ਵਿਗਿਆਨਕ ਹਕੀਕਤਾਂ ਬਾਰੇ ਗ਼ਲਤ-ਬਿਆਨੀ


ਸਾਡੇ ਸੰਵਿਧਾਨ ਘਾੜਿਆਂ, ਜਿਨ੍ਹਾਂ ਨੇ ਆਜ਼ਾਦੀ ਸੰਘਰਸ਼ ਦੌਰਾਨ ਭਾਰੀ ਮੁਸੀਬਤਾਂ ਸਹਾਰੀਆਂ ਸਨ, ਨੇ ਇਹ ਅਹਿਦ ਕੀਤਾ ਸੀ ਕਿ ਭਾਰਤ ਨੂੰ ਇੱਕ ਅਜਿਹੇ ਨਵੀਨ ਦੇਸ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਬੀਤੇ ਦੇ ਵਹਿਮਾਂ-ਭਰਮਾਂ ਅਤੇ ਦਕੀਆਨੂਸੀ ਵਿਚਾਰਾਂ ਲਈ ਕੋਈ ਥਾਂ ਨਹੀਂ ਹੋਵੇਗੀ। ਇੱਕ ਅਜਿਹੇ ਸਮਾਜ ਦੀ ਸਿਰਜਣਾ ਕੀਤੀ ਜਾਵੇਗੀ, ਜਿਹੜਾ ਵਿਗਿਆਨਕ ਸੋਚ ਦਾ ਧਾਰਨੀ ਹੋਵੇਗਾ। ਸਭਨਾਂ ਧਰਮਾਂ ਦੇ ਅਨੁਯਾਈਆਂ ਨੂੰ ਆਪੋ-ਆਪਣੇ ਵਿਸ਼ਵਾਸਾਂ 'ਤੇ ਅਮਲ ਕਰਨ ਦੀ ਖੁੱਲ੍ਹ ਹੋਵੇਗੀ। ਇਸ ਸੰਬੰਧ ਵਿੱਚ ਉਹ ਕੁਝ ਨਹੀਂ ਕੀਤਾ ਜਾ ਸਕਿਆ, ਜਿਸ ਦੀ ਕਲਪਨਾ ਸਾਡੇ ਆਜ਼ਾਦੀ ਸੰਗਰਾਮੀਆਂ ਨੇ ਕੀਤੀ ਸੀ। ਅੱਜ ਸੱਤਾ ਦੇ ਗਲਿਆਰਿਆਂ ਵਿੱਚ ਅਜਿਹੇ ਲੋਕ ਬਿਰਾਜਮਾਨ ਹੋ ਗਏ ਹਨ, ਜਿਹੜੇ ਉਨ੍ਹਾਂ ਵਿਗਿਆਨਕ ਸੱਚਾਈਆਂ ਨੂੰ ਵੀ ਮੰਨਣ ਤੋਂ ਇਨਕਾਰੀ ਹਨ, ਜਿਨ੍ਹਾਂ ਨੂੰ ਵਿਸ਼ਵ ਭਾਈਚਾਰੇ ਵੱਲੋਂ ਤਰਕ ਦੇ ਆਧਾਰ ਉੱਤੇ ਪ੍ਰਵਾਨ ਕਰ ਲਿਆ ਗਿਆ ਹੈ।
ਇਸ ਵਰਤਾਰੇ ਦਾ ਸਪੱਸ਼ਟ ਪ੍ਰਮਾਣ ਉਸ ਸਮੇਂ ਸਾਹਮਣੇ ਆ ਗਿਆ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਜਨਤਕ ਇਕੱਠ ਵਿੱਚ ਇਹ ਦਾਅਵਾ ਕਰ ਮਾਰਿਆ ਸੀ ਕਿ ਸਦੀਆਂ ਪਹਿਲਾਂ ਸਰਜਰੀ ਤੇ ਪਲਾਸਟਿਕ ਸਰਜਰੀ ਦੇ ਮਾਮਲੇ ਵਿੱਚ ਸਾਡੇ ਦੇਸ ਨੇ ਕਮਾਲ ਦੀ ਮੁਹਾਰਤ ਹਾਸਲ ਕਰ ਲਈ ਸੀ। ਇਸ ਲਈ ਉਨ੍ਹਾ ਨੇ ਗਣੇਸ਼ ਦੀ ਮਿਸਾਲ ਪੇਸ਼ ਕੀਤੀ ਸੀ। ਹੁਣ ਉਨ੍ਹਾ ਦੀ ਵਜ਼ਾਰਤ ਦੇ ਮਨੁੱਖੀ ਵਸੀਲਿਆਂ ਦੇ ਰਾਜ ਮੰਤਰੀ ਸੱਤਿਆਪਾਲ ਸਿੰਘ ਨੇ ਇਹ ਦਾਅਵਾ ਕਰ ਮਾਰਿਆ ਹੈ ਕਿ ਪ੍ਰਸਿੱਧ ਅੰਗਰੇਜ਼ ਵਿਗਿਆਨੀ ਚਾਰਲਸ ਡਾਰਵਿਨ ਨੇ ਥਿਊਰੀ ਆਫ਼ ਐਵੋਲਿਊਸ਼ਨ ਦਾ ਜਿਹੜਾ ਸਿਧਾਂਤ ਪੇਸ਼ ਕੀਤਾ ਸੀ, ਉਹ ਠੀਕ ਨਹੀਂ ਸੀ। ਉਨ੍ਹਾ ਨੇ ਆਪਣੀ ਇਸ ਦਲੀਲ ਦੀ ਪੁਸ਼ਟੀ ਵਜੋਂ ਇਹ ਕਿਹਾ ਕਿ ਕੀ ਕਿਸੇ ਨੇ ਹੁਣ ਜਾਂ ਇਸ ਤੋਂ ਪਹਿਲਾਂ ਕਦੇ ਬਾਂਦਰ ਨੂੰ ਮਨੁੱਖ ਬਣਦੇ ਵੇਖਿਆ ਹੈ। ਨਾਲ ਹੀ ਉਨ੍ਹਾ ਨੇ ਦਾਅਵਾ ਕੀਤਾ ਕਿ ਉਨ੍ਹਾ ਨੇ ਖ਼ੁਦ ਰਸਾਇਣ ਵਿਗਿਆਨ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਉਨ੍ਹਾ ਨੇ ਇਹ ਵੀ ਕਿਹਾ ਕਿ ਚਾਰਲਸ ਡਾਰਵਿਨ ਦੀ ਥਿਊਰੀ ਵਿਗਿਆਨਕ ਆਧਾਰ 'ਤੇ ਗ਼ਲਤ ਸਾਬਤ ਹੋ ਚੁੱਕੀ ਹੈ। ਇਸ ਲਈ ਸਕੂਲਾਂ ਤੇ ਕਾਲਜਾਂ ਦੇ ਪਾਠ-ਕ੍ਰਮ ਵਿੱਚੋਂ ਇਸ ਥਿਊਰੀ ਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾ ਦੇ ਇਸ ਬਿਆਨ ਨੂੰ ਲੈ ਕੇ ਤਿੱਖੀ ਆਲੋਚਨਾ ਹੋਣੀ ਸੀ ਤੇ ਹੋਈ ਵੀ। ਭਾਜਪਾ ਦੇ ਅਧਿਕਾਰਤ ਬੁਲਾਰਿਆਂ ਨੇ ਇਸ ਬਾਰੇ ਚੁੱਪ ਰਹਿਣ ਵਿੱਚ ਹੀ ਭਲਾ ਸਮਝਿਆ। ਜਦੋਂ ਇੱਕ ਹਜ਼ਾਰ ਤੋਂ ਵੱਧ ਪ੍ਰਸਿੱਧ ਵਿਗਿਆਨੀਆਂ, ਜਿਨ੍ਹਾਂ ਵਿੱਚ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਦੇ ਅਕਾਦਮਿਸ਼ਨ ਸ਼ਾਮਲ ਹਨ, ਨੇ ਲਿਖਤੀ ਤੌਰ ਉੱਤੇ ਮੰਤਰੀ ਦੇ ਇਸ ਬਿਆਨ ਦੀ ਨਿਖੇਧੀ ਕਰਦਿਆਂ ਇਸ ਨੂੰ ਨਿਰਾਧਾਰ ਦੱਸਿਆ, ਤਾਂ ਕਿਧਰੇ ਜਾ ਕੇ ਮਨੁੱਖੀ ਵਸੀਲਿਆਂ ਦੇ ਕੇਂਦਰੀ ਮੰਤਰੀ ਸ੍ਰੀ ਜਾਵੇਡਕਰ ਨੂੰ ਇਹ ਕਹਿਣਾ ਪਿਆ ਕਿ ਸੱਤਿਆਪਾਲ ਸਿੰਘ ਨੂੰ ਅਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾ ਨੇ ਉਸ ਦੇ ਬਿਆਨ ਨੂੰ ਗ਼ਲਤ ਠਹਿਰਾਉਣ ਤੋਂ ਪ੍ਰਹੇਜ਼ ਹੀ ਕੀਤੀ ਰੱਖਿਆ।
ਭਾਰਤ ਦੇ ਨਾਮਣੇ ਵਾਲੇ ਵਿਗਿਆਨੀਆਂ ਨੇ ਇਸ ਸੰਬੰਧ ਵਿੱਚ ਜਿਹੜਾ ਬਿਆਨ ਜਾਰੀ ਕੀਤਾ ਹੈ, ਉਸ ਵਿੱਚ ਕਿਹਾ ਹੈ ਕਿ ਚਾਰਲਸ ਡਾਰਵਿਨ ਨੇ ਜੋ ਸਿਧਾਂਤ ਪੇਸ਼ ਕੀਤਾ ਸੀ, ਉਸ ਦੇ ਆਧਾਰ ਉੱਤੇ ਹੀ ਬਾਇਓ ਵਿਗਿਆਨ ਤੇ ਦਵਾਸਾਜ਼ੀ ਦੀ ਸਨਅਤ ਵਿਕਸਤ ਹੋਈ ਹੈ, ਜਿਸ ਨੇ ਅਨੇਕ ਮਹਾਂਮਾਰੀਆਂ ਤੋਂ ਮਨੁੱਖਤਾ ਨੂੰ ਛੁਟਕਾਰਾ ਦਿਵਾ ਦਿੱਤਾ ਹੈ। ਅੱਜ ਸਾਰੀ ਦੁਨੀਆ ਵਿੱਚ ਡਾਰਵਿਨ ਦੀ ਥਿਊਰੀ ਨੂੰ ਮਾਨਤਾ ਹਾਸਲ ਹੈ।
ਸੱਤਿਆਪਾਲ ਸਿੰਘ ਅਜਿਹੇ ਗ਼ੈਰ-ਵਿਗਿਆਨਕ ਵਿਚਾਰ ਪੇਸ਼ ਕਰਨ ਵਾਲੇ ਪਹਿਲੇ ਵਿਅਕਤੀ ਨਹੀਂ ਹਨ। ਵਾਜਪਾਈ ਸਰਕਾਰ ਦੇ ਮਨੁੱਖੀ ਵਸੀਲਿਆਂ ਦੇ ਕੇਂਦਰੀ ਮੰਤਰੀ ਡਾਕਟਰ ਮੁਰਲੀ ਮਨਹੋਰ ਜੋਸ਼ੀ ਨੇ ਤਾਂ ਆਪਣੇ ਕਾਰਜ ਕਾਲ ਦੌਰਾਨ ਜੋਤਿਸ਼ ਨੂੰ ਵਿਗਿਆਨ ਦਾ ਦਰਜਾ ਦੇ ਕੇ ਉੱਚ ਸਿੱਖਿਆ ਅਦਾਰਿਆਂ ਵਿੱਚ ਇਸ ਦੀ ਪੜ੍ਹਾਈ ਨੂੰ ਵਿਗਿਆਨ ਦੇ ਵਿਸ਼ੇ ਦੇ ਤੌਰ ਉੱਤੇ ਪੜ੍ਹਾਏ ਜਾਣ ਦਾ ਹੁਕਮ ਵੀ ਜਾਰੀ ਕਰ ਦਿੱਤਾ ਸੀ। ਮੋਦੀ ਤੇ ਉਨ੍ਹਾ ਦੇ ਮੰਤਰੀ-ਮੰਡਲ ਦੇ ਸਹਿਯੋਗੀਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਉਸ ਸੰਵਿਧਾਨ ਦੀ ਪਾਲਣਾ ਦੀ ਸਹੁੰ ਖਾਧੀ ਹੋਈ ਹੈ, ਜਿਸ ਦੇ ਹਦਾਇਤਕਾਰੀ ਅਸੂਲਾਂ ਵਿੱਚ ਇਹ ਗੱਲ ਦਰਜ ਹੈ ਕਿ ਵਿਗਿਆਨਕ ਸੋਚ ਨੂੰ ਵਿਕਸਤ ਕੀਤਾ ਜਾਵੇਗਾ ਤੇ ਅਜਿਹਾ ਕਰਨਾ ਰਾਜ ਦੀ ਜ਼ਿੰਮੇਵਾਰੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਹੋਵੇਗੀ ਕਿ ਰੋਮ ਦੇ ਜਿਨ੍ਹਾਂ ਧਰਮ ਗੁਰੂਆਂ ਨੇ ਗਲੈਲੀਓ ਦੇ ਸਿਧਾਂਤ ਨੂੰ ਗ਼ਲਤ ਕਰਾਰ ਦੇ ਕੇ ਉਸ ਨੂੰ ਸਜ਼ਾ ਦਾ ਭਾਗੀ ਬਣਾਇਆ ਸੀ, ਸਦੀਆਂ ਬਾਅਦ ਉਨ੍ਹਾਂ ਨੂੰ ਆਪਣੀ ਇਸ ਭੁੱਲ ਦਾ ਅਹਿਸਾਸ ਹੋਇਆ ਤੇ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਪਈ ਸੀ।