ਦੇਵਗੌੜਾ-ਮਾਇਆਵਤੀ ਨੇ ਮਿਲਾਇਆ ਹੱਥ, ਬੀ ਜੇ ਪੀ ਤੇ ਕਾਂਗਰਸ ਦੇ ਉੱਡੇ ਹੋਸ਼


ਕਰਨਾਟਕ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਾਤ ਦੇਣ ਲਈ ਜਨਤਾ ਦਲ (ਐੱਸ) ਅਤੇ ਬੀ ਐੱਸ ਪੀ ਨੇ ਇਕੱਠਿਆਂ ਚੋਣ ਮੈਦਾਨ 'ਚ ਉਤਰਣ ਦਾ ਫੈਸਲਾ ਕੀਤਾ ਹੈ। ਵੀਰਵਾਰ ਨੂੰ ਇਸ ਦੇ ਮੱਦੇਨਜ਼ਰ ਬੀ ਐੱਸ ਪੀ ਸੁਪਰੀਮੋ ਮਾਇਆਵਤੀ ਅਤੇ ਐੱਚ ਡੀ ਦੇਵਗੌੜਾ ਨੇ ਗੱਠਜੋੜ ਕੀਤਾ ਹੈ। ਇਸ ਲਈ ਬਕਾਇਦਾ ਦੋਵੇਂ ਨੇਤਾਵਾਂ ਨੇ ਐਗਰੀਮੈਂਟ ਪੇਪਰ 'ਤੇ ਦਸਤਖਤ ਕੀਤੇ। ਸਾਲ 2013 ਵਿੱਚ ਕਰਨਾਟਕ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜੇ ਡੀ ਐੱਸ ਨੂੰ 40 ਸੀਟਾਂ 'ਤੇ ਜਿੱਤ ਮਿਲੀ ਸੀ, ਜਦਕਿ ਬੀ ਐੱਸ ਪੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਪਾਈ ਸੀ।
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀ ਐੱਸ ਪੀ ਅਤੇ ਜੇ ਡੀ ਐੱਸ ਦੇ ਇਕੱਠੇ ਹੋਣ ਨਾਲ ਬੀ ਜੇ ਪੀ ਅਤੇ ਕਾਂਗਰਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਉਥੇ ਹੀ ਜੇ ਡੀ ਐੱਸ ਦੇ ਦਾਨਿਸ਼ ਅਲੀ ਨੇ ਕਿਹਾ ਕਿ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਬੀ ਐੱਸ ਪੀ ਨੇ ਪਹਿਲੀ ਵਾਰ ਰਾਜਨੀਤਕ ਗੱਠਜੋੜ ਜੇ ਡੀ ਐੱਸ ਨਾਲ ਕਰਨ ਦਾ ਫੈਸਲਾ ਕੀਤਾ ਹੈ। ਸਾਨੂੰ ਮਿਲ ਕੇ ਕਰਨਾਟਕ ਵਿਧਾਨ ਸਭਾ ਚੋਣਾਂ ਲੜਨੀਆਂ ਹੋਣਗੀਆਂ। 17 ਫਰਵਰੀ ਨੂੰ ਬੰਗਲੌਰ ਨਾਲ ਸਾਂਝੀ ਚੋਣ ਮੁਹਿੰਮ ਦੀ ਸ਼ੁਰੂਆਤ ਹੋਵੇਗੀ। ਮਾਇਆਵਤੀ ਅਤੇ ਦੇਵਗੌੜਾ ਇੱਕ ਪਲੇਟਫਾਰਮ 'ਤੇ ਹੋਣਗੇ। ਬੀ ਐੱਸ ਪੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਅਤੇ ਜੇ ਡੀ ਐੱਸ ਨੇਤਾ ਦਾਨਿਸ਼ ਨੇ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਇਹ ਵੀ ਕਿਹਾ ਕਿ ਦੋਨੋਂ ਪਾਰਟੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵੀ ਇਕੱਠਿਆਂ ਲੜਨਗੀਆਂ। ਉਨ੍ਹਾਂ ਕਿਹਾ ਕਿ ਅਪ੍ਰੈਲ ਵਿੱਚ ਕਰਨਾਟਕ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਵੇਂ ਪਾਰਟੀਆਂ ਇੱਕੋ ਵਾਰੀ ਮੈਦਾਨ ਵਿੱਚ ਉਤਰਨਗੀਆਂ। ਇਸ ਗੱਠਜੋੜ ਤਹਿਤ ਰਾਜ ਦੀਆਂ 224 ਸੀਟਾਂ ਵਿੱਚੋਂ ਮਾਇਆਵਤੀ ਬੀ ਐੱਸ ਪੀ 20 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇਗੀ, ਬਾਕੀ 204 ਸੀਟਾਂ 'ਤੇ ਜੇ ਡੀ ਐੱਸ ਆਪਣੇ ਉਮੀਦਵਾਰ ਉਤਾਰੇਗੀ।
ਕਰਨਾਟਕ ਵਿੱਚ ਗੱਠਜੋੜ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਜੇ ਡੀ ਐੱਸ ਦੇ ਕੇ ਐੱਚ ਡੀ ਕੁਮਾਰਸਵਾਮੀ ਹੋਣਗੇ। ਉਹ ਪਹਿਲਾਂ ਵੀ ਕਰਨਾਟਕ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਹਾਲਾਂਕਿ ਹੁਣ ਕਰਨਾਟਕ ਚੋਣਾਂ ਵਿੱਚ ਬੀ ਜੇ ਪੀ ਅਤੇ ਕਾਂਗਰਸ ਵਿਚਕਾਰ ਟੱਕਰ ਦਿਖਾਈ ਦੇ ਰਹੀ ਹੈ। ਦੋਨੋਂ ਇੱਕ-ਦੂਸਰੇ 'ਤੇ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਦੋਸ਼ ਲਗਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸਿੱਧਾਰਮੱਈਆ ਵਿਚਕਾਰ ਕੌੜੇ ਬੋਲ ਪਹਿਲਾਂ ਹੀ ਸ਼ੁਰੂ ਹੋ ਗਏ ਹਨ। ਚੋਣ ਪ੍ਰਚਾਰ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤਿੰਨ ਦਿਨਾ ਦੌਰੇ 'ਤੇ ਕਰਨਾਟਕ ਜਾਣਗੇ। 10 ਤੋਂ 13 ਜਨਵਰੀ ਦੌਰਾਨ ਆਪਣੇ ਦੌਰੇ ਵਿੱਚ ਰਾਹੁਲ ਗਾਂਧੀ, ਕੋਪੱਲ, ਰਾਇਚੂਰ, ਯਾਦਗੀਰ, ਗੁਲਬਰਗਾ ਅਤੇ ਬਿਦਰ ਜਾਣਗੇ। ਗੱਠਜੋੜ ਨੂੰ ਲੈ ਕੇ ਬੀ ਐੱਸ ਪੀ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦਾ ਕਹਿਣਾ ਹੈ ਕਿ ਬੀ ਐੱਸ ਪੀ ਜੇ ਡੀ ਐੱਸ ਨਾਲ ਮਿਲ ਕੇ ਚੋਣ ਲੜੇਗੀ, ਅਸੀਂ 17 ਫਰਵਰੀ ਨੂੰ ਬੈਂਗਲੂਰ ਤੋਂ ਆਪਣੀ ਮੁਹਿੰਮ ਸ਼ੁਰੂ ਕਰਾਂਗੇ।
ਇਸ ਤੋਂ ਪਹਿਲਾਂ ਸਾਲ 2013 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ 224 ਸੀਟਾਂ ਵਿੱਚੋਂ 122 ਸੀਟਾਂ 'ਤੇ ਜਿੱਤ ਮਿਲੀ ਸੀ। ਉੱਥੇ ਹੀ ਬੀ ਜੇ ਪੀ ਅਤੇ ਜੇ ਡੀ ਐੱਸ ਨੂੰ 40-40 ਸੀਟਾਂ ਮਿਲੀਆਂ ਸਨ। ਬੀ ਐੱਸ ਪੀ ਨੇ ਵੀ ਚੋਣਾਂ ਲੜੀਆਂ ਸਨ, ਲੇਕਿਨ ਉਹ ਰਾਜ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਨਾਕਾਮ ਰਹੀ ਸੀ।