ਹੋਣੀ ਦੇ ਸੰਕਟ ਨਾਲ ਜੂਝਦੇ ਪਿੰਡ


ਮੋਹਨ ਦਾਸ ਕਰਮ ਚੰਦ ਗਾਂਧੀ ਉਰਫ ਮਹਾਤਮਾ ਗਾਂਧੀ, ਜਿਨ੍ਹਾ ਨੂੰ ਰਾਸ਼ਟਰ ਪਿਤਾ ਵੀ ਕਿਹਾ ਜਾਂਦਾ ਹੈ, ਨੂੰ ਹਰ ਸਾਲ ਤੀਹ ਜਨਵਰੀ ਤੇ ਦੋ ਅਕਤੂਬਰ ਨੂੰ ਯਾਦ ਕੀਤਾ ਜਾਂਦਾ ਹੈ। ਵੱਡੇ ਨੇਤਾ ਉਹਨਾ ਦੀ ਸਮਾਧੀ 'ਤੇ ਸ਼ਰਧਾਂਜਲੀ ਭੇਟ ਕਰਨ ਜਾਂਦੇ ਹਨ ਤੇ ਉਹਨਾ ਦੀਆਂ ਸਿੱਖਿਆਵਾਂ ਤੇ ਆਦਰਸ਼ਾਂ 'ਤੇ ਚੱਲਣ ਦੀਆਂ ਗੱਲਾਂ ਕਰਦੇ ਹਨ। ਇਸ ਤੋਂ ਬਾਅਦ ਸਭ ਭੁੱਲ-ਭੁਲਾ ਦਿੱਤਾ ਜਾਂਦਾ ਹੈ। ਦਰਅਸਲ ਦਹਾਕਿਆਂ ਪਹਿਲਾਂ ਉਹਨਾ ਨੇ ਜਿਹੜੇ ਸਿਧਾਂਤਾਂ ਦੀ ਗੱਲ ਕੀਤੀ ਸੀ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਅਸੀਂ ਇੱਕ ਲੰਮਾ ਸਫ਼ਰ ਤੈਅ ਕਰ ਚੁੱਕੇ ਹਾਂ। ਇੱਕ ਖ਼ਾਸ ਜਿਹੜੀ ਗੱਲ ਉਹਨਾ ਨੇ ਕਹੀ ਸੀ, ਉਹ ਇਹ ਸੀ ਕਿ ਅਸਲ ਭਾਰਤ ਪਿੰਡਾਂ ਵਿੱਚ ਵਸਦਾ ਹੈ, ਅਰਥਾਤ ਪਿੰਡ ਦੇਸ ਦੀ ਰੂਹ ਹਨ। ਦੇਸ ਦਾ ਵਿਕਾਸ ਓਦੋਂ ਤੱਕ ਅਧੂਰਾ ਹੈ, ਜਦੋਂ ਤੱਕ ਪਿੰਡਾਂ ਵਿੱਚ ਰਹਿੰਦੇ ਸਾਰੇ ਨਾਗਰਿਕਾਂ ਤੱਕ ਸਭ ਬੁਨਿਆਦੀ ਸਹੂਲਤਾਂ ਅੱਪੜਦੀਆਂ ਨਹੀਂ ਕਰ ਦਿੱਤੀਆਂ ਜਾਂਦੀਆਂ। ਇਸ ਨੂੰ ਬਦਕਿਸਮਤੀ ਹੀ ਕਹਾਂਗੇ ਕਿ ਸਮੇਂ-ਸਮੇਂ 'ਤੇ ਸੱਤਾ ਵਿੱਚ ਆਏ ਸਾਡੇ ਸ਼ਾਸਕਾਂ ਨੇ ਉਹਨਾ ਦੀ ਇਸ ਗੱਲ 'ਤੇ ਧਿਆਨ ਨਹੀਂ ਦਿੱਤਾ। ਅੱਜ ਹਾਲਾਤ ਇਹ ਹੋ ਗਏ ਹਨ ਕਿ ਸਾਡੇ ਨੇਤਾ ਸਿਰਫ਼ 'ਤੇ ਸਿਰਫ਼ ਆਪਣੇ ਤੇ ਆਪਣੇ ਪੁੱਤਾਂ-ਧੀਆਂ ਬਾਰੇ ਹੀ ਸੋਚਦੇ ਹਨ, ਸਾਫ਼-ਸੁਥਰਾ ਸ਼ਾਸਨ-ਪ੍ਰਸ਼ਾਸਨ ਦੇਣਾ ਤੇ ਪਿੰਡਾਂ ਦੀ ਨੁਹਾਰ ਬਦਲਣਾ ਆਦਿ ਉਹਨਾਂ ਦੇ ਭਾਸ਼ਣਾਂ ਦਾ ਹਿੱਸਾ ਤਾਂ ਹੁੰਦੇ ਹਨ, ਪਰ ਅਮਲਾਂ ਦੇ ਪੱਖੋਂ ਸੱਖਣੇ।
ਸਾਡੇ ਦੇਸ ਦੀ ਸੱਠ ਫ਼ੀਸਦੀ ਵੱਸੋਂ ਪਿੰਡਾਂ ਵਿੱਚ ਰਹਿੰਦੀ ਹੈ। ਸ਼ਾਸਕਾਂ ਵੱਲੋਂ ਪਿੰਡਾਂ ਦੀਆਂ ਬੁਨਿਆਦੀ ਜ਼ਰੂਰਤਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਉਹ ਹੋਰ ਤੋਂ ਹੋਰ ਪੱਛੜਦੇ ਜਾ ਰਹੇ ਹਨ। ਸਿੱਖਿਆ, ਸਿਹਤ ਤੇ ਸਾਫ਼-ਸਫ਼ਾਈ ਦੀਆਂ ਸਹੂਲਤਾਂ ਦੀ ਘਾਟ ਲਗਾਤਾਰ ਬਣੀ ਹੋਈ ਹੈ। ਅੱਜ ਵੀ ਅਨੇਕ ਪਿੰਡ ਅਜਿਹੇ ਹਨ, ਜਿੱਥੇ ਸਕੂਲ ਨਹੀਂ ਹਨ। ਜਿੱਥੇ ਸਕੂਲ ਹਨ, ਉਹਨਾਂ ਦੀ ਹਾਲਤ ਤਰਸ ਯੋਗ ਬਣੀ ਹੋਈ ਹੈ; ਨਾ ਪੂਰੇ ਅਧਿਆਪਕ, ਨਾ ਬੱਚਿਆਂ ਦੇ ਬੈਠਣ ਲਈ ਢੁੱਕਵਾਂ ਪ੍ਰਬੰਧ। ਜੇ ਕਿਧਰੇ ਕਿਸੇ ਪਿੰਡ ਵਿੱਚ ਡਿਸਪੈਂਸਰੀ, ਕਮਿਊਨਿਟੀ ਹੈੱਲਥ ਸੈਂਟਰ ਜਾਂ ਹਸਪਤਾਲ ਹੈ ਤਾਂ ਡਾਕਟਰ ਨਹੀਂ। ਜੇ ਡਾਕਟਰ ਹੈ ਤਾਂ ਦਵਾਈਆਂ ਨਹੀਂ। ਸੜਕਾਂ ਵੱਲੋਂ ਵੀ ਪਿੰਡਾਂ ਦੀ ਹਾਲਤ ਠੀਕ ਨਹੀਂ। ਪਿੰਡਾਂ ਦੀਆਂ ਸੜਕਾਂ ਦੀ ਕਈ-ਕਈ ਸਾਲ ਮੁਰੰਮਤ ਹੀ ਨਹੀਂ ਕੀਤੀ ਜਾਂਦੀ। ਆਵਾਜਾਈ ਦੇ ਸਾਧਨਾਂ ਦੀ ਘਾਟ ਸਦਾ ਤੋਂ ਬਣੀ ਰਹੀ ਹੈ। ਇਹਨਾਂ ਤੇ ਹੋਰ ਕਈ ਪ੍ਰਕਾਰ ਦੀਆਂ ਸਹੂਲਤਾਂ ਦੀ ਕਮੀ ਕਾਰਨ ਪਿੰਡਾਂ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾਂਦੀ ਹੈ। ਸਭ ਤੋਂ ਵੱਡੀ ਘਾਟ ਇਹ ਕਿ ਪਿੰਡਾਂ ਵਿੱਚ ਰੁਜ਼ਗਾਰ ਦੇ ਕੋਈ ਸਾਧਨ ਨਹੀਂ ਹਨ, ਕਿਉਂਕਿ ਖੇਤੀ ਵੀ ਹੁਣ ਘਾਟੇ ਦਾ ਧੰਦਾ ਬਣ ਗਈ ਹੈ। ਇਹਨਾਂ ਕਮੀਆਂ-ਘਾਟਾਂ ਕਾਰਨ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਲੋਕਾਂ ਦੀ ਹਿਜਰਤ ਲਗਾਤਾਰ ਜਾਰੀ ਹੈ। ਇਹਨਾਂ ਹਾਲਤਾਂ ਦੇ ਚੱਲਦਿਆਂ ਕੋਈ ਡਾਕਟਰ ਜਾਂ ਅਧਿਆਪਕ ਪਿੰਡਾਂ ਵੱਲ ਭਲਾ ਕਿਵੇਂ ਰੁਖ਼ ਕਰੇਗਾ? ਝਾਰਖੰਡ, ਛੱਤੀਸਗੜ੍ਹ, ਉੜੀਸਾ ਵਰਗੇ ਤੇ ਕਈ ਹੋਰ ਰਾਜਾਂ ਦੇ ਪਿੰਡਾਂ ਦੇ ਵਸਨੀਕਾਂ ਨੂੰ ਤਾਂ ਅੱਤ ਦੀਆਂ ਮੁਸ਼ਕਲ ਪਰਸਥਿਤੀਆਂ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ। ਸਾਡੇ ਸਾਸ਼ਕਾਂ ਦੇ ਵਾਅਦਿਆਂ ਦੇ ਬਾਵਜੂਦ ਕਾਫ਼ੀ ਗਿਣਤੀ 'ਚ ਉਹ ਪਿੰਡ ਹਨ, ਜਿੱਥੇ ਹਾਲੇ ਤੱਕ ਬਿਜਲੀ ਪਹੁੰਚਦੀ ਨਹੀਂ ਕੀਤੀ ਜਾ ਸਕੀ। ਕਹਿਣ ਦਾ ਭਾਵ ਇਹ ਕਿ ਦੇਸ ਦੇ ਪਿੰਡ ਅੱਜ ਹੋਣੀ ਦੇ ਗੰਭੀਰ ਸੰਕਟ ਵਿੱਚੋਂ ਲੰਘ ਰਹੇ ਹਨ।
ਬਿਨਾਂ ਸ਼ੱਕ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੰਵਿਧਾਨਕ ਸੋਧਾਂ ਰਾਹੀਂ ਕੁਝ ਅਧਿਕਾਰ ਤੇ ਸੁਤੰਤਰਤਾ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਇਹ ਨਿਰਣਾ ਵੀ ਕੀਤਾ ਗਿਆ ਸੀ ਕਿ ਪਿੰਡਾਂ ਦੇ ਵਿਕਾਸ ਲਈ ਫ਼ੰਡ ਸਿੱਧੇ ਪੰਚਾਇਤਾਂ ਨੂੰ ਦਿੱਤੇ ਜਾਣਗੇ ਤੇ ਕੁਝ ਮਹਿਕਮਿਆਂ ਦੇ ਪ੍ਰਸ਼ਾਸਨਕ ਅਧਿਕਾਰ ਵੀ, ਪਰ ਇਸ ਮਾਮਲੇ ਵਿੱਚ ਸ਼ਾਸਕਾਂ ਦੀ ਕਾਰਗੁਜ਼ਾਰੀ ਨਿਰਾਸ਼ਾ ਉਪਜਾਉਣ ਵਾਲੀ ਹੀ ਹੈ।
ਜਿੱਥੋਂ ਤੱਕ ਪਾਰਲੀਮੈਂਟ ਮੈਂਬਰਾਂ ਨੂੰ ਦਿੱਤੇ ਜਾਣ ਵਾਲੇ ਲੋਕਲ ਏਰੀਆ ਡਿਵੈਲਪਮੈਂਟ ਫ਼ੰਡ ਦਾ ਸੰਬੰਧ ਹੈ, ਇਹ ਹਰ ਸਾਲ ਪ੍ਰਤੀ ਮੈਂਬਰ ਪੰਜ ਕਰੋੜ ਰੁਪਏ ਦਿੱਤਾ ਜਾਂਦਾ ਹੈ। ਇਸ ਪੈਸੇ ਦੀ ਵੀ ਸਹੀ ਵਰਤੋਂ ਨਹੀਂ ਹੁੰਦੀ। ਕਈ ਹਾਲਤਾਂ ਵਿੱਚ ਤਾਂ ਇਹ ਪੂਰੇ ਦਾ ਪੂਰਾ ਖ਼ਰਚਿਆ ਵੀ ਨਹੀਂ ਜਾਂਦਾ।
ਅਗਲੀ ਗੱਲ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਨਾਇਕ ਜੈ ਪ੍ਰਕਾਸ਼ ਨਾਰਾਇਣ ਦੇ ਜਨਮ ਦਿਨ ਦੇ ਮੌਕੇ ਗਿਆਰਾਂ ਅਕਤੂਬਰ 2014 ਨੂੰ ਸਾਂਸਦ ਆਦਰਸ਼ ਗਰਾਮ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਤਹਿਤ ਮਾਰਚ 2019 ਤੱਕ ਹਰ ਪਾਰਲੀਮਾਨੀ ਹਲਕੇ ਦੇ ਤਿੰਨ ਪਿੰਡਾਂ ਨੂੰ ਵਿਕਸਤ ਕਰਨ ਦਾ ਨਿਸ਼ਾਨਾ ਨਿਸ਼ਚਿਤ ਕੀਤਾ ਗਿਆ ਸੀ। ਇਸ ਯੋਜਨਾ ਦੇ ਤੀਜੇ ਪੜਾਅ ਦੇ ਤਹਿਤ ਪਰਧਾਨ ਮੰਤਰੀ ਸਮੇਤ ਕੇਂਦਰੀ ਮੰਤਰੀ-ਮੰਡਲ ਦੇ 76 'ਚੋਂ ਕੇਵਲ ਤੇਈ ਮੰਤਰੀਆਂ ਨੇ ਹੀ ਪਿੰਡਾਂ ਨੂੰ ਗੋਦ ਲਿਆ ਹੈ। ਹੈਰਾਨੀ ਵਾਲੀ ਗੱਲ ਇਹ ਕਿ ਸਰਕਾਰ ਦੇ ਸੀਨੀਅਰ ਮੰਤਰੀ ਹੀ ਇਸ ਯੋਜਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਹਨਾਂ ਰਾਜਨੇਤਾਵਾਂ ਦੀ ਕਾਰਜਸ਼ੈਲੀ ਤੋਂ ਸਹਿਜੇ ਹੀ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਯੋਜਨਾ ਦਾ ਕੀ ਹਸ਼ਰ ਹੋਣ ਵਾਲਾ ਹੈ, ਤੇ ਇਹ ਵੀ ਕਿ ਸਾਡੇ ਅਜੋਕੇ ਸ਼ਾਸਕ ਪਿੰਡਾਂ ਦੇ ਵਿਕਾਸ ਪ੍ਰਤੀ ਕਿੰਨੇ ਕੁ ਸੁਹਿਰਦ ਹਨ।
ਅੱਜ ਸਮੁੱਚੇ ਦੇਸ ਵਿੱਚ ਥਾਂ-ਪੁਰ-ਥਾਂ 'ਵਿਕਾਸ-ਵਿਕਾਸ' ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਮੀਡੀਆ ਦਾ ਇੱਕ ਹਿੱਸਾ ਤੇ ਪ੍ਰਸ਼ਾਸਨ 'ਅੱਛੇ ਦਿਨਾਂ' ਦਾ ਲੋਕਾਂ ਨੂੰ ਅਹਿਸਾਸ ਕਰਵਾਉਣ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਸਿਰਫ਼ ਵੱਡੇ-ਵੱਡੇ ਭਾਸ਼ਣਾਂ ਅਤੇ ਪ੍ਰਾਪਤੀਆਂ ਨਾਲ ਸੰਬੰਧਤ ਅੰਕੜਿਆਂ ਨੂੰ ਹੀ ਦਰਸਾਇਆ ਤੇ ਦਿਖਾਇਆ ਜਾਂਦਾ ਹੈ। ਹਾਂ, ਵਿਕਾਸ ਦੀ ਝਲਕ ਸਿਰਫ਼ ਸ਼ਹਿਰਾਂ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਜਾਂ ਮੁੱਠੀ ਭਰ ਵੱਡੇ ਘਰਾਣਿਆਂ ਦਾ ਹੀ ਵਿਕਾਸ ਹੋਇਆ ਹੈ, ਆਮ ਆਦਮੀ ਜਿੱਥੇ ਪਹਿਲਾਂ ਖੜਾ ਸੀ, ਉੱਥੇ ਹੀ ਖੜਾ ਨਜ਼ਰ ਆਉਂਦਾ ਹੈ। ਕਹਿ ਸਕਦੇ ਹਾਂ ਕਿ ਦੇਸ ਦੀ ਆਮ ਜਨਤਾ ਆਪਣੀ ਹੋਂਦ ਨੂੰ ਲੈ ਕੇ ਫ਼ਿਕਰ-ਚਿੰਤਾ ਵਿੱਚ ਫਸੀ ਨਜ਼ਰ ਆਉਂਦੀ ਹੈ।
ਇਹ ਹਨ ਉਹ ਹਾਲਾਤ, ਜਿਨ੍ਹਾ ਦੇ ਚੱਲਦਿਆਂ ਸਾਡੇ ਸ਼ਾਸਕ ਜੁਮਲਿਆਂ ਦੀ ਸਿਆਸਤ ਕਰਨ ਵਿੱਚ ਰੁੱਝੇ ਹੋਏ ਹਨ। ਫਿਰ ਕੀ ਬਣੇਗਾ ਦੇਸ ਦੀ ਰੂਹ ਕਹੇ ਜਾਂਦੇ ਪਿੰਡਾਂ ਦਾ?