ਨੋਟਬੰਦੀ ਦੇ 15 ਮਹੀਨੇ ਬਾਅਦ ਵੀ ਨੋਟਾਂ ਦੀ ਗਿਣਤੀ ਜਾਰੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਦੇ ਬਾਅਦ ਵਾਪਸ ਆਏ 500 ਅਤੇ 1000 ਦੇ ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਰਿਜ਼ਰਵ ਬੈਂਕ 15 ਮਹੀਨੇ ਪਹਿਲਾਂ ਬੰਦ ਹੋਏ ਨੋਟਾਂ ਦੀ ਗਿਣਤੀ ਦੇ ਸਹੀ ਜਾਇਜ਼ੇ ਅਤੇ ਪ੍ਰਮਾਣਕਿਤਾ 'ਤੇ ਅਜੇ ਵੀ ਕੰਮ ਰਹੀ ਹੈ। ਰਿਜ਼ਰਵ ਬੈਂਕ ਨੇ ਦੱਸਿਆ ਕਿ ਇਹ ਕੰਮ ਕਾਫ਼ੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਇੱਕ ਆਰ ਟੀ ਆਈ ਅਰਜ਼ੀ ਦਾ ਜਵਾਬ ਦਿੰਦਿਆ ਕੇਂਦਰੀ ਬੈਂਕ ਨੇ ਦੱਸਿਆ ਕਿ 500 ਅਤੇ 1000 ਦੇ ਨੋਟਾਂ ਦੀ ਸਹੀ ਗਿਣਤੀ ਅਤੇ ਪ੍ਰਮਾਣਿਕਤਾ ਜਾਂਚਣ ਦੀ ਪ੍ਰਕਿਰਿਆ ਜਾਰੀ ਹੈ ਤੇ ਇਸ ਨੂੰ ਛੇਤੀ ਪੂਰਾ ਕਰ ਲਿਆ ਜਾਵੇਗਾ। ਇਸ ਪ੍ਰਕਿਰਿਆ ਦੇ ਪੂਰੇ ਹੋਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਬੰਦ ਹੋਏ ਨੋਟਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਆਰ ਬੀ ਆਈ ਨੇ ਕਿਹਾ, 'ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਅੰਦਾਜ਼ਨ ਵੈਲਿਊ 'ਚ ਫਰਕ ਹੋ ਸਕਦਾ ਹੈ।
30 ਜੂਨ 2017 ਤੱਕ ਜਮ੍ਹਾਂ ਕੀਤੇ ਗਏ ਨੋਟਾਂ ਦੀ ਗਿਣਤੀ 15.28 ਲੱਖ ਕਰੋੜ ਰੁਪਏ ਸੀ।' ਬੰਦ ਹੋਏ ਨੋਟਾਂ ਦੀ ਗਿਣਤੀ ਖ਼ਤਮ ਕਰਨ ਦੀ ਡੈਡਲਾਈਨ ਬਾਰੇ ਜਦੋਂ ਪੁੱਛਿਆ ਤਾਂ ਆਰ ਬੀ ਆਈ ਨੇ ਕਿਹਾ ਕਿ ਗਿਣਤੀ ਦੀ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ।
ਇਸ ਸਮੇਂ ਆਰ ਬੀ ਆਈ ਨੇ ਨੋਟਾਂ ਦੀ ਗਿਣਤੀ ਲਈ 59 ਕਰੰਸੀ ਵੈਰੀਫਿਕੇਸ਼ਨ ਐਂਡ ਪ੍ਰੋਸੈਸਿੰਗ ਮਸ਼ੀਨਾਂ (ਸੀ ਵੀ ਪੀ ਐੱਸ) ਲਾਈਆਂ ਹੋਈਆਂ ਹਨ। ਜਵਾਬ 'ਚ ਇਨ੍ਹਾਂ ਮਸ਼ੀਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਗਈ। ਜਵਾਬ 'ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਕਮਰਸ਼ੀਅਲ ਬੈਂਕ ਦੀਆਂ 8 ਸੀ ਵੀ ਪੀ ਐੱਸ ਮਸ਼ੀਨਾਂ ਨੂੰ ਵੀ ਗਿਣਤੀ ਦੇ ਕੰਮ 'ਚ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 7 ਸੀ ਵੀ ਪੀ ਐੱਸ ਮਸ਼ੀਨਾਂ ਲੀਜ਼ 'ਤੇ ਲੈ ਕੇ ਕੰਮ 'ਤੇ ਲਗਾਈਆਂ ਗਈਆਂ ਹਨ।
ਪਿਛਲੇ ਸਾਲ 30 ਅਗਸਤ ਨੂੰ ਆਪਣੀ ਸਾਲਾਨਾ ਰਿਪੋਰਟ ਜਾਰੀ ਕਰਦਿਆਂ ਆਰ ਬੀ ਆਈ ਨੇ ਦੱਸਿਆ ਸੀ ਕਿ 15.28 ਲੱਖ ਕਰੋੜ ਰੁਪਏ ਬੈਂਕਿੰਗ ਸਿਸਟਮ 'ਚ ਵਾਪਸ ਪਰਤੇ ਹਨ।
ਰਿਪੋਰਟ 'ਚ ਦੱਸਿਆ ਗਿਆ ਸੀ ਕਿ ਉਹ ਡੀ-ਮੈਨੇਟਾਈਜ਼ ਹੋਈ ਕੁੱਲ ਕਰੰਸੀ ਦਾ 99 ਫੀਸਦੀ ਸੀ। ਮਤਲਬ ਕਿ 16 ਹਜ਼ਾਰ ਕਰੋੜ ਰੁਪਏ ਵਾਪਸ ਨਹੀਂ ਆਏ।