ਸਾਰੀਆਂ ਸਮੱਸਿਆਵਾਂ ਦੀ ਜੜ੍ਹ ਸਰਮਾਏਦਾਰੀ ਸਿਸਟਮ : ਜਗਰੂਪ

ਮੋਗਾ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਜ਼ਿਲ੍ਹਾ ਮੋਗਾ ਵੱਲੋਂ ਚੱਲ ਰਹੀਆਂ ਬਲਾਕ ਚੋਣਾਂ ਦੇ ਸਿਲਸਿਲੇ ਵਜੋਂ ਬਲਾਕ ਮੋਗਾ ਦੋ ਦੀ ਚੋਣ ਕਾਨਫਰੰਸ ਕਰਨ ਤੋਂ ਪਹਿਲਾਂ ਪਿੰਡ ਦੌਲਤਪੁਰਾ ਉੱਚਾ ਵਿਖੇ ਇੱਕ ਭਰਵੀਂ ਰੈਲੀ ਕੀਤੀ ਗਈ। ਰੈਲੀ ਨੂੰ ਵਿਸ਼ੇਸ਼ ਤੌਰ 'ਤੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਸੰਬੋਧਨ ਕੀਤਾ। ਉਨ੍ਹਾ ਬੋਲਦਿਆਂ ਕਿਹਾ ਕਿ ਕਿਰਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਸਰਮਾਏਦਾਰੀ ਸਿਸਟਮ ਵਿੱਚ ਹੈ, ਜਿਸ ਦੇ ਖਾਤਮੇ ਤੋਂ ਬਿਨਾਂ ਕਿਰਤੀ ਲੋਕਾਂ ਦੀ ਬੰਦ ਖ਼ਲਾਸੀ ਸੰਭਵ ਨਹੀਂ ।ਇਸ ਸਿਸਟਮ ਦੀ ਥਾਂ 'ਤੇ ਸਮਾਜਵਾਦੀ ਸਿਸਟਮ ਦੀ ਸਥਾਪਨਾ ਹੀ ਕਿਰਤੀਆਂ ਦੇ ਸੁਨਹਿਰੇ ਭਵਿੱਖ ਦੀ ਗਾਰੰਟੀ ਬਣੇਗੀ । ਉਨ੍ਹਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਰੂਪ ਵਿੱਚ ਵਿਆਜੂ ਸਰਮਾਇਆ ਰਾਜ ਕਰ ਰਿਹਾ ਹੈ ।
ਸਰਕਾਰਾਂ ਤਾਂ ਸਿਰਫ ਉਸ ਦੀ ਚਾਕਰੀ ਕਰਦਿਆਂ ਉਸ ਦੀ ਸੇਵਾ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾ ਕਿਹਾ ਕਿ ਕਿਰਤੀ ਲੋਕਾਂ ਦੀ ਭਲਾਈ ਕਮਿਊਨਿਸਟ ਧਿਰਾਂ ਦੀ ਮਜ਼ਬੂਤੀ ਵਿੱਚ ਹੈ। ਕਾਨਫਰੰਸ ਦੀ ਪ੍ਰਧਾਨਗੀ ਨਰਿੰਦਰ ਕੌਰ ਸੋਹਲ, ਪਰਮਜੀਤ ਵਿੱਕੀ ਅਤੇ ਕਾਮਰੇਡ ਮੁਕੰਦ ਨੇ ਕੀਤੀ।ਡੈਲੀਗੇਟ ਸੈਸ਼ਨ ਦਾ ਉਦਘਾਟਨ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਕੀਤਾ, ਜੋ ਅਬਜ਼ਰਵਰ ਦੇ ਤੌਰ 'ਤੇ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਰਤੀ ਵਰਗ ਦੁਖੀ ਹੈ।ਖਾਲੀ ਖਜ਼ਾਨੇ ਦਾ ਬਹਾਨਾ ਬਣਾ ਕੇ ਕੈਪਟਨ ਸਰਕਾਰ ਸਾਰੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਬਲਾਕ ਸਕੱਤਰ ਸ਼ੇਰ ਸਿੰਘ ਨੇ ਪਿਛਲੇ ਤਿੰਨਾਂ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਰਿਪੋਰਟ 'ਤੇ ਬਹਿਸ ਵਿੱਚ ਜਗਸੀਰ ਖੋਸਾ, ਸੁਖਜਿੰਦਰ ਮਹੇਸ਼ਰੀ, ਨਵਜੋਤ ਜੋਗੇਵਾਲਾ, ਨਰਿੰਦਰ ਸੋਹਲ, ਜਗਵਿੰਦਰ ਕਾਕਾ, ਅਮਰੀਕ ਖੁਖਰਾਣਾ, ਜਸਪਾਲ ਘਾਰੂ, ਸਰਬਜੀਤ ਕੌਰ ਖੋਸਾ, ਜਬਰਜੰਗ ਆਦਿ ਨੇ ਹਿੱਸਾ ਲਿਆ । ਵਾਧਿਆਂ ਸਮੇਤ ਸਰਬਸੰਮਤੀ ਨਾਲ ਰਿਪੋਰਟ ਪਾਸ ਕੀਤੀ ਗਈ । 21 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਕਾਮਰੇਡ ਸ਼ੇਰ ਸਿੰਘ ਦੌਲਤਪੁਰਾ ਨੂੰ ਅਗਲੇ ਤਿੰਨ ਸਾਲਾਂ ਲਈ ਬਲਾਕ ਸਕੱਤਰ, ਪਰਮਜੀਤ ਵਿੱਕੀ ਅਤੇ ਸੰਤੋਖ ਸਿੰਘ ਨੂੰ ਮੀਤ ਸਕੱਤਰ ਚੁਣਿਆ ਗਿਆ ।15 ਫਰਵਰੀ ਨੂੰ ਚੂਹੜਚੱਕ ਕੀਤੀ ਜਾ ਰਹੀ ਜ਼ਿਲ੍ਹਾ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ।