ਤਿਆਰ ਤਾਂ ਅਸੀਂ ਵੀ ਹਾਂ; ਕਿਹਾ ਜੇਤਲੀ ਨੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੀ ਰਾਜਨੀਤੀ 'ਚ ਇਸ ਸਮੇਂ ਇੱਕ ਨਵੀਂ ਬਹਿਸ ਚੱਲ ਰਹੀ ਹੈ। ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇੱਕੋ ਵੇਲੇ ਕਰਵਾਉਣ ਦੀ ਪੈਰੋਕਾਰੀ ਕਰਦੀ ਇਸ ਬਹਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇ ਕੀਤੀ, ਪਰ ਇਸ ਵਿੱਚ ਦੂਸਰੀਆਂ ਪਾਰਟੀਆਂ ਅਤੇ ਮਾਹਰਾਂ ਨੂੰ ਸਮੇਂ ਤੋਂ ਪਹਿਲਾਂ ਚੋਣਾਂ ਦੀ ਵੀ ਆਹਟ ਕੰਨੀ ਪੈਣ ਲੱਗੀ। ਕਾਂਗਰਸ ਅਤੇ ਦੂਸਰੀਆਂ ਵਿਰੋਧੀ ਪਾਰਟੀਆਂ ਇਸ ਗੱਲ ਦੀ ਸੰਭਾਵਨਾ ਜ਼ਾਹਰ ਕਰ ਰਹੀਆਂ ਹਨ ਕਿ ਭਾਜਪਾ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਲੋਕ ਸਭਾ ਚੋਣਾਂ ਕਰਵਾ ਸਕਦੀ ਹੈ। ਹਾਲਾਂਕਿ ਵਿੱਤ ਮੰਤਰੀ ਅਰੁਣ ਜੇਤਲੀ ਇਸ ਨਾਲ ਇਤਫ਼ਾਕ ਰੱਖਦੇ ਨਜ਼ਰ ਨਹੀਂ ਆ ਰਹੇ।
ਇੱਕ ਟੀ ਵੀ ਚੈਨਲ ਨਾਲ ਗੱਲ ਕਰਦਿਆਂ ਵਿੱਤ ਮੰਤਰੀ ਜੇਤਲੀ ਨੇ ਸਮੇਂ ਤੋਂ ਪਹਿਲਾਂ ਚੋਣਾਂ ਦੇ ਸਵਾਲ 'ਤੇ ਕਿਹਾ ਕਿ ਅਸੀਂ ਵੀ ਤਿਆਰ ਹਾਂ, ਪਰ ਇਸ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ। ਦਰਅਸਲ ਮੋਦੀ ਸਰਕਾਰ ਦਾ ਕਾਰਜਕਾਲ 2019 'ਚ ਖ਼ਤਮ ਹੋ ਰਿਹਾ ਹੈ। ਪਿਛਲੇ ਦਿਨੀਂ ਬਜਟ ਸੈਸ਼ਨ 'ਚ ਰਾਸ਼ਟਰਪਤੀ ਦੇ ਭਾਸ਼ਣ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨੂੰ ਇੱਕੋ ਵੇਲੇ ਕਰਵਾਏ ਜਾਣ ਨੂੰ ਬਿਹਤਰ ਬਦਲ ਦੱਸਿਆ ਗਿਆ ਸੀ। ਮੋਦੀ ਵੀ ਸਦਨ ਵਿੱਚ ਦਿੱਤੇ ਗਏ ਆਪਣੇ ਭਾਸ਼ਣ 'ਚ ਕਾਂਗਰਸ ਖਿਲਾਫ਼ ਇੱਕ ਵਾਰ ਫਿਰ ਹਮਲਾਵਰ ਰੁਖ ਦਿਖਾ ਚੁੱਕੇ ਹਨ। ਇਸ ਹਾਲਾਤ ਵਿੱਚ ਸਿਆਸੀ ਮਾਹਰ ਵੀ ਇਸ ਗੱਲ ਦੀ ਸੰਭਾਵਨਾ ਜਤਾ ਰਹੇ ਹਨ ਕਿ ਹੈਰਾਨੀ ਵਾਲੀ ਰਾਜਨੀਤੀ ਲਈ ਜਾਣੇ ਜਾਂਦੇ ਮੋਦੀ ਸ਼ਾਇਦ ਅਜਿਹਾ ਕਦਮ ਵੀ ਉਠ ਲੈਣ। ਕਾਂਗਰਸ ਨੇ ਸਪੱਸ਼ਟ ਤੌਰ 'ਤੇ ਇਸ ਗੱਲ ਦੀ ਸ਼ੰਕਾ ਜਿਤਾਉਂਦਿਆਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਚੋਣਾਂ ਲਈ ਤਿਆਰ ਹੈ ਅਤੇ ਮੋਦੀ ਦਾ ਮੁਕਾਬਲਾ ਰਾਹੁਲ ਗਾਂਧੀ ਨਾਲ ਹੋਵੇਗਾ। ਹਾਲਾਂਕਿ ਜਦੋਂ ਜੇਤਲੀ ਤੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾ ਵੀ ਕਿਹਾ ਤਿਆਰ ਤਾਂ ਅਸੀਂ ਵੀ ਹਾਂ, ਪਰ ਅਜਿਹੀ ਕੋਈ ਸੰਭਾਵਨਾ ਮੈਨੂੰ ਨਜ਼ਰ ਨਹੀਂ ਆਉਂਦੀ।