ਚੱਕਰਵਾਤੀ ਤੂਫਾਨ ਨੇ ਮਚਾਇਆ ਕਹਿਰ


ਤਲਵੰਡੀ ਭਾਈ (ਬਹਦਾਰ ਸਿੰਘ ਭੁੱਲਰ)
ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੇਖਵਾਂ ਵਿਚ ਆਏ ਇੱਕ ਚੱਕਰਵਾਤੀ ਤੂਫਾਨ ਨੇ ਮਚਾਈ ਭਾਰੀ ਤਬਾਹੀ ਨਾਲ ਕਾਫੀ ਨੁਕਸਾਨ ਹੋ ਗਿਆ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਦੇ ਕਰੀਬ ਲੋਕਾਂ ਨੂੰ ਇੱਕ ਵਾਵਰੋਲਾ ਆÀੁਂਦਾ ਦਿਖਿਆ ਅਤੇ ਦੇਖਦੇ ਹੀ ਦੇਖਦੇ ਵਾਹਨ, ਛੱਤਾਂ 'ਤੇ ਪਾਏ ਟੀਨ ਹਵਾ ਵਿਚ ਉਡਦੇ ਨਜ਼ਰ ਆਉਣ ਲੱਗੇ। ਜਿੱਥੋਂ ਦੀ ਵੀ ਇਹ ਚੱਕਰਵਾਤੀ ਤੂਫਾਨ ਲੰਘਿਆ, ਉਥੇ ਹੀ ਤਬਾਹੀ ਮਚਾਉਂਦਾ ਗਿਆ। ਇਸ ਨੇ ਇੱਕ ਪੈਲੇਸ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਦੀਆਂ ਕੰਧਾਂ, ਛੱਤਾਂ 'ਤੇ ਪਾਈਆਂ ਟੀਨਾਂ ਢਹਿਢੇਰੀ ਕਰ ਦਿੱਤੀਆਂ। ਇਸ ਦੇ ਨਾਲ ਹੀ ਇੱਕ ਜੀਪ, ਟਰੈਕਟਰ-ਟਰਾਲੀ ਨੂੰ ਵੀ ਪਲਟਾ ਦਿੱਤਾ। ਇੱਕ ਘਰ ਦੀ ਛੱਤ 'ਤੇ ਪਈ ਟੈਂਕੀ ਨੂੰ ਵੀ ਥੱਲੇ ਸੁੱਟ ਦਿੱਤਾ ਅਤੇ ਹੋਰ ਵੀ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਨਾਲ-ਨਾਲ 5-6 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਵੀ ਸੂਚਨਾ ਮਿਲੀ ਹੈ। ਪੈਲੇਸ ਦੀ ਛੱਤ 'ਤੇ ਪਈਆਂ ਟੀਨਾਂ, ਘਰਾਂ ਦੇ ਗੇਟ, ਵਾਸ਼ਿੰਗ ਮਸ਼ੀਨ ਆਦਿ ਹਵਾ ਵਿਚ ਉੱਡ ਕੇ ਦੂਰ-ਦੁਰਾਡੇ ਜਾ ਡਿੱਗੀਆਂ। ਅੱਖੀਂ ਵੇਖਣ ਵਾਲਿਆਂ ਦੇ ਦੱਸਣ ਮੁਤਾਬਿਕ ਇਸ ਤਰ੍ਹਾਂ ਦਾ ਭਿਆਨਕ ਚੱਕਰਵਤੀ ਤੂਫਾਨ ਉਨ੍ਹਾਂ ਪਹਿਲਾਂ ਕਦੇ ਨਹੀਂ ਦੇਖਿਆ। ਇਸ ਚੱਕਰਵਤੀ ਤੂਫਾਨ ਦੌਰਾਨ ਸੇਖਂੋ ਰਿਜੋਰਟ, ਗੁਰੂ ਕ੍ਰਿਪਾ ਟਰੱਕ ਬਾਡੀ ਮੇਕਰ, ਸਤਿਗੁਰੂ ਮਕੈਨੀਕਲ ਵਰਕਸ, ਵੀਰ ਸਿੰਘ ਪੁੱਤਰ ਮਹਿੰਦਰ ਸਿੰਘ, ਗੁਰਮੇਲ ਸਿੰਘ ਮੇਲਾ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਦੇਰ ਰਾਤ ਤੋਂ ਲੈ ਕੇ ਦਿਨੇ 12 ਵਜੇ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਿਸ ਨਾਲ ਤਾਪਮਾਨ ਵਿੱਚ ਕੁਝ ਗਿਰਾਵਟ ਦਰਜ ਕੀਤੀ ਗਈ। ਇਹ ਮੀਂਹ ਹਾੜ੍ਹੀ ਦੀਆਂ ਫਸਲਾਂ ਅਤੇ ਖਾਸ ਤੌਰ 'ਤੇ ਕਣਕ ਦੀ ਫਸਲ ਲਈ ਕਾਫ਼ੀ ਲਾਹੇਵੰਦ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਸਾਰੀ ਰਾਤ ਗਰਜ ਅਤੇ ਚਮਕ ਨਾਲ ਮੀਂਹ ਪੈਂਦਾ ਰਿਹਾ। ਇਸ ਮੀਂਹ ਕਾਰਨ ਸਵੇਰੇ ਕੰਮਾਂਕਾਰਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਇਸ ਤਾਜ਼ਾ ਮੀਂਹ ਨੇ ਲੋਕਾਂ ਨੂੰ ਮੁੜ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਕਈ ਇਲਾਕਿਆਂ ਵਿੱਚ ਇਸੇ ਦੌਰਾਨ ਭਾਰੀ ਬਰਫ਼ਬਾਰੀ ਹੋਈ ਅਤੇ ਮੀਂਹ ਪਿਆ, ਜਿਸ ਨਾਲ ਠੰਢ ਨੇ ਮੁੜ ਜੋਰ ਫੜ ਲਿਆ ਹੈ। ਜੰਮੂ ਅਤੇ ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਰਾਜ ਮਾਰਗ ਨੂੰ ਬੰਦ ਕਰਨਾ ਪਿਆ। ਟਰੈਫਿਕ ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਰਫ਼ਬਾਰੀ ਦੇ ਰੁਕਣ ਤੋਂ ਬਾਅਦ ਹੀ ਰਾਜ ਮਾਰਗ ਤੋਂ ਬਰਫ਼ ਹਟਾਈ ਜਾਵੇਗੀ ਅਤੇ ਮਾਰਗ ਨੂੰ ਸਾਫ਼ ਕੀਤਾ ਜਾਵੇਗਾ। ਬਰਫ਼ ਕਾਰਨ ਜੰਮੂ ਦੇ ਕਈ ਇਲਾਕਿਆਂ 'ਚ ਬਰਫ਼ ਦੀ ਮੋਟੀ ਚਾਦਰ ਵਿਛ ਗਈ। ਮਹਾਰਾਸ਼ਟਰ ਦੇ ਜਾਲਨਾ ਇਲਾਕੇ ਵਿੱਚ ਗੜ੍ਹੇਮਾਰੀ ਕਾਰਨ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ। ਮੱਧ ਪ੍ਰਦੇਸ਼ ਦੇ ਸੀਹੋਰ, ਵਿਦਿਸ਼ਾ, ਹੁਸ਼ੰਗਾਬਾਦ, ਗੂਨਾ, ਹਰਦਾ, ਬੈਤੂਲ ਅਤੇ ਰਾਏਸੇਨ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਕਾਰਨ ਫਸਲਾਂ ਦਾ ਕਾਫ਼ੀ ਨੂਕਸਾਨ ਹੋਇਆ।
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਬਰਫ਼ਬਾਰੀ ਨਾਲ ਮੌਸਮ ਸੁਹਾਵਨਾ ਹੋ ਗਿਆ ਤੇ ਬਰਫ਼ਬਾਰੀ ਨਾਲ ਸੈਲਾਨੀਆਂ ਦੇ ਚਿਹਰੇ ਖਿੜ ਗਏ।