ਅਮਰੀਕਾ 'ਚ ਕਾਰੋਬਾਰ ਫਿਰ ਬੰਦ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਕਾਂਗਰਸ ਵੱਲੋਂ ਸਰਕਾਰ ਚਲਾਉਣ ਲਈ ਜ਼ਰੂਰੀ ਬੱਜਟ ਪਾਸ ਨਾ ਕੀਤੇ ਜਾਣ ਕਾਰਨ ਅਮਰੀਕਾ 'ਚ ਫਿਰ ਸਰਕਾਰੀ ਕੰਮਕਾਜ ਠੱਪ ਹੋ ਗਿਆ ਹੈ। ਕਾਨੂੰਨ ਘਾੜਿਆ ਨੂੰ ਆਸ ਸੀ ਕਿ ਸੰਘੀ ਬੱਜਟ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਨਵੇਂ ਖਰਚਾ ਬਿੱਲ ਨੂੰ ਮਨਜ਼ੂਰੀ ਮਿਲ ਜਾਵੇਗੀ, ਲੇਕਿਨ ਅਜਿਹਾ ਨਹੀਂ ਹੋ ਸਕਿਆ। ਇਸ ਸਾਲ ਜਨਵਰੀ ਦੇ ਸ਼ੁਰੂ ਵਿੱਚ 3 ਮਹੀਨਿਆਂ ਤੱਕ ਅਮਰੀਕਾ ਵਿੱਚ ਬੰਦੀ ਰਹੀ ਸੀ। ਸਰਕਾਰੀ ਕੰਮਕਾਜ ਮੁੜ ਚੱਲ ਸਕੇ, ਇਸ ਲਈ ਉਦੋਂ ਇੱਕ ਅਸਥਾਈ ਬੱਜਟ ਨੂੰ ਅਮਰੀਕਾ ਦੇ ਦੋਵਾਂ ਸਦਨਾਂ ਨੇ ਪਾਸ ਕਰ ਦਿੱਤਾ ਸੀ।
ਫੈਡਰਲ ਆਫਿਸ ਆਫ਼ ਪਰਸਨਲ ਮੈਨੇਜਮੈਂਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਆਪਣੀ ਡਿਊਟੀ ਦੇ ਸੰਦਰਭ ਵਿੱਚ ਆਪਣੇ ਦਫ਼ਤਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਰਕਾਰੀ ਕੰਮਕਾਜ ਨੂੰ ਮੁੜ ਚਲਾਉਣ ਲਈ ਜ਼ਰੂਰੀ ਹੈ ਕਿ ਅਮਰੀਕੀ ਸੰਸਦ ਦੇ ਦੋਵੇਂ ਸਦਨ ਸੈਨੇਟ ਅਤੇ ਪ੍ਰਤੀਨਿਧ ਸਦਨ ਦੋ ਸਾਲ ਲਈ ਨਵਾਂ ਬੱਜਟ ਪਾਸ ਕਰਨ। ਅਮਰੀਕਾ ਦਾ ਬੱਜਟ ਇੱਕ ਅਕਤੂਬਰ ਤੋਂ ਪਹਿਲਾਂ ਪਾਸ ਹੋਣਾ ਚਾਹੀਦਾ ਹੈ। ਇਸੇ ਦਿਨ ਤੋਂ ਸੰਘੀ ਸਰਕਾਰ ਦੇ ਵਿੱਤੀ ਸਾਲ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰੀ ਹੋ ਚੁੱਕਿਆ ਹੈ ਕਿ ਕਾਂਗਰਸ ਸਮਾਂ-ਸੀਮਾ ਅੰਦਰ ਬੱਜਟ ਪਾਸ ਨਹੀਂ ਕਰਵਾ ਸਕੀ ਅਤੇ ਇਸ 'ਤੇ ਸੌਦੇਬਾਜ਼ੀ ਨਾਲ ਹੀ ਸਰਕਾਰ ਚਲਦੀ ਰਹੀ ਹੈ। ਵਾਤਾਵਰਣ, ਸਿੱਖਿਆ ਅਤੇ ਕਾਮਰਸ ਵਰਗੇ ਵਿਭਾਗਾਂ 'ਚ ਕੰਮ ਕਰਨ ਵਾਲੇ ਜ਼ਿਅਦਾਤਰ ਕਰਮਚਾਰੀ ਸੋਮਵਾਰ ਨੂੰ ਘਰਾਂ 'ਚ ਹੀ ਰਹਿਣਗੇ। ਖਜ਼ਾਨਾ, ਸਿਹਤ, ਰੱਖਿਆ ਅਤੇ ਟਰਾਂਸਪੋਰਟ ਵਰਗੇ ਵਿਭਾਗਾਂ ਦਾ ਅੱਧੇ ਤੋਂ ਵੱਧ ਸਟਾਫ਼ ਕੰਮ 'ਤੇ ਨਹੀਂ ਜਾ ਸਕੇਗਾ। ਇਸ ਦੇ ਬਾਵਜੂਦ ਕੌਮੀ ਸੁਰੱਖਿਆ, ਡਾਕ ਸੇਵਾਵਾਂ, ਕੌਮੀ ਹਵਾਈ ਸੇਵਾ ਅਤੇ ਜੀਵਨ ਲਈ ਜ਼ਰੂਰੀ ਸੇਵਾਵਾਂ ਸਿਹਤ, ਬਿਜਲੀ, ਕੁਦਰਤੀ ਆਫ਼ਤ ਟੈਕਸ ਵਰਗੀਆਂ ਸੇਵਾਵਾਂ ਦਾ ਕੰਮ ਜਾਰੀ ਰਹੇਗਾ।