ਨਹੀਂ ਰਹੀ ਅਸਮਾ ਜਹਾਂਗੀਰ

ਲਾਹੌਰ (ਨਵਾਂ ਜ਼ਮਾਨਾ ਸਰਵਿਸ)
ਉੱਘੀ ਮਨੁੱਖ ਅਧਿਕਾਰ ਕਾਰਕੁਨ ਅਤੇ ਜਾਣੀ-ਪਛਾਣੀ ਸੀਨੀਅਰ ਵਕੀਲ ਅਸਮਾ ਜਹਾਂਗੀਰ ਦਾ ਐਤਵਾਰ ਨੂੰ ਲਾਹੌਰ 'ਚ ਦੇਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਉਨ੍ਹਾ ਨੂੰ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾ ਦਾ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਕਲਭੂਸ਼ਨ ਜਾਧਵ ਮਾਮਲੇ 'ਚ ਅਸਮਾ ਜਹਾਂਗੀਰ ਨੇ ਪਾਕਿਸਤਾਨ ਸਰਕਾਰ ਖਿਲਾਫ਼ ਆਵਾਜ਼ ਉਠਾਈ ਸੀ।
ਜਦ ਪਾਕਿਸਤਾਨ ਭਾਰਤੀ ਨਾਗਰਿਕ ਕਲਭੂਸ਼ਣ ਜਾਧਵ ਨੂੰ ਕੌਂਸਲਰ-ਪਹੁੰਚ ਨਹੀਂ ਦੇ ਰਿਹਾ ਸੀ ਤਾਂ ਜਹਾਂਗੀਰ ਨੇ ਪੁੱਛਿਆ ਸੀ, 'ਸਰਕਾਰ ਨੂੰ ਕੌਂਸਲਰ ਐਕਸਿਸ ਨਾ ਦੇਣ ਦੀ ਸਲਾਹ ਕਿਸ ਨੇ ਦਿੱਤੀ? ਕੀ ਇਸ ਨਾਲ ਭਾਰਤ 'ਚ ਬੰਦ ਪਾਕਿਸਤਾਨ ਦੇ ਨਾਗਰਿਕਾਂ ਦੇ ਅਧਿਕਾਰ ਖ਼ਤਰੇ 'ਚ ਨਹੀਂ ਪੈਣ ਜਾਣਗੇ? ਕੀ ਅਸੀਂ ਇੰਟਰਨੈਸ਼ਨਲ ਲਾਅ ਨੂੰ ਵੀ ਬਦਲ ਸਕਦੇ ਹਾਂ? '
ਜਹਾਂਗੀਰ ਦਾ ਜਨਮ 1952 'ਚ ਲਾਹੌਰ 'ਚ ਹੋਇਆ ਸੀ। ਉਨ੍ਹਾ ਪੰਜਾਬ ਯੂਨੀਵਰਸਿਟੀ ਤੋਂ ਐੱਲ ਐੱਲ ਬੀ ਕੀਤੀ ਸੀ। ਅਸਮਾ ਨੇ ਲਾਹੌਰ ਹਾਈ ਕੋਰਟ ਅਤੇ ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਵੀ ਕੰਮ ਕੀਤਾ। ਉਹ ਪਾਕਿਸਤਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ ਸਨ।
ਪਾਕਿਸਤਾਨ 'ਚ ਜਦ-ਜਦ ਜਮਹੂਰੀਅਤ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੋਈ ਤਾਂ ਜਹਾਂਗੀਰ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ। 1983 'ਚ ਉਨ੍ਹਾ ਨੂੰ ਜੇਲ੍ਹ ਵੀ ਜਾਣਾ ਪਿਆ। 2007 'ਚ ਹੋਏ ਵਕੀਲਾਂ ਦੇ ਅੰਦੋਲਨ 'ਚ ਵੀ ਉਨ੍ਹਾ ਹਿੱਸਾ ਲਿਆ। ਉਸ ਵੇਲੇ ਉਨ੍ਹਾ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਨ੍ਹਾ ਨੂੰ ਕਈ ਸਨਮਾਨਾਂ ਨਾਲ ਵੀ ਨਿਵਾਜਿਆ ਗਿਆ। ਇਨ੍ਹਾਂ ਸਨਮਾਨਾਂ 'ਚ ਹਿਲਾਲ-ਇ-ਇਮਤਿਆਜ, ਸਿਤਾਰਾ-ਇ-ਇਮਤਿਆਜ ਸ਼ਾਮਲ ਹਨ। ਮਨੁੱਖੀ ਅਧਿਕਾਰਾਂ 'ਤੇ ਕੰਮ ਕਰਨ ਲਈ ਯੂਨੈਸਕੋ ਨੇ ਵੀ ਉਨ੍ਹਾ ਨੂੰ ਸਨਮਾਨਤ ਕੀਤਾ ਸੀ।