ਸੁੰਜਵਾਂ ਕੈਂਪ ਹਮਲਾ; 4 ਅੱਤਵਾਦੀ ਮਾਰ ਮੁਕਾਏ

ਜੰਮੂ (ਨਵਾਂ ਜ਼ਮਾਨਾ ਸਰਵਿਸ)
ਜੰਮੂ ਦੇ ਸੁੰਜਵਾਂ ਆਰਮੀ ਕੈਂਪ 'ਚ ਘੁਸੇ ਅੱਤਵਾਦੀਆਂ ਖਿਲਾਫ਼ ਚੱਲ ਰਹੀ ਕਾਰਵਾਈ ਨੂੰ 36 ਘੰਟੇ ਤੋਂ ਵੀ ਜ਼ਿਅਦਾ ਸਮਾਂ ਬੀਤ ਚੁੱਕਾ ਹੈ। ਦੱਸਿਆ ਗਿਆ ਹੈ ਕਿ ਫੌਜ ਦੇ ਰਿਹਾਇਸ਼ੀ ਕੈਂਪ 'ਚ ਅੱਤਵਾਦੀ ਛਿਪੇ ਹੋਏ ਹਨ, ਅਜਿਹੇ ਹਾਲਾਤ ਵਿੱਚ ਕਾਰਵਾਈ ਅਜੇ ਵੀ ਜਾਰੀ ਹੈ। ਫੌਜ ਨੇ ਕੁੱਲ ਚਾਰ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ, ਜਦਕਿ ਇੱਕ ਜਾਂ 2 ਅੱਤਵਾਦੀਆਂ ਦੇ ਹੁਣ ਵੀ ਛਿਪੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਇਸ ਕਾਰਵਾਈ 'ਚ 5 ਜਵਾਨ ਸ਼ਹੀਦ ਹੋ ਗਏ ਹਨ, ਜਿਨ੍ਹਾਂ 'ਚ 2 ਜੇ ਸੀ ਓ ਸ਼ਾਮਲ ਹਨ। ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ ਅਤੇ 9 ਜ਼ਖਮੀ ਹੋਏ ਹਨ। ਇਸ ਕਾਰਵਾਈ ਦੀ ਨਿਗਰਾਈ ਫੌਜ ਦੇ ਮੁਖੀ ਵਿਪਨ ਰਾਵਤ ਖੁਦ ਕਰ ਰਹੇ ਹਨ। ਸ਼ਨੀਵਾਰ ਦੇਰ ਰਾਤ ਉਹ ਜੰਮੂ ਪਹੁੰਚ ਗਏ ਸਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਪਰੇਸ਼ਨ ਅਜੇ ਵੀ ਜਾਰੀ ਹੈ। ਮੈਨੂੰ ਲੱਗਦਾ ਹੈ ਕਿ ਅਪਰੇਸ਼ਨ ਜਾਰੀ ਰਹਿੰਦਿਆਂ ਟਿੱਪਣੀ ਕਰਨਾ ਠੀਕ ਨਹੀਂ ਹੈ। ਮੈਨੂੰ ਪੂਰਾ ਭਰੋਸਾ ਹੈ ਸਾਡੇ ਜਵਾਨ ਇਸ ਅਪਰੇਸ਼ਨ ਨੂੰ ਸਫ਼ਲਤਾਪੂਰਵਕ ਅੰਜਾਮ ਤੱਕ ਪਹੁੰਚਾਉਣਗੇ।
ਇਸ ਤੋਂ ਪਹਿਲਾਂ ਸਵੇਰੇ ਜੰਮੂ ਦੇ ਆਈ ਜੀ ਪੀ ਸ੍ਰੀ ਐੱਸ ਡੀ ਸਿੰਘ ਜਾਮਵਾਲ ਨੇ ਦੱਸਿਆ ਸੀ ਕਿ ਫੌਜ ਪੂਰੀ ਸਾਵਧਾਨੀ ਵਰਤ ਰਹੀ ਹੈ, ਕਿਉਂਕਿ ਹਰ ਇੱਕ ਜਾਨ ਕੀਮਤੀ ਹੈ। ਫੌਜ ਜ਼ਿਆਦਾ ਨੁਕਸਾਨ ਨਹੀਂ ਚਾਹੁੰਦੀ। ਉਨ੍ਹਾ ਕਿਹਾ ਕਿ ਅਸੀਂ ਜਲਦ ਹੀ ਅਪਰੇਸ਼ਨ ਖ਼ਤਮ ਕਰਨ ਦੀ ਸਥਿਤੀ 'ਚ ਪਹੁੰਚ ਜਾਵਾਂਗੇ।
ਫੌਜ ਨੂੰ ਮ੍ਰਿਤਕ ਅੱਤਵਾਦੀਆਂ ਕੋਲੋਂ ਏ ਕੇ ਸੰਤਾਲੀ ਅਤੇ ਭਾਰੀ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਫੌਜ ਨੇ ਕਿਹਾ ਜਦ ਤੱਕ ਸਾਰੇ ਅੱਤਵਾਦੀ ਫੜੇ ਜਾਂ ਮਾਰੇ ਨਹੀਂ ਜਾਂਦੇ, ਕਾਰਵਾਈ ਚਲਦੀ ਰਹੇਗੀ। ਇਸ ਹਮਲੇ ਦੇ ਮੱਦੇਨਜ਼ਰ ਸਮੁੱਚੇ ਜੰਮੂ ਸ਼ਹਿਰ 'ਚ ਰੈੱਡ ਅਲਰਟ ਹੈ। ਫੌਜੀ ਕੈਂਪ ਦੇ ਅੱਧੇ ਕਿਲੋਮੀਟਰ ਦੇ ਦਾਇਰੇ 'ਚ ਆਉਣ ਵਾਲੀਆਂ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।