ਕਿੰਨੇ ਕਾਸਗੰਜ ਹੋਰ?


ਸਾਰਾ ਭਾਰਤ 26 ਜਨਵਰੀ ਨੂੰ ਆਪਣਾ ਗਣਤੰਤਰ ਦਿਵਸ ਮਨਾ ਰਿਹਾ ਸੀ। ਭਾਰਤ ਦਿੱਲੀ ਦੇ ਰਾਜ ਪੱਥ ਉੱਤੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਸੀ। ਰਾਸ਼ਟਰਪਤੀ ਸਾਹਿਬਾਨ, ਜੋ ਤਿੰਨਾਂ ਸੈਨਾਵਾਂ ਦੇ ਮੁਖੀ ਹਨ, ਪਰੇਡ ਵੇਖ ਰਹੇ ਸਨ। ਪ੍ਰਧਾਨ ਮੰਤਰੀ ਅਤੇ ਹੋਰ ਦਸ ਰਾਸ਼ਟਰਾਂ ਦੇ ਆਗੂ ਉਨ੍ਹਾ ਦੇ ਨਾਲ ਸਨ। ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਰਕਾਰ ਦੇ ਮੁਖੀਏ ਜ਼ਿਲ੍ਹੇ ਤੋਂ ਲੈ ਕੇ ਸੂਬੇ ਤੱਕ ਦੇ ਜਸ਼ਨਾਂ ਦੀ ਅਗਵਾਈ ਕਰ ਰਹੇ ਸਨ। ਇਸ ਸਮੇਂ ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਸਗੰਜ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਅਗਵਾਈ ਵਿੱਚ ਜਲੂਸ ਕੱਢਿਆ ਜਾ ਰਿਹਾ ਸੀ। ਮੀਡੀਏ ਦੀਆਂ ਖ਼ਬਰਾਂ ਅਨੁਸਾਰ ਭੀੜ ਵਿੱਚ 'ਵੰਦੇ ਮਾਤਰਮ', ਭਾਰਤ ਮਾਤਾ ਦੀ ਜੈ ਦੇ ਨਾਹਰਿਆਂ ਦੇ ਨਾਲ ਇੱਕ ਫ਼ਿਰਕੇ ਨੂੰ ਨਿਸ਼ਾਨਾ ਬਣਾ ਕੇ ਭੜਕਾਊ ਨਾਹਰੇ ਵੀ ਲਾਏ ਜਾ ਰਹੇ ਸਨ। ਜਦੋਂ ਇਹ ਜਲੂਸ ਇੱਕ ਖ਼ਾਸ ਇਲਾਕੇ ਵਿੱਚ ਪਹੁੰਚਿਆ ਤਾਂ ਉੱਥੇ ਪਹਿਲਾਂ ਹੀ ਘੱਟ-ਗਿਣਤੀ ਫ਼ਿਰਕੇ ਦਾ ਇੱਕ ਗਰੁੱਪ 26 ਜਨਵਰੀ ਦਾ ਜਸ਼ਨ ਮਨਾਉਣ ਲਈ ਇਕੱਠਾ ਹੋਇਆ ਸੀ। ਉੱਥੇ ਪਹੁੰਚ ਕੇ ਦੋਹਾਂ ਗੁੱਟਾਂ ਵਿਚਕਾਰ ਨਾਹਰਿਆਂ ਨੂੰ ਲੈ ਕੇ ਤਕਰਾਰਬਾਜ਼ੀ ਹੋਈ ਅਤੇ ਇਸ ਤਕਰਾਰ ਤੋਂ ਬਾਅਦ ਭੀੜ ਉੱਤੇ ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਦੰਗਾ ਭੜਕ ਗਿਆ। ਇਸ ਵਿੱਚ ਚੰਦਨ ਗੁਪਤਾ ਨਾਂਅ ਦੇ ਨੌਜੁਆਨ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੰਗੇ ਵਿੱਚ ਇੱਕ ਅਕਰਮ ਨਾਂਅ ਦੇ ਵਿਅਕਤੀ ਦੀ ਮੌਤ ਦੀ ਖ਼ਬਰ ਵੀ ਫੈਲ ਗਈ। ਜੇ ਜ਼ਿਲ੍ਹਾ ਪ੍ਰਸ਼ਾਸਨ ਸਮੇਂ ਸਿਰ ਕਾਰਵਾਈ ਕਰਦਾ ਤਾਂ ਇਹ ਦੰਗੇ ਰੋਕੇ ਜਾ ਸਕਦੇ ਸਨ। ਇਹਨਾਂ ਦੰਗਿਆਂ ਪਿੱਛੇ ਇੱਕ ਰਾਜਸੀ ਤੰਤਰ ਕੰਮ ਕਰਦਾ ਨਜ਼ਰ ਆਉਂਦਾ ਹੈ। ਪੱਛਮੀ ਉੱਤਰ ਪ੍ਰਦੇਸ਼ ਫ਼ਿਰਕੂ ਦੰਗਿਆਂ ਦੇ ਪੱਖ ਤੋਂ ਸਭ ਤੋਂ ਸੰਵੇਦਨਸ਼ੀਲ ਇਲਾਕਾ ਹੈ। ਇਹ ਅਜਿਹਾ ਖਿੱਤਾ ਹੈ, ਜਿਹੜਾ ਧਾਰਮਿਕ ਕਤਾਰਬੰਦੀ ਅਤੇ ਜਾਤੀਗਤ ਕੱਟੜਤਾ ਕਰ ਕੇ ਜਾਣਿਆ ਜਾਂਦਾ ਹੈ। ਪਿਛਲੇ ਸਮੇਂ ਮੁਜ਼ੱਫ਼ਰ ਨਗਰ ਦੰਗੇ ਸਮਾਜਵਾਦੀ ਪਾਰਟੀ ਦੀ ਸਰਕਾਰ ਸਮੇਂ ਅਤੇ ਇਸ ਵਿੱਚ ਜਾਤੀ ਅਤੇ ਧਾਰਮਿਕ ਕਤਾਰਬੰਦੀ ਦੋਵੇਂ ਤੱਤ ਮੌਜੂਦ ਸਨ ਅਤੇ ਭਾਜਪਾ ਦੀ ਸਰਕਾਰ ਸਮੇਂ ਸਹਾਰਨਪੁਰ ਦੰਗੇ ਜਿਸ ਵਿੱਚ ਨਿਰੋਲ ਜਾਤੀ ਰੰਗ ਭਾਰੂ ਸੀ। ਇਸ ਤੋਂ ਪਹਿਲਾਂ ਕੈਰਾਣਾ ਕਸਬੇ ਵਿੱਚ ਘੱਟ ਗਿਣਤੀ ਫ਼ਿਰਕੇ ਦੀ ਦਹਿਸ਼ਤ ਕਰ ਕੇ ਹਿੰਦੂਆਂ ਦੇ ਹਿਜਰਤ ਕਰਨ ਦੀਆਂ ਰਿਪੋਰਟਾਂ ਉਥੋਂ ਦੇ ਸਥਾਨਕ ਮੈਂਬਰ ਪਾਰਲੀਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਸਨ।
ਉਪਰੋਕਤ ਸਥਿਤੀ ਦੀਆਂ ਜੜ੍ਹਾਂ ਭਾਵੇਂ ਪਹਿਲਾਂ ਹੀ ਮੌਜੂਦ ਸਨ, ਪਰ ਭਾਰਤੀ ਜਨਤਾ ਪਾਰਟੀ ਦੁਆਰਾ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ 2014 ਦੀਆਂ ਆਮ ਚੋਣਾਂ ਸਮੇਂ 'ਅੱਛੇ ਦਿਨ ਆਏਂਗੇ' ਦੇ ਵਿਖਾਏ ਸੁਪਨੇ ਅਤੇ ਹਕੀਕਤ ਵਿਚਲੇ ਅੰਤਰ ਨੇ ਇਸ ਗਤੀ ਨੂੰ ਤੇਜ਼ ਕਰ ਦਿੱਤਾ। ਪ੍ਰਧਾਨ ਮੰਤਰੀ ਦੇ ਉਮੀਦਵਾਰ ਨੇ ਕਿਹਾ ਕਿ ਦੇਸ਼ ਦਾ ਕਾਲਾ ਧਨ ਵਿਦੇਸ਼ਾਂ ਵਿੱਚ ਜਮ੍ਹਾਂ ਹੈ। ਸਰਕਾਰ ਬਣਨ ਉੱਤੇ ਇਹ ਧਨ ਵਾਪਸ ਲਿਆ ਕੇ ਹਰ ਨਾਗਰਿਕ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਜਮ੍ਹਾਂ ਹੋ ਜਾਏਗਾ। ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਜਾਵੇਗਾ। ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਫ਼ਸਲਾਂ ਦੇ ਮੰਡੀਕਰਨ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰ ਕੇ ਫ਼ਸਲ ਦੇ ਲਾਗਤ ਮੁੱਲ ਤੋਂ ਡੇਢ ਗੁਣਾਂ ਭਾਅ ਦਿੱਤਾ ਜਾਏਗਾ। ਜੀ ਡੀ ਪੀ ਦੋ ਹਿੰਦਸਿਆਂ ਤੱਕ ਪਹੁੰਚ ਜਾਏਗੀ। ਸਨਅਤੀਕਰਨ ਤੇਜ਼ ਕੀਤਾ ਜਾਏਗਾ। ਵਿਦੇਸ਼ੀ ਪੂੰਜੀ ਲਿਆਉਣ ਲਈ ਮਾਹੌਲ ਬਣੇਗਾ। ਸਰਹੱਦਾ ਸੁਰੱਖਿਅਤ ਹੋਣਗੀਆਂ। ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਹੁਣ ਇਹਨਾਂ ਗੱਲਾਂ ਨੂੰ ਲੱਗਭੱਗ ਚਾਰ ਸਾਲ ਹੋ ਗਏ ਹਨ। ਇਸ ਸਮੇਂ ਨੋਟਬੰਦੀ ਨੇ ਛੋਟੀ ਦਸਤਕਾਰੀ ਅਤੇ ਛੋਟੀ ਸਨਅਤ ਨੂੰ ਖ਼ਤਮ ਕਰ ਦਿੱਤਾ। ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਸੌ ਤੋਂ ਵੱਧ ਬੰਦਾ ਬੈਂਕਾਂ ਦੀਆਂ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਮਰ ਗਿਆ। ਜੀ ਐੱਸ ਟੀ ਨੇ ਛੋਟੇ ਵਪਾਰੀਆਂ ਲਈ ਕਈ ਜਟਿਲਤਾਵਾਂ ਪੈਦਾ ਕਰ ਦਿੱਤੀਆਂ। ਵੱਡੇ ਸਨਅਤਕਾਰਾਂ ਨੂੰ ਵੱਡੀਆਂ ਰਿਆਇਤਾਂ ਦੇ ਦਿੱਤੀਆਂ। ਕਿਸਾਨੀ ਬੁਰੀ ਤਰ੍ਹਾਂ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੀ ਹੈ। ਸਾਰੇ ਦੇਸ਼ ਵਿੱਚ ਕਿਸਾਨ ਅਤੇ ਖੇਤੀ ਉੱਤੇ ਆਸ਼ਰਿਤ ਖੇਤ ਮਜ਼ਦੂਰ ਆਤਮ-ਹੱਤਿਆਵਾਂ ਕਰਨ ਉੱਤੇ ਮਜਬੂਰ ਹਨ। ਸਾਰੇ ਦੇਸ਼ ਵਿੱਚ ਸਮੁੱਚੀ ਵਿੱਦਿਆ ਦਾ ਢਾਂਚਾ ਨਿੱਘਰ ਗਿਆ। ਨਿੱਜੀ ਖੇਤਰ ਦਾ ਜਾਲ ਚਾਰੇ ਪਾਸੇ ਫੈਲ ਗਿਆ ਹੈ। ਸਰਹੱਦਾਂ ਉੱਤੇ ਸਥਿਤੀ ਖ਼ਤਰਨਾਕ ਹੈ। ਗੁਆਂਢੀ ਮੁਲਕਾਂ ਨਾਲ ਸੰਬੰਧ ਸੁਖਾਵੇਂ ਨਹੀਂ। ਉਪਰੋਕਤ ਕੋਈ ਵਾਅਦਾ ਵੀ ਵਫ਼ਾ ਹੁੰਦਾ ਨਜ਼ਰ ਨਹੀਂ ਆ ਰਿਹਾ। ਗੁਜਰਾਤ ਦੀਆਂ ਚੋਣਾਂ ਜਿੱਤਣ ਲਈ ਵਿਕਾਸ ਦੀ ਥਾਂ ਫ਼ਿਰਕੂ ਏਜੰਡਾ ਉਭਾਰਿਆ ਗਿਆ। ਹੁਣ ਭਵਿੱਖ ਵਿੱਚ ਇਹੀ ਏਜੰਡਾ ਅੱਗੇ ਵਧਣ ਦੀ ਉਮੀਦ ਹੈ।
ਅੱਗੇ 2019 ਦੀਆਂ ਆਮ ਚੋਣਾਂ ਹਨ। ਇਸ ਤੋਂ ਪਹਿਲਾਂ ਤਿੰਨ ਉੱਤਰੀ ਰਾਜਾਂ, ਦੱਖਣ ਵਿੱਚ ਕਰਨਾਟਕਾ, ਉੱਤਰ ਵਿੱਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਨ। ਹੁਣੇ-ਹੁਣੇ ਫ਼ਿਲਮ ਪਦਮਾਵਤ ਨੂੰ ਲੈ ਕੇ ਕਰਨੀ ਸੈਨਾ ਦਾ ਅੰਦੋਲਨ ਸਾਹਮਣੇ ਆਇਆ। ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਰਾਜਪੂਤਾਂ ਦੀਆਂ ਵੋਟਾਂ ਲਈ ਕਰਨੀ ਸੈਨਾ ਨੂੰ ਖੁੱਲ੍ਹੀ ਛੁੱਟੀ ਦਿੱਤੀ। ਹੈਰਾਨੀ ਹੈ ਕਿ ਕਾਂਗਰਸ ਵੀ ਇਸ ਮੁੱਦੇ ਉੱਤੇ ਚੁੱਪ ਰਹੀ। ਕਾਸਗੰਜ ਦੇ ਮੁੱਦੇ ਨੂੰ ਕੌਮੀ ਝੰਡੇ ਲਈ ਕੀਤੀ ਕੁਰਬਾਨੀ ਬਣਾਇਆ ਜਾ ਰਿਹਾ ਹੈ। ਅਰਥਾਤ ਬਹੁ-ਗਿਣਤੀ ਦੀਆਂ ਭਾਵਨਾਵਾਂ ਨੂੰ ਘੱਟ ਗਿਣਤੀ ਦੇ ਵਿਰੁੱਧ ਛੰਦਮ ਦੇਸ਼ ਭਗਤੀ ਦੇ ਨਾਂਅ ਉਤੇ ਭੜਕਾਇਆ ਜਾ ਰਿਹਾ ਹੈ। ਕਰਨਾਟਕਾ ਵਿੱਚ ਟੀਪੂ ਸੁਲਤਾਨ ਨੂੰ ਹਿੰਦੂ ਵਿਰੋਧੀ ਰਾਜਾ ਸਥਾਪਤ ਕੀਤਾ ਜਾ ਰਿਹਾ ਹੈ। ਆਰ ਐੱਸ ਐੱਸ ਦਾ ਰਾਜਸੀ ਵਿੰਗ ਭਾਰਤੀ ਜਨਤਾ ਪਾਰਟੀ ਆਪਣੀਆਂ ਅਸਫ਼ਲਤਾਵਾਂ ਨੂੰ ਲੁਕੋਣ ਲਈ ਦੇਸ਼ ਅੰਦਰ ਧਾਰਮਿਕ ਜਾਤੀਵਾਦ ਨਾਲ ਜੁੜੀਆਂ ਭਾਵਨਾਵਾਂ ਨੂੰ ਭੜਕਾ ਕੇ ਦੁਬਾਰਾ ਸੱਤਾ ਪ੍ਰਾਪਤੀ ਲਈ ਰਾਹ ਪੱਧਰਾ ਕਰਨਾ ਚਾਹੁੰਦੀ ਹੈ। ਇਸ ਲਈ ਕਾਸਗੰਜ ਵਾਰ-ਵਾਰ ਦੁਹਰਾਇਆ ਜਾ ਸਕਦਾ ਹੈ। ਹੈਰਾਨੀ ਹੈ ਉੱਤਰ ਪ੍ਰਦੇਸ਼ ਦੇ ਕਿਸੇ ਵੀ ਮੰਤਰੀ ਜਾਂ ਭਾਜਪਾ ਦੇ ਵੱਡੇ ਆਗੂ ਨੇ ਲੋਕਾਂ ਨੂੰ ਸਦÎਭਾਵਨਾ ਬਣਾਈ ਰੱਖਣ ਦੀ ਅਪੀਲ ਨਹੀਂ ਕੀਤੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਭੜਕੀਲੇ ਬਿਆਨ ਦੇ ਰਹੇ ਹਨ। ਸਾਧਵੀ ਪਰਾਚੀ ਦਾ ਭੜਕਾਊ ਭਾਸ਼ਣ ਸੋਸ਼ਲ ਮੀਡੀਆ ਉੱਤੇ ਘੁੰਮ ਰਿਹਾ ਹੈ। ਧਰਮ-ਨਿਰਪੱਖ ਤਾਕਤਾਂ ਨੂੰ ਇਕੱਠੇ ਹੋ ਕੇ ਆਪਣੀ ਸਮਰੱਥਾ ਅਨੁਸਾਰ ਹੋਰ ਕਾਸਗੰਜ ਬਣਨ ਤੋਂ ਰੋਕਣੇ ਹੋਣਗੇ।