਦੋਂ ਮਨਦੀਪ ਨੇ ਟੀਮ ਨੂੰ ਪੈਨਲਟੀ ਕਾਰਨਰ ਦਿਵਾਇਆ ਅਤੇ ਹਰਮਨਪ੍ਰੀਤ ਨੇ ਇਸ ਨੂੰ ਗੋਲ ਵਿੱਚ ਬਦਲ ਦਿੱਤਾ।
ਦੂਸਰੇ ਹੀ ਮਿੰਟ ਵਿੱਚ ਗੋਲ ਖਾਣ ਤੋਂ ਬਾਅਦ ਨਿਊ ਜ਼ੀਲੈਂਡ ਦੀ ਟੀਮ ਦਬਾਅ ਵਿੱਚ ਆ ਗਈ। ਭਾਰਤ ਨੇ ਅਗਲੇ ਕੁਝ ਮਿੰਟਾਂ ਤੱਕ ਡਿਫੈਂਸ ਬੇਹੱਦ ਮਜ਼ਬੂਤ ਰੱਖਿਆ। ਨਿਊ ਜ਼ੀਲੈਂਡ ਦੀ ਟੀਮ ਨੂੰ ਭਾਰਤੀ ਸਰਕਲ ਵਿੱਚ ਹਮਲੇ ਬੋਲਣ ਦੇ ਕੋਈ ਜ਼ਿਆਦਾ ਮੌਕੇ ਨਹੀਂ ਮਿਲੇ। ਭਾਰਤੀ ਜੂਨੀਅਰ ਖਿਡਾਰੀ ਦਿਲਪ੍ਰੀਤ ਸਿੰਘ ਨੇ ਦੂਜਾ ਗੋਲ ਕਰਕੇ 2-0 ਦੀ ਬੜ੍ਹਤ ਦਿਵਾਈ। ਨਿਊ ਜ਼ੀਲੈਂਡ ਵੱਲੋਂ ਕੇਨ ਰਸੇਲ ਨੇ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਮੈਚ ਵਿੱਚ ਪਰਤਣ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਟੀਮ ਦਬਾਅ ਵਿੱਚ ਨਹੀਂ ਆਈ। ਮਨਦੀਪ ਵੱਲੋਂ 47ਵੇਂ ਮਿੰਟ ਵਿੱਚ ਕੀਤੇ ਗਏ ਗੋਲ ਨਾਲ ਭਾਰਤ ਨੇ ਇਹ ਮੈਚ 3-1 ਨਾਲ ਜਿੱਤ ਲਿਆ।