...ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ!


ਸਾਲ 2014 : ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਰੈਲੀਆਂ, ਜਿਨ੍ਹਾਂ ਉੱਤੇ 714.25 ਕਰੋੜ ਰੁਪਿਆ ਖ਼ਰਚ ਹੋਇਆ ਦੱਸਿਆ ਜਾਂਦਾ ਹੈ, ਦਾ ਰੇਲਾ ਬਣਾਉਂਦਿਆਂ ਦੇਸ ਦੇ ਵੱਖ-ਵੱਖ ਹਿੱਸਿਆਂ ਦੇ ਵੋਟਰਾਂ ਤੱਕ ਪਹੁੰਚ ਕਰਦਿਆਂ ਉਨ੍ਹਾਂ ਨੂੰ ਉਹ ਸੁਫ਼ਨੇ ਦਿਖਾਏ ਸਨ, ਜਿਹੜੇ ਉਨ੍ਹਾਂ ਨੇ ਕਦੇ ਚਿਤਵੇ ਵੀ ਨਹੀਂ ਸਨ। ਜਿਵੇਂ : ਉਨ੍ਹਾ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਬਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲਾ ਧਨ ਵਾਪਸ ਦੇਸ ਲਿਆ ਕੇ ਹਰ ਇੱਕ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਰੁਪਏ ਪਾਏ ਜਾਣਗੇ, ਹਰ ਵਰ੍ਹੇ ਰੁਜ਼ਗਾਰ ਦੇ ਦੋ ਕਰੋੜ ਨਵੇਂ ਅਵਸਰ ਪੈਦਾ ਕੀਤੇ ਜਾਣਗੇ, ਪੈਟਰੋਲ ਤੇ ਡੀਜ਼ਲ ਦੇ ਭਾਅ ਹੇਠਾਂ ਲਿਆਂਦੇ ਜਾਣਗੇ, ਮਹਿੰਗਾਈ ਦੀ ਦਰ ਵਿੱਚ ਕਮੀ ਲਿਆਂਦੀ ਜਾਵੇਗੀ, ਮੁਲਕ ਵਿੱਚ ਬਰਾਬਰੀ ਵਾਲਾ ਸਮਾਜ ਸਿਰਜਿਆ ਜਾਵੇਗਾ, ਗ਼ਰੀਬ ਲੋਕਾਂ ਨੂੰ ਆਰਥਕ ਪੱਖੋਂ ਉੱਪਰ ਚੁੱਕਿਆ ਜਾਵੇਗਾ, ਪਾਕਿਸਤਾਨ 'ਤੇ ਸ਼ਿਕੰਜਾ ਕੱਸਿਆ ਜਾਵੇਗਾ, ਆਦਿ-ਆਦਿ। ਏਨਾ ਹੀ ਨਹੀਂ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਦੇ ਗਲੀਆਂ-ਮੁਹੱਲਿਆਂ ਤੇ ਬਾਜ਼ਾਰਾਂ ਤੱਕ ਅਤੇ ਰੇਡੀਓ, ਟੀ ਵੀ ਚੈਨਲਾਂ ਤੇ ਏਥੋਂ ਤੱਕ ਮੋਬਾਈਲਾਂ 'ਤੇ ਇੱਕੋ ਨਾਹਰਾ ਗੂੰਜਦਾ ਸੀ : 'ਹਰ-ਹਰ ਮੋਦੀ, ਘਰ-ਘਰ ਮੋਦੀ'। ਮਤਲਬ ਇਹ ਕਿ ਹਰ ਕਿਸੇ ਨੂੰ ਇਸ ਨਾਹਰੇ ਤੇ ਉਕਤ ਸੁਫ਼ਨਿਆਂ ਦੀ ਗੂੰਜ ਧੱਕੇ ਨਾਲ ਸੁਣਾਈ ਜਾਂਦੀ ਸੀ। ਦੇਸ ਦੇ ਲੋਕਾਂ ਨੇ ਪਹਿਲੀ ਵਾਰ ਅਜਿਹੇ ਨੇਤਾ ਦੇ ਦਰਸ਼ਨ ਕੀਤੇ ਸਨ, ਜਿਹੜਾ ਨਵੇਂ-ਨਵੇਂ ਸੁਫ਼ਨਿਆਂ ਨੂੰ ਵੇਚ ਰਿਹਾ ਸੀ। ਨਤੀਜੇ ਵਜੋਂ ਦੇਸ ਦੇ ਇੱਕ-ਤਿਹਾਈ ਵੋਟਰ ਉਨ੍ਹਾ ਦੇ ਝਾਂਸੇ ਵਿੱਚ ਆ ਗਏ ਤੇ ਅੱਜ ਉਹ ਆਪਣੇ ਆਪ ਨੂੰ ਠਗੇ-ਠਗੇ ਮਹਿਸੂਸ ਕਰ ਰਹੇ ਹਨ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਚਾਰ ਸਾਲਾਂ ਦੇ ਸ਼ਾਸਨ ਕਾਲ ਦੌਰਾਨ ਦੇਸ ਦੀ ਦਸ਼ਾ ਤੇ ਦਿਸ਼ਾ ਬਾਰੇ ਉਨ੍ਹਾ ਦੇ ਆਪਣੇ ਭਾਜਪਾਈ ਭਾਈਬੰਦ ਯਸ਼ਵੰਤ ਸਿਨਹਾ, ਅਰੁਣ ਸ਼ੋਰੀ, ਸ਼ਤਰੂਘਨ ਸਿਨਹਾ ਆਦਿ ਭਲੀ-ਭਾਂਤ ਦੱਸ ਚੁੱਕੇ ਹਨ। ਹੁਣ ਤਾਂ ਸ਼ਤਰੂਘਨ ਸਿਨਹਾ ਨੇ ਏਥੋਂ ਤੱਕ ਕਹਿ ਦਿੱਤਾ ਹੈ; 'ਸਰਕਾਰ ਵੰਨ ਮੈਨ ਸ਼ੋਅ ਹੈ ਤੇ ਪਾਰਟੀ ਟੂ ਮੈਨ ਆਰਮੀ'।
ਖ਼ੈਰ, ਮੁੱਦੇ-ਮਸਲੇ ਤਾਂ ਹੋਰ ਵੀ ਬਥੇਰੇ ਹਨ, ਭਾਰਤੀ ਲੋਕਾਂ ਦੇ ਬਦੇਸ਼ਾਂ ਵੱਲ ਜਾਣ ਦੇ ਵਧਦੇ ਰੁਝਾਨ ਦੀ ਗੱਲ ਕਰਦੇ ਹਾਂ। ਆਖ਼ਿਰ ਉਹ ਕਿਹੜੇ ਕਾਰਨ ਹਨ, ਜਿਨ੍ਹਾਂ ਕਰ ਕੇ ਸਾਡੇ ਲੋਕ, ਖ਼ਾਸ ਕਰ ਕੇ ਨੌਜਵਾਨ ਮੁੰਡੇ-ਕੁੜੀਆਂ, ਬਾਹਰਲੇ ਮੁਲਕਾਂ ਨੂੰ ਰੁਖ਼ ਕਰਦੇ ਹਨ? ਮੋਦੀ ਸਰਕਾਰ ਨੇ ਹਰ ਵਰ੍ਹੇ ਜੋ ਦੋ ਕਰੋੜ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ਦਾ ਦੇਸ ਵਾਸੀਆਂ ਨਾਲ ਵਾਅਦਾ ਕੀਤਾ ਸੀ, ਉਹ ਆਪਣੇ ਇਸ ਇਕਰਾਰ 'ਤੇ ਖਰੀ ਨਹੀਂ ਉੱਤਰ ਸਕੀ। ਯਾਨੀ ਪਹਿਲਾ ਕਾਰਨ ਹੈ ਬੇਰੁਜ਼ਗਾਰੀ ਦੀ ਸਮੱਸਿਆ ਦਾ ਦਿਨੋ-ਦਿਨ ਗੰਭੀਰ ਹੁੰਦੇ ਜਾਣਾ। ਭਾਵੇਂ ਇਸ ਦੇ ਦੂਜੇ ਕਾਰਨ ਵਜੋਂ ਪੈਸੇ ਦੀ ਲਲਕ ਨੂੰ ਗਿਣਿਆ ਜਾ ਸਕਦਾ ਹੈ, ਜਿਹੜੀ ਕਿ ਅੱਜ ਹਰ ਇਨਸਾਨ ਨੂੰ ਹੈ, ਪਰ ਉਥੋਂ ਦੀ ਸੁੱਖ-ਆਰਾਮ ਵਾਲੀ ਜ਼ਿੰਦਗੀ ਦਾ ਹੋਣਾ ਤੀਜਾ ਕਾਰਨ ਬਣਦਾ ਹੈ। ਚੌਥਾ ਕਾਰਨ ਹੈ ਉਥੋਂ ਦੀਆਂ ਸਿਹਤ ਸੇਵਾਵਾਂ ਦਾ ਮਿਆਰੀ ਹੋਣਾ। ਪੰਜਵੇਂ ਕਾਰਨ ਵਿੱਚ ਗਿਣਿਆ ਜਾ ਸਕਦਾ ਹੈ ਖਾਣ-ਪੀਣ ਦੀਆਂ ਸ਼ੁੱਧ ਵਸਤਾਂ ਦੀ ਪ੍ਰਾਪਤੀ ਨੂੰ। ਜਿਵੇਂ ਕਿ ਪਿਛਲੇ ਮਹੀਨਿਆਂ ਦੌਰਾਨ ਅਸੀਂ ਦੇਖ ਚੁੱਕੇ ਹਾਂ ਕਿ ਕਿਵੇਂ ਦੇਸ ਦੇ ਕਈ ਪ੍ਰਾਂਤਾਂ ਤੇ ਵੱਡੇ ਸ਼ਹਿਰਾਂ ਵਿੱਚ ਧੁਆਂਖੀ ਧੁੰਦ ਛਾਈ ਰਹੀ ਸੀ, ਜਿਸ ਕਾਰਨ ਅਨੇਕ ਲੋਕਾਂ ਨੂੰ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣੀ ਪਈ ਸੀ ਤੇ ਜੋ ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪਿਆ, ਉਹ ਵੱਖਰਾ ਸੀ। ਕਹਿਣ ਦਾ ਭਾਵ ਇਹ ਕਿ ਬਾਹਰਲੇ ਦੇਸਾਂ ਵੱਲ ਲੋਕਾਂ ਦੇ ਵਧਦੇ ਰੁਝਾਨ ਦਾ ਛੇਵਾਂ ਕਾਰਨ ਹੈ ਉਥੋਂ ਦਾ ਸਵੱਛ ਵਾਤਾਵਰਣ। ਚਾਹੇ ਸੱਤਵਾਂ ਕਾਰਨ ਹੈ ਪਰਵਾਸੀ ਭਾਰਤੀਆਂ ਵੱਲੋਂ ਏਧਰ ਆ ਕੇ ਆਪਣੇ ਰਹਿਣ-ਸਹਿਣ ਬਾਰੇ ਵਧਾ-ਚੜ੍ਹਾਅ ਕੇ ਗੱਲਾਂ ਕਰਨਾ, ਪਰ ਉਨ੍ਹਾਂ ਦੇਸਾਂ ਵਿੱਚ ਹਰ ਇਨਸਾਨ ਨੂੰ ਸਮਾਜੀ ਸੁਰੱਖਿਆ ਪ੍ਰਾਪਤ ਹੈ, ਜੋ ਜੀਵਨ ਦੀ ਅਹਿਮ ਲੋੜ ਹੈ ਤੇ ਇਸ ਨੂੰ ਅੱਠਵੇਂ ਕਾਰਨ ਵਜੋਂ ਲਿਆ ਜਾ ਸਕਦਾ ਹੈ। ਨੌਂਵਾਂ ਕਾਰਨ ਹੈ ਤਨਖ਼ਾਹ ਨਾਲ ਸੌਖਾ ਗੁਜ਼ਾਰਾ ਹੋਣਾ। ਸਾਡੇ ਆਪਣੇ ਦੇਸ ਵਿੱਚ ਬੰਦਾ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਹੱਡ-ਭੰਨਵੀਂ ਮਿਹਨਤ ਕਰਨ ਤੋਂ ਬਾਅਦ ਵੀ ਮਸਾਂ ਪਰਵਾਰ ਲਈ ਦੋ ਡੰਗ ਦੇ ਰੋਟੀ-ਪਾਣੀ ਦਾ ਜੁਗਾੜ ਕਰ ਪਾਉਂਦਾ ਹੈ, ਜਦੋਂ ਕਿ ਬਦੇਸ਼ ਵਿੱਚ ਛੋਟੀ-ਮੋਟੀ ਨੌਕਰੀ ਲਈ ਵੀ ਏਨੀ ਤਨਖ਼ਾਹ ਮਿਲ ਜਾਂਦੀ ਹੈ, ਜਿੰਨੀ ਸਾਡੇ ਮੁਲਕ ਵਿੱਚ ਵੱਡੀਆਂ ਨੌਕਰੀਆਂ ਵਾਲਿਆਂ ਨੂੰ ਵੀ ਨਹੀਂ ਮਿਲਦੀ। ਕਹਿਣ ਨੂੰ ਭਾਵੇਂ ਸਾਡੇ ਦੇਸ ਵਿੱਚ ਵੀ ਘੱਟੋ-ਘੱਟ ਤਨਖ਼ਾਹ ਦੀ ਵਿਵਸਥਾ ਹੈ, ਪਰ ਬਾਹਰਲੇ ਮੁਲਕਾਂ ਵਿੱਚ ਘੱਟੋ-ਘੱਟ ਉਜਰਤ ਦੇ ਰੂਪ ਵਿੱਚ ਏਨਾ ਕੁ ਪੈਸਾ ਮਿਲ ਜਾਂਦਾ ਹੈ, ਜਿਸ ਨਾਲ ਇਨਸਾਨ ਪਰਵਾਰ ਸਮੇਤ ਇੱਜ਼ਤ ਵਾਲਾ ਜੀਵਨ ਬਸਰ ਕਰ ਸਕੇ। ਮਹੱਤਵ ਪੂਰਨ ਗੱਲ ਇਹ ਕਿ ਅਮਰੀਕਾ ਵਰਗੇ ਮੁਲਕਾਂ ਵਿੱਚ ਬੰਦਾ ਕੁਝ ਸਾਲਾਂ ਦੀ ਮਿਹਨਤ ਤੋਂ ਬਾਅਦ ਆਪਣਾ ਮਕਾਨ ਖ਼ਰੀਦ ਸਕਦਾ ਹੈ। ਦਸਵਾਂ ਕਾਰਨ ਨਰਸਰੀ ਤੋਂ ਲੈ ਕੇ ਹਾਇਰ ਸੈਕੰਡਰੀ ਪੱਧਰ ਤੱਕ ਦੀ ਸਿੱਖਿਆ ਦਾ ਘਰ ਦੇ ਨੇੜੇ ਤੇ ਮੁਫ਼ਤ ਹਾਸਲ ਹੋਣਾ ਹੈ। ਇਹ ਹਨ ਉਹ ਕੁਝ ਕਾਰਨ, ਜਿਨ੍ਹਾਂ ਕਰ ਕੇ ਸਾਡੇ ਲੋਕਾਂ ਨੂੰ ਪਰਵਾਸ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤੇ ਇਹ ਸਭ ਦੇਸ ਦੇ ਉਸ ਮੁਖੀ ਨਰਿੰਦਰ ਮੋਦੀ ਦੀ ਸਰਕਾਰ ਦੇ ਹੁੰਦਿਆਂ ਹੋ ਰਿਹਾ ਹੈ, ਜਿਸ ਨੇ ਪਿੱਛੇ ਜਿਹੇ ਫ਼ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਨ੍ਹਾ ਦਾ ਸੁਫ਼ਨਾ ਭਾਰਤ ਨੂੰ ਅਜਿਹਾ ਦੇਸ ਬਣਾਉਣਾ ਹੈ, ਜਿੱਥੇ ਰੁਜ਼ਗਾਰ ਦੇ ਐਨੇ ਮੌਕੇ ਹੋਣ ਕਿ ਸਾਡੇ ਨੌਜਵਾਨਾਂ ਨੂੰ ਦੂਜੇ ਦੇਸਾਂ ਵਿੱਚ ਨੌਕਰੀਆਂ ਲੱਭਣ ਲਈ ਨਾ ਜਾਣਾ ਪਵੇ, ਪਰ ਆਪਣੀ ਕਹਿਣੀ ਨੂੰ ਉਹ ਅਮਲੀ ਰੂਪ ਨਹੀਂ ਦੇ ਸਕੇ। ਹੁਣ ਮੋਦੀ ਸਰਕਾਰ ਆਪਣੇ ਸ਼ਾਸਨ ਦਾ ਆਖ਼ਰੀ ਪੂਰਨ ਬੱਜਟ ਪੇਸ਼ ਕਰ ਚੁੱਕੀ ਹੈ ਤੇ ਇਸ ਸਰਕਾਰ ਦੀ ਸਭ ਤੋਂ ਵੱਡੀ ਵਿੱਤੀ ਅਸਫ਼ਲਤਾ ਰੋਜ਼ਗਾਰ ਦੇ ਖੇਤਰ ਦੀ ਗਿਣੀ ਜਾ ਸਕਦੀ ਹੈ।
ਪਰਵਾਸ ਪੁਰਾਣੇ ਵੇਲਿਆਂ ਤੋਂ ਹੁੰਦਾ ਆਇਆ ਹੈ ਤੇ ਅੱਗੋਂ ਵੀ ਹੁੰਦਾ ਰਹਿਣਾ ਹੈ। ਜਿਨ੍ਹਾਂ ਹਾਲਾਤ ਕਰ ਕੇ ਸਾਡੇ ਸਧਾਰਨ ਲੋਕਾਂ ਤੇ ਖ਼ਾਸ ਕਰ ਕੇ ਪੜ੍ਹੇ-ਲਿਖੇ ਤੇ ਉਹ ਵੀ ਕਿੱਤਾ-ਮੁਖੀ ਸਿੱਖਿਆ ਪ੍ਰਾਪਤ ਨੌਜਵਾਨ ਮੁੰਡੇ-ਕੁੜੀਆਂ ਦੀ ਬਦੇਸ਼ ਜਾਣ ਪ੍ਰਤੀ ਖਿੱਚ ਵਧ ਰਹੀ ਹੈ, ਉਸ ਨੂੰ ਚਿੰਤਾ ਜਨਕ ਵਰਤਾਰਾ ਹੀ ਕਿਹਾ ਜਾਵੇਗਾ। ਇਸ ਸੰਦਰਭ ਵਿੱਚ ਸੰਸਾਰ ਦੇ ਅਮੀਰ ਲੋਕਾਂ ਬਾਰੇ ਵੱਖ-ਵੱਖ ਪ੍ਰਕਾਰ ਦੀ ਜਾਣਕਾਰੀ ਇਕੱਤਰ ਕਰਨ ਵਾਲੀ ਸੰਸਥਾ ਨਿਊ ਵਰਲਡ ਵੈੱਲਥ ਨੇ ਜੋ ਰਿਪੋਰਟ ਸਾਹਮਣੇ ਲਿਆਂਦੀ ਹੈ, ਉਹ ਕੁਝ ਜ਼ਿਆਦਾ ਹੀ ਪ੍ਰੇਸ਼ਾਨ ਕਰਨ ਵਾਲੀ ਹੈ। ਇਸ ਸੰਸਥਾ ਦੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਸੰਨ 2017 ਵਿੱਚ ਭਾਰਤ ਦੇ ਸੱਤ ਹਜ਼ਾਰ ਕਰੋੜਪਤੀਆਂ ਨੇ ਅਮਰੀਕਾ, ਕਨੇਡਾ, ਆਸਟਰੇਲੀਆ, ਸੰਯੁਕਤ ਅਰਬ ਅਮੀਰਾਤ ਤੇ ਨਿਊ ਜ਼ੀਲੈਂਡ ਵਰਗੇ ਦੇਸਾਂ ਨੂੰ ਆਪਣਾ ਸਥਾਈ ਨਿਵਾਸ ਸਥਾਨ ਬਣਾ ਲਿਆ। ਸਾਲ 2016 ਵਿੱਚ ਇਹ ਗਿਣਤੀ ਛੇ ਹਜ਼ਾਰ ਅਤੇ 2015 ਵਿੱਚ ਚਾਰ ਹਜ਼ਾਰ ਸੀ। ਇਹਨਾਂ ਕਰੋੜਪਤੀਆਂ ਦੇ ਦੇਸ ਨੂੰ ਛੱਡ ਜਾਣ ਦੇ ਉਪਰੋਕਤ ਕਾਰਨ ਤਾਂ ਹਨ ਹੀ, ਇੱਕ ਹੋਰ ਵਜ੍ਹਾ ਹੈ ਦੇਸ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਪੱਸਰਿਆ ਭ੍ਰਿਸ਼ਟਾਚਾਰ ਤੇ ਕਨੂੰਨ ਦੇ ਰਾਜ ਦੀ ਅਣਹੋਂਦ। ਨਾਲੇ ਭਾਜਪਾ ਦੇ ਸ਼ਾਸਨ ਵਿੱਚ ਆਉਣ ਤੋਂ ਬਾਅਦ ਹਿੰਦੂ ਕੱਟੜਵਾਦੀ ਜਥੇਬੰਦੀਆਂ ਨੇ ਗਊ ਰੱਖਿਆ, ਲਵ ਜਹਾਦ, ਸਣੇ ਪਦਮਾਵਤ ਫ਼ਿਲਮ ਦੇ ਪ੍ਰਦਰਸ਼ਨ ਦੇ, ਨੂੰ ਲੈ ਕੇ ਦੇਸ ਵਿੱਚ ਜੋ ਅਸ਼ਾਂਤੀ ਤੇ ਭੀੜ ਤੰਤਰ ਵਾਲਾ ਮਾਹੌਲ ਬਣਾ ਰੱਖਿਆ ਹੈ, ਉਸ ਦੇ ਚੱਲਦਿਆਂ ਸਨਅਤਕਾਰ ਭਲਾ ਕਿਵੇਂ ਏਥੇ ਨਿਵੇਸ਼ ਕਰਨ 'ਚ ਰੁਚੀ ਦਿਖਾਉਣਗੇ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ?
ਇਸ ਤੋਂ ਪਹਿਲਾਂ ਕਿ 'ਸਭ ਕਾ ਸਾਥ, ਸਭ ਕਾ ਵਿਕਾਸ' ਅਤੇ 'ਅੱਛੇ ਦਿਨ ਆਨੇ ਵਾਲੇ ਹੈਂ' ਦਾ ਨਾਹਰਾ ਉੱਚੀ ਸੁਰ ਵਿੱਚ ਲਾਉਣ ਵਾਲੇ ਅਜੋਕੇ ਸ਼ਾਸਕਾਂ ਦਾ ਹਸ਼ਰ ਵੀ 'ਸ਼ਾਈਨਿੰਗ ਇੰਡੀਆ' ਦਾ ਨਾਹਰਾ ਦੇਣ ਵਾਲੇ ਹਾਕਮਾਂ ਵਾਲਾ ਹੋਵੇ, ਉਨ੍ਹਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਗਾਏ ਜਾਂਦੇ ਗੀਤ ਦੇ ਇਹਨਾਂ ਬੋਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ :
ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ ਸੇਵਾ ਵਿੱਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।