ਪਾਕਿਸਤਾਨੀ ਗੋਲੀਬਾਰੀ ਦਾ ਦੇ ਰਹੇ ਹਾਂ ਢੁਕਵਾਂ ਜਵਾਬ : ਫ਼ੌਜ ਮੁਖੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ-ਪਾਕਿਸਤਾਨ ਵਿਚਕਾਰ 778 ਕਿਲੋਮੀਟਰ ਲੰਮੀ ਕੰਟਰੋਲ ਰੇਖਾ ਅਤੇ 198 ਕਿਲੋਮੀਟਰ ਦੀ ਅੰਤਰ-ਰਾਸ਼ਟਰੀ ਸਰਹੱਦ 'ਤੇ ਸਾਲ 2016 ਦੇ ਸਤੰਬਰ ਮਹੀਨੇ ਵਿੱਚ ਹੋਏ ਸਰਜੀਕਲ ਸਟਰਾਈਕ ਤੋਂ ਬਾਅਦ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। 2017 ਵਿੱਚ ਕੰਟਰੋਲ ਰੇਖਾ 'ਤੇ 860 ਵਾਰ ਸੀਮਾ ਪਾਰ ਤੋਂ ਗੋਲੀਬੰਦੀ ਦੀ ਉਲੰਘਣਾ ਹੋਈ। ਹਾਲਾਂਕਿ, ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਦੁਆਰਾ ਭਾਰੀ ਗੋਲੀਬਾਰੀ ਵਿੱਚ ਐਤਵਾਰ ਨੂੰ ਸੈਨਾ ਦੇ ਚਾਰ ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਸੈਨਾ ਨੇ ਪਾਕਿਸਤਾਨ ਖ਼ਿਲਾਫ਼ ਵੱਡੀ ਕਾਰਵਾਈ ਦੇ ਸੰਕੇਤ ਦਿੱਤੇ ਹਨ। ਪਿਛਲੇ ਸਾਲ 860 ਵਾਰ ਹੋਈ ਗੋਲਬੰਦੀ ਦੀ ਉਲੰਘਣਾ ਦੇ ਨਾਲ ਹੀ ਅੰਤਰ-ਰਾਸ਼ਟਰੀ ਸਰਹੱਦ 'ਤੇ ਵੀ 120 ਵਾਰ ਜੰਗਬੰਦੀ ਦੀ ਉਲੰਘਣਾ ਹੋਈ। ਪਿਛਲੇ 15 ਸਾਲਾਂ ਦੇ ਅੰਕੜਿਆਂ ਦੀ ਤੁਲਨਾ ਵਿੱਚ ਇਹ ਗਿਣਤੀ ਸਭ ਤੋਂ ਜ਼ਿਆਦਾ ਹੈ। ਫੌਜ ਦੇ ਬੁਲਾਰੇ ਅਨੁਸਾਰ ਇਸ ਸਾਲ 36 ਦਿਨਾਂ ਵਿੱਚ ਜੰਗੀਬੰਦੀ ਦੀ ਉਲੰਘਣਾ ਦੇ ਮਾਮਲੇ 241 ਦੇ ਅੰਕੜੇ ਨੂੰ ਪਾਰ ਪਹੁੰਚ ਗਏ ਅਤੇ ਇਸ ਵਿੱਚ 9 ਭਾਰਤੀ ਜਵਾਨ ਸ਼ਹੀਦ ਹੋਏ।
ਫੌਜ ਮੁਖੀ ਜਨਰਲ ਵਿਪਨ ਰਾਵਤ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਨੂੰ ਜੰਗਬੰਦੀ ਉਲੰਘਣਾ ਵਿੱਚ ਸਾਡੇ ਤੋਂ ਤਿੰਨ ਤੋਂ ਚਾਰ ਗੁਣਾਂ ਜ਼ਿਆਦਾ ਨੁਕਸਾਨ ਹੋਇਆ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ 'ਜੈਸੇ ਕੋ ਤੈਸਾ' ਅਧੀਨ ਸਬਕ ਸਿਖਾਇਆ ਜਾ ਰਿਹਾ ਹੈ। ਰਾਜੌਰੀ ਜ਼ਿਲ੍ਹੇ ਵਿੱਚ ਪਾਕਿਸਤਾਨੀ ਸੈਨਾ ਦੁਆਰਾ ਭਾਰੀ ਗੋਲਾਬਾਰੀ ਵਿੱਚ ਇੱਕ ਕੈਪਟਨ ਤੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਲੈਫ਼ਟੀਨੈਂਟ ਜਨਰਲ ਸ਼ਰਤ ਚੰਦ ਨੇ ਸੋਮਵਾਰ ਨੂੰ ਕਿਹਾ ਇਹ ਕਾਰਵਾਈ ਬਿਨਾਂ ਕੁਝ ਕਹੇ ਚੱਲ ਰਹੀ ਹੈ। ਸਾਡੀ ਕਾਰਵਾਈ ਆਪ ਬੋਲੇਗੀ। ਉਨ੍ਹਾ ਪੱਤਰਕਾਰਾਂ ਨੂੰ ਕਿਹਾ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਦਾ ਮੂੰਹ-ਤੋੜ ਜਵਾਬ ਦੇਵਾਂਗੇ। ਇੱਕ ਹੋਰ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਇਸ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਪਾਕਿਸਤਾਨੀ ਸੈਨਾ ਆਪਣੇ ਹੋਏ ਨੁਕਸਾਨ ਦੇ ਅੰਕੜਿਆਂ ਨੂੰ ਆਪਣੀ ਸੰਸਦ ਵਿੱਚ ਉਠਾਉਣ ਤੋਂ ਘਬਰਾ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਭਾਰਤ ਦੀ ਤਰਫ਼ੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ 130-140 ਪਾਕਿਸਤਾਨੀ ਸੈਨਿਕ ਮਾਰੇ ਜਾ ਚੁੱਕੇ ਹਨ। ਜੰਗਬੰਦੀ ਦੀ ਉਲੰਘਣਾ ਦੀ ਕੀਮਤ ਭਾਰਤੀ ਸੈਨਿਕਾਂ ਨੇ ਵੀ ਚੁਕਾਈ। ਪਿਛਲੇ ਸਾਲ ਜੰਮੂ-ਕਸ਼ਮੀਰ ਵਿੱਚ 62 ਜਵਾਨ ਸ਼ਹੀਦ ਹੋਏ। ਸਰਹੱਦ ਪਾਰ ਤੋਂ ਹੋਈ ਫਾਇਰਿੰਗ ਵਿੱਚ 15, ਜਦਕਿ ਘੁਸਪੈਠ ਦੌਰਾਨ ਮੁਕਾਬਲੇ ਵਿੱਚ 17 ਅਤੇ 30 ਅੱਤਵਾਦੀ ਹਮਲਿਆਂ ਵਿੱਚ ਜਵਾਨ ਸ਼ਹੀਦ ਹੋਏ। ਭਾਰਤੀ ਸੈਨਾ ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਗੋਲੀਬਾਰੀ ਦੀ ਉਲੰਘਣਾ ਦਾ ਮੂੰਹ-ਤੋੜ ਜਵਾਬ ਦੇ ਰਹੀ ਹੈ। ਐਤਵਾਰ ਨੂੰ ਪਾਕਿਸਤਾਨ ਗੋਲੀਬਾਰੀ ਵਿੱਚ ਮਾਰੇ ਗਏ ਕੈਪਟਨ ਅਤੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਜਾਵੇਗਾ। ਸੈਨਾ ਦੇ ਉਪ ਪ੍ਰਮੁੱਖ ਲੈਫ਼ਟੀਨੈਂਟ ਜਨਰਲ ਸ਼ਰਤ ਚੰਦ ਨੇ ਗੋਲੀਬਾਰੀ 'ਤੇ ਕਿਹਾ ਕਿ ਸੈਨਾ ਵੱਲੋਂ ਕੀਤੀ ਜਾ ਰਹੀ ਕਾਰਵਾਈ ਹੀ ਇਸ ਦਾ ਜਵਾਬ ਜਵਾਬ ਤੈਅ ਕਰੇਗੀ।