ਕਸ਼ਮੀਰ ਭਾਰਤ ਦਾ ਹਿੱਸਾ, ਪਾਕਿਸਤਾਨ ਇਸ ਨੂੰ ਭੁੱਲ ਜਾਵੇ : ਫਾਰੂਕ ਅਬਦੁੱਲਾ

ਮੁੱਲਾਂਪੁਰ ਦਾਖਾ
(ਗੁਰਮੇਲ ਮੈਲਡੇ)
ਨੈਸ਼ਨਲ ਕਾਨਫਰੰਸ ਦੇ ਮੁਖੀ ਡਾ. ਫਾਰੂਕ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਤੁੱਟ ਹਿੱਸਾ ਹੈ ਅਤੇ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਇਸਨੂੰ ਭੁੱਲ ਜਾਏ ਅਤੇ ਸੁਪਨੇ ਦੇਖਣਾ ਬੰਦ ਕਰੇ। ਡਾਕਟਰ ਅਬਦੁੱਲਾ ਇਥੋਂ ਕੁਝ ਦੂਰੀ 'ਤੇ ਸਥਿਤ ਗੌਲਫ ਇੰਪੀਰੀਅਲ ਵਿਖੇ ਹੋਏ ਦੋ ਦਿਨਾ ਗੌਲਫ ਦੇ ਖੇਡ ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣ ਆਏ ਸਨ, ਕਿÀੁਂਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਜ਼ਿਆਦਾਤਰ ਸ੍ਰੀਨਗਰ ਅਤੇ ਦਿੱਲੀ ਦੇ ਗੌਲਫਰ ਹੀ ਸਨ। ਇਸ ਮੌਕੇ ਪੱਤਰਕਾਰਾਂ ਨਾਲ ਉਕਤ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਆਵਾਮ ਨੂੰ ਬਿਨਾਂ ਰੋਕ-ਟੋਕ ਮਿਲਣ ਲਈ ਅੜਿੱਕਾ ਬਣੀਆਂ ਸਰਹੱਦਾਂ ਖਤਮ ਹੋਣੀਆਂ ਚਾਹੀਦੀਆਂ ਹਨ। ਇਤਿਹਾਸਕ ਧਾਰਮਿਕ ਅਸਥਾਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਕਿਰਤ ਕਰਨ ਦੇ ਸੰਦੇਸ਼ ਅਤੇ ਖੇਤੀ ਨਾਲ ਸੰਬੰਧਤ ਕਰਤਾਰਪੁਰ ਦਾ ਲਾਂਘਾ ਬੇਝਿਜਕ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਆਪਣੇ ਇਸ ਅਸਥਾਨ ਦੇ ਦਰਸ਼ਨ ਕਰ ਸਕਣ। ਕਸ਼ਮੀਰੀ ਨੌਜਵਾਨਾਂ ਵੱਲੋਂ ਸੁਰੱਖਿਆ ਬਲਾਂ 'ਤੇ ਕੀਤੀ ਜਾ ਰਹੀ ਪੱਥਰਬਾਜ਼ੀ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸਨੂੰ ਰੋਕਣ ਲਈ ਗੋਲੀ ਨਹੀਂ, ਸਗੋਂ ਮੁਹੱਬਤ ਦੀ ਲੋੜ ਹੈ। ਅੱਤਵਾਦ ਦੇ ਮੁੱਦੇ 'ਤੇ ਖੁੱਲ੍ਹ ਕੇ ਬੋਲਦਿਆਂ ਅਤੇ ਪਾਕਸਿਤਾਨ ਨੂੰ ਦੋ ਟੁੱਕ ਜਵਾਬ ਦਿੰਦਿਆਂ ਡਾ. ਅਬਦੁੱਲਾ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਅੰਦਰ ਅੱਤਵਾਦ ਫੈਲਾਉਣਾ ਬੰਦ ਕਰੇ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਅਤੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਜੁਝਾਰੂ ਅਤੇ ਮਿਹਨਤੀ ਹਨ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਗੌਲਫ ਖੇਡ ਨੂੰ ਬੜ੍ਹਾਵਾ ਦੇਣ ਲਈ ਗੌਲਫ ਇੰਪੀਰੀਅਲ ਦੀ ਮੱਦਦ ਕੀਤੀ ਜਾਵੇ, ਕਿਉਂਕਿ ਗੌਲਫਰਾਂ ਲਈ ਪੰਜਾਬ ਅੰਦਰ ਹੀ ਨਹੀਂ, ਸਗੋਂ ਇਹ ਪੂਰੇ ਦੇਸ਼ ਦੇ ਨੌਜਵਾਂ ਲਈ ਕੌਮੀ ਪੱਧਰ ਦਾ ਖੇਡ ਮੈਦਾਨ ਹੈ। ਇਸ ਮੌਕੇ ਉਹਨਾਂ ਨਾਲ ਚੇਅਰਮੈਨ ਪ੍ਰਦੀਪ ਜੈਨ ਅਤੇ ਕਰਨਲ ਸੀ.ਜੇ ਪਾਲ ਤੋਂ ਇਲਾਵਾ ਗੌਲਫ ਇੰਪੀਰੀਅਲ ਦਾ ਸਮੁੱਚਾ ਸਟਾਫ ਹਾਜ਼ਰ ਸੀ।